ਖੰਨਾ (ਪਰਮਜੀਤ ਸਿੰਘ ਧੀਮਾਨ) : ਦੁਨੀਆ ਭਰ ‘ਚ ਫੈਲੇ ਕੋਰੋਨਾ ਵਾਇਰਸ ਦੇ ਮੱਦੇਨਜਰ ਦੇਸ਼ ‘ਚ 21 ਦਿਨਾ ਦੇ ਲਾਕਡਾਊਨ (ਕਰਫਿਊ) ਦੇ 13ਵੇਂ ਦਿਨ ਵੀ ਖੰਨਾ ਸ਼ਹਿਰ, ਆਸ-ਪਾਸ ਦੇ ਇਲਾਕਿਆਂ ਅਤੇ ਪਿੰਡਾਂ ‘ਚ ਸੰਨਾਟਾ ਛਾਇਆ ਰਿਹਾ। ਇਸ ਦੌਰਾਨ ਜ਼ਰੂਰੀ ਵਸਤੂਆਂ ਦੀ ਸਪਲਾਈ ਕਰਨ ਵਾਲੇ ਵਾਹਨਾਂ ਦੀ ਸਪਲਾਈ ਨਿਰਵਿਘਨ ਜਾਰੀ ਰਹੀ। ਪੁਲਸ ਪ੍ਰਸ਼ਾਸ਼ਨ ਵੱਲੋਂ ਜ਼ਿਲਾਂ ਪੁਲਸ ਮੁਖੀ ਐਸ.ਐਸ.ਸੀ. ਹਰਪ੍ਰੀਤ ਸਿੰਘ ਦੀ ਅਗਵਾਈ ‘ਚ ਸਖਤੀ ਕਰਦੇ ਹੋਏ ਜਿੱਥੇ ਗੈਰ ਵਾਜਬ ਕਾਰਨ ਦੇ ਰੋਡ ‘ਤੇ ਆਉਣ ਵਾਲੇ 15 ਵਾਹਨਾਂ ਦੇ ਚਲਾਣ ਕੱਟੇ ਗਏ, ਉਥੇ ਹੀ 05 ਵਾਹਨਾਂ ਨੂੰ ਬੰਦ ਕੀਤਾ ਗਿਆ। ਦੂਜੇ ਪਾਸੇ ਪ੍ਰਸ਼ਾਸ਼ਨ ਵੱਲੋਂ ਘਰਾਂ ਤੋਂ ਬਾਹਰ ਨਿਕਲਣ ਵਾਲਿਆਂ ਖਿਲਾਫ਼ ਵੀ ਸਖਤੀ ਵਰਤੀ ਜਾ ਰਹੀ ਹੈ, ਜਿਸ ਤਹਿਤ ਸੀਨੀਅਰ ਪੁਲਸ ਅਧਿਕਾਰੀਆਂ ਦੀ ਅਗਵਾਈ ‘ਚ ਪੁਲਸ ਵੱਲੋਂ ਖੰਨਾ ਸ਼ਹਿਰ ਅਤੇ ਇਲਾਕਿਆਂ ‘ਚ ਲਗਾਤਾਰ ਪੈਟਰੋਲਿੰਗ ਕੀਤੀ ਜਾ ਰਹੀ ਹੈ, ਤਾਂ ਜੋ ਲਾਕਡਾਊਨ ਨੂੰ ਹੋਰ ਪ੍ਰਭਾਵੀ ਢੰਗ ਨਾਲ ਲਾਗੂ ਕੀਤਾ ਜਾ ਸਕੇ ਅਤੇ ਲੋਕ ਕੋਰੋਨਾ ਵਾਇਰਸ ਦੇ ਖਤਰੇ ਤੋਂ ਬਚੇ ਰਹਿਣ।
ਜ਼ਿਲਾਂ ਪੁਲਸ ਮੁਖੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਪ੍ਰਦੀਪ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ‘ਤੇ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸੇ ਤਰਾਂ ਹੀ ਪੁਲਸ ਜ਼ਿਲਾਂ ਖੰਨਾ ਅਧੀਨ ਸਮਰਾਲਾ ਅਤੇ ਖੰਨਾ ਵਿਖੇ ਓਪਨ ਜੇਲ੍ਹਾਂ ਬਣਾਏ ਜਾਣ ਬਾਰੇ ਵਿਚਾਰ ਕੀਤਾ ਜਾ ਰਿਹਾ ਹੈ, ਜਿੱਥੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਾਬੂ ਕਰਕੇ ਰੱਖਿਆ ਜਾਵੇਗਾ।
ਪਿੰਡਾਂ ‘ਚ ਨਹੀਂ ਹੈ ਕਰਫਿਊ ਦਾ ਕੋਈ ਡਰ, ਲੋਕ ਢਾਣੀਆਂ ਬਣਾ ਖੇਡਦੇ ਨੇ ਤਾਸ਼ਾਂ
ਕੋਰੋਨਾ ਵਾਇਰਸ ਕਾਰਨ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਦੇਸ਼ ਭਰ ਦੇ ਲੋਕਾਂ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿ ਉਹ ਆਪਣੇ ਘਰਾਂ ਦੇ ਅੰਦਰ ਹੀ ਰਹਿਣ। ਇੱਕ ਪਾਸੇ ਜਿਥੇ ਕਈ ਪਿੰਡਾਂ ਵਾਲਿਆਂ ਨੂੰ ਪਿੰੰਡ ਨੂੰ ਪੂਰੀ ਤਰਾਂ ਸੀਲ ਕੀਤਾ ਹੋਇਆ ਹੈ ਉਥੇ ਦੂਜੇ ਪਾਸੇ ਇੰਝ ਜਾਪਦਾ ਹੈ ਕਿ ਇਸ ਲਾਕ ਡਾਉੂਨ ਦਾ ਕਈ ਪਿੰਡਾਂ ਵਾਲਿਆਂ ‘ਤੇ ਕੋਈ ਅਸਰ ਨਹੀਂ ਹੈ, ਇਥੇ ਪਿੰਡਾਂ ਦੇ ਲੋਕ ਸਵੇਰੇ ਸ਼ਾਮ ਢਾਣੀਆਂ ਬਣਾ ਥਾਂ-ਥਾਂ ਇਕੱਠੇ ਹੋ ਕੇ ਤਾਸ਼ਾਂ ਖੇਡਦੇ ਹਨ, ਪੁਲਸ ਵੱਲੋਂ ਕਈ ਪਿੰਡਾਂ ਵਿਚ ਤਾਂ ਗੇੜਾ ਹੀ ਨਹੀਂ ਮਾਰਿਆ ਜਾਂਦਾ ਅਤੇ ਕਈ ਥਾਂ ਤਾਸ਼ ਦੇ ਖਿਡਾਰੀਆਂ ਦੇ ਠਹਾਕੇ ਗੁਆਂਢੀਆਂ ਨੂੰ ਪ੍ਰੇਸ਼ਾਨ ਕਰਦੇ ਹਨ, ਔਰਤਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਵਾਲਿਆਂ ਲਈ ਤਾਂ ਲਾਕ ਡਾਊਨ ਦਾ ਕੋਈ ਅਸਰ ਨਾ ਹੋਇਆ। ਆਮ ਵੇਖਣ ਵਿਚ ਆਇਆ ਹੈ ਕਿ ਪੁਲਸ ਨੂੰ ਵੇਖਦਿਆਂ ਹੀ ਲੋਕ ਤਿੱਤਰ ਹੋ ਜਾਂਦੇ ਹਨ ਨਹੀਂ ਥਾਂ ਥਾਂ ਢਾਹਣੀਆਂ ਬਣਾ ਬਣਾ ਕੇ ਖੜੇ ਰਹਿੰਦੇ ਹਨ।