ਰਾਸ਼ਟਰਪਤੀ ਟਰੰਪ ਦੇ ਨਿੱਜੀ ਨੌਕਰ ਨੂੰ ਕੋਰੋਨਾ ਹੋਣ ਉਪਰੰਤ ਵਾਈਟ ਹਾਊਸ ਦੀ ਚਿੰਤਾ ਵਧੀ, ਟਰੰਪ ਦੀ ਰਿਪੋਰਟ ਆਈ ਨੈਗੇਟਿਵ।

2400 ਹੋਰ ਅਮਰੀਕੀਆਂ ਦੀ ਮੌਤ,ਕੁਲ ਅੰਕੜਾ 77000 ਤੋਂ ਪਾਰ

ਮਰੀਜ਼ਾਂ ਦੀ ਗਿਣਤੀ 12,92,623 ਹੋਈ

ਰਾਸ਼ਟਰਪਤੀ ਡੌਨਲਡ ਟਰੰਪ ਵ੍ਹਾਈਟ ਹਾਉਸ ਦੇ ਓਵਲ ਦਫ਼ਤਰ ਵਿਚ ਕੋਰਨਾਵਾਇਰਸ ਬਾਰੇ ਇਕ ਬੈਠਕ ਦੌਰਾਨ ਟੈਕਸਾਸ ਦੇ ਗਵਰਨਰ ਗ੍ਰੇਗ ਐਬੋਟ ਨਾਲ ਵਿਚਾਰ ਵਟਾਂਦਰਾ ਕਰਦੇ ਹੋਏ।

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)—  ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਇਕ ਨਿੱਜੀ ਨੌਕਰ ਦੀ ਰਿਪੋਰਟ ਪੌਜ਼ੇਟਿਵ ਆਉਣ ਉਪਰੰਤ ਵਾਈਟ ਹਾਊਸ ਕੰਪਲੈਕਸ ਵਿਚ ਚਿੰਤਾ ਵਧ ਗਈ ਹੈ। ਇਹ ਨੌਕਰ ਰੋਟੇਸ਼ਨ ਵਿਚ ਵਾਈਟ ਹਾਊਸ ਕੰਪਲੈਕਸ ਵਿਚ ਆਪਣੀ ਡਿਊਟੀ ‘ਤੇ ਆਉਂਦਾ ਸੀ। ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ ਕੋਰੋਨਾਵਾਇਰਸ ਨਾਲ ਪੀੜਤ ਅਮਰੀਕੀਆਂ ਵਿਚੋਂ 2400 ਹੋਰ ਦਮ ਤੋੜ ਗਏ ਹਨ।

ਮ੍ਰਿਤਕਾਂ ਦੀ ਕੁਲ ਗਿਣਤੀ 77207 ਹੋ ਗਈ ਹੈ। 29440 ਨਵੇਂ ਮਰੀਜ਼ਾਂ ਨੂੰ ਹਸਪਤਾਲਾਂ ਵਿਚ ਦਾਖਲ ਕੀਤਾ ਗਿਆ ਹੈ ਜਿਨਾਂ ਨਾਲ ਮਰੀਜ਼ਾਂ ਦੀ ਗਿਣਤੀ ਵਧਕੇ 12,92,623 ਹੋ ਗਈ ਹੈ। ਹੁਣ ਤੱਕ 2,17,250 ਮਰੀਜ਼ ਠੀਕ ਹੋਏ ਹਨ।
ਰਾਸ਼ਟਰਪਤੀ ਦੇ ਨਿੱਜੀ ਨੌਕਰ ਨੂੰ ਕੋਰੋਨਾ–
ਅਮਰੀਕੀ ਫੌਜ ਦਾ ਇਕ ਮੈਂਬਰ ਜੋ ਵਾਈਟ ਹਾਊਸ ਕੈਂਪਸ ਵਿਚ ਕੰਮ ਕਰਦਾ ਸੀ ਤੇ ਰਾਸ਼ਟਰਪਤੀ ਟਰੰਪ ਦਾ ਨਿੱਜੀ ਨੌਕਰ ਸੀ, ਕੋਰੋਨਾਵਾਇਰਸ ਨਾਲ ਪੀੜਤ ਨਿਕਲਿਆ ਹੈ। ਇਹ ਪ੍ਰਗਟਾਵਾ ਵਾਈਟ ਹਾਊਸ ਦੇ ਇਕ ਅਧਿਕਾਰੀ ਨੇ ਕਰਦਿਆਂ ਕਿਹਾ ਹੈ ਕਿ ਖੁਦ ਰਾਸ਼ਟਰਪਤੀ ਦਾ ਟੈਸਟ ਨੈਗੇਟਿਵ ਆਇਆ ਹੈ। ਨੌਕਰ ਜੋ ਪੌਜ਼ੇਟਿਵ ਨਿਕਲਿਆ ਹੈ, ਉਸ ਟੀਮ ਦਾ ਮੈਂਬਰ ਹੈ ਜੋ ਰਾਸ਼ਟਰਪਤੀ ਟਰੰਪ ਲਈ ਹੋਰ ਸੇਵਾਵਾਂ ਤੋਂ ਇਲਾਵਾ ਦੁਪਹਿਰ ਦੇ ਖਾਣੇ ਦਾ ਪ੍ਰਬੰਧ ਕਰਦੀ ਹੈ। ਰਾਸ਼ਟਰਪਤੀ ਦੇ ਨੌਕਰ ਦੀ ਰਿਪੋਰਟ ਪੌਜ਼ੇਟਿਵ ਆਉਣ ਉਪਰੰਤ ਵਾਈਟ ਹਾਊਸ ਕੈਂਪਸ ਵਿਚ ਬੇਚੈਨੀ ਦਾ ਮਾਹੌਲ ਬਣ ਗਿਆ ਹੈ ਤੇ ਹਰ ਮੁਲਾਜ਼ਮ ਸ਼ੱਕ ਦੇ ਘੇਰੇ ਵਿਚ ਆ ਗਿਆ ਹੈ। ਰਾਸ਼ਟਰਪਤੀ ਦੇ ਆਸ ਪਾਸੇ ਰਹਿੰਦੇ ਵਿਅਕਤੀਆਂ ਦੇ ਟੈਸਟ ਕੀਤੇ ਜਾ ਰਹੇ ਹਨ ।
ਬੇਰੁਜ਼ਗਾਰਾਂ ਦੀ ਗਿਣਤੀ ਵਿਚ ਵਾਧਾ–
ਕੋਰੋਨਾਵਾਇਰਸ ਕਾਰਨ ਬੰਦ ਹੋਏ ਕਾਰੋਬਾਰਾਂ ਦੇ ਸਿੱਟੇ ਵਜੋਂ ਬੇਰੁਜ਼ਗਾਰਾਂ ਦੀ ਗਿਣਤੀ 3 ਕਰੋੜ ਤੋਂ ਟੱਪ ਗਈ ਹੈ। ਹੁਣ ਤੱਕ 3 ਕਰੋੜ 33 ਲੱਖ ਤੋਂ ਵਧ ਅਮਰੀਕੀ ਬੇਰੁਜ਼ਗਾਰੀ ਭੱਤੇ ਉਪਰ ਦਾਅਵਾ ਕਰ ਚੁੱਕੇ ਹਨ। ਹਾਲਾਂ ਕਿ ਕਈ ਰਾਜਾਂ ਨੇ ਕਾਰੋਬਾਰ ਖੋਲਣ ਲਈ ਪਾਬੰਦੀਆਂ ਵਿਚ ਢਿੱਲ ਦਿੱਤੀ ਹੈ ਪਰ ਦੇਸ਼ ਵਿਚ ਕੋਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ ਨਿਰੰਤਰ ਵਧ ਰਹੀ ਹੈ ਜਿਸ ਕਾਰਨ ਅਮਰੀਕੀ ਬੇਯਕੀਨੀ ਵਾਲੇ ਮਹੌਲ ਵਿਚ ਰਹਿ ਰਹੇ ਹਨ। ਉਨਾਂ ਲਈ ਸਥਿੱਤੀ ਬਹੁਤ ਖੌਫ਼ ਵਾਲੀ ਹੈ। ਉਨਾਂ ਵਾਸਤੇ ਜੀਵਨ ਤੇ ਰੁਜ਼ਗਾਰ ਵਿਚੋਂ ਇਕ ਦੀ ਚੋਣ ਕਰਨੀ ਬਹੁਤ ਕਠਿਨ ਕੰਮ ਹੈ।
ਮਾਸਕ ਪਹਿਨਣਾ ਹੋਇਆ ਜਰੂਰੀ-
ਕੈਲੀਫੋਰਨੀਆ ਵਿਚ ‘ਸਟੇਅ ਐਟ ਹੋਮ’ ਆਦੇਸ਼ਾਂ ਵਿਚ ਦਿੱਤੀ ਢਿੱਲ ਤੋਂ ਬਾਅਦ ਲੋਕਾਂ ਲਈ ਮਾਸਕ ਪਾਉਣਾ ਜਰੂਰੀ ਕਰ ਦਿੱਤਾ ਗਿਆ ਹੈ। ਕੋਈ ਵੀ ਗਾਹਕ ਮਾਸਕ ਤੋਂ ਬਿਨਾਂ ਸਟੋਰ ਵਿਚ ਦਾਖਲ ਨਹੀਂ ਹੋ ਸਕਦਾ ਤੇ ਸਟਾਫ਼ ਲਈ ਹਰ ਵੇਲੇ ਮਾਸਕ ਪਾਉਣਾ ਜਰੂਰੀ ਹੈ। ਕਈ ਗਾਹਕ ਆਪਣੀ ਟੀ ਸ਼ਰਟ ਨਾਲ ਮੂੰਹ ਤੇ ਨੱਕ ਢੱਕਦੇ ਵੇਖੇ ਗਏ। ਅਜਿਹੇ ਲੋਕਾਂ ਨੂੰ ਮਾਸਕ ਪਾ ਕੇ ਆਉਣ ਲਈ ਕਿਹਾ ਜਾ ਰਿਹਾ ਹੈ। ਗਵਰਨਰ ਗੇਵਨ ਨਿਓਜੋਮ ਨੇ ਕਿਹਾ ਹੈ ਕਿ ਨਵੇਂ ਦਿਸ਼ਾਂ -ਨਿਰਦੇਸ਼ਾਂ ਤਹਿ ਪ੍ਰਚੂਨ ਸਟੋਰਾਂ ਵਿਚ ਗਾਹਕਾਂ ਤੇ ਮੁਲਾਜ਼ਮਾਂ ਲਈ ਮਾਸਕ ਪਾਉਣਾ ਜਰੂਰੀ ਹੋਵੇਗਾ।

Share This :

Leave a Reply