ਪਟਿਆਲਾ (ਅਰਵਿੰਦਰ ਜੋਸ਼ਨ)ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ ਗਾਇਕ ਰਣਜੀਤ ਬਾਵਾ ਵੱਲੋਂ ਗਾਏ ‘ਮੇਰਾ ਕੀ ਕਸੂਰ’ ਗੀਤ ਜੋ ਅਤੇ ਗੀਤ ਦੇ ਲੇਖਕ ਅਤੇ ਗੀਤ ਦਾ ਸੰਗੀਤ ਦੇਣ ਵਾਲੇ ਡਾਇਰੈਕਟਰ ਦੇ ਖਿਲਾਫ਼, ਭਾਰਤੀ ਜਨਤਾ ਪਾਰਟੀ ਦੇ ਯੁਵਾ ਮੋਰਚਾ ਦੇ ਆਗੂ ਮਿਸਟਰ ਸਰੀਨ ਵੱਲੋਂ ਜੋ ਪਰਚਾ ਦਰਜ ਕਰਵਾਇਆ ਗਿਆ ਹੈ, ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਅਤੇ ਨਿਖੇਧੀ ਕਰਦੀ ਹੈ।
ਪ੍ਰੈਸ ਦੇ ਨਾਂਅ ਬਿਆਨ ਜਾਰੀ ਕਰਦਿਆਂ ਸੂਬਾ ਪ੍ਰਧਾਨ ਡਾ: ਦਰਸ਼ਨ ਪਾਲ, ਸੂਬਾ ਸੀਨੀਅਰ ਮੀਤ ਪ੍ਰਧਾਨ ਹਰਭਜਨ ਸਿੰਘ ਬੁੱਟਰ ਅਤੇ ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿੰਮਾਂ ਨੇ ਕਿਹਾ ਕ੍ਰਾਂਤੀਕਾਰੀ ਕਿਸਾਨ ਯੂਨੀਅਨ ਇਹ ਸਮਝਦੀ ਹੈ ਕਿ ਰਣਜੀਤ ਬਾਵਾ ਵੱਲੋਂ ਗਾਇਆ ਗਿਆ ਗੀਤ ਅਤੇ ਲੇਖਕ ਵੱਲੋਂ ਲਿਖੇ ਹੋਏ ਬੋਲ ਹਿੰਦੋਸਤਾਨ ਦੇ ਸਮਾਜ ਦੀ ਅਸਲੀ ਹਾਲਤ ਨੂੰ ਇੰਨ ਬਿੰਨ ਬਿਆਨ ਕਰਦੇ ਹਨ। ਗੀਤ ਦੇ ਰੂਪ ਵਿੱਚ ਉਸਦੇ ਬੋਲ ਜਿਥੇ ਅੱਜ ਦੇਸ਼ ਦੇ ਅੰਦਰ ਦੱਬੇ ਕੁਚਲੇ, ਲੁੱਟੇ ਪੁੱਟੇ ਜਾਂਦੇ ਲੋਕਾਂ, ਵਿਤਕਰੇ ਮਾਰੇ ਲੋਕਾਂ, ਹਾਸ਼ੀਏ ‘ਤੇ ਧੱਕੇ ਲੋਕਾਂ, ਕਿਸਾਨਾਂ, ਮਜ਼ਦੂਰਾਂ,ਦਲਿਤਾਂ ਅਤੇ ਘੱਟ ਗਿਣਤੀਆਂ ਦੇ ਲੋਕਾਂ ਦੀ ਸਮਾਜਿਕ-ਆਰਥਿਕ ਅਤੇ ਰਾਜਨੀਤਕ ਸੱਚਾਈ ਨੂੰ ਬਿਆਨ ਕਰਦਾ ਹੋਇਆ ਇਹ ਗੀਤ ਹੈ ਉਥੇ ਇਹ ਫਿਰਕੂ ਤਾਕਤਾਂ ਦੇ ਵੀ ਬਖ਼ੀਏ ਉਧੇੜ੍ਹਦਾ ਹੈ। ਅੱਜ ਫੇਰ ਇਹ ਰਾਜ ਸਤ੍ਹਾ ਅਤੇ ਫ਼ਿਰਕੂ ਤਾਕਤਾਂ ਵੱਲੋਂ ਮਿਲ ਕੇ ਸੱਚ ਦੀ ਆਵਾਜ਼ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
ਕ੍ਰਾਂਤੀਕਾਰੀ ਕਿਸਾਨ ਯੂਨੀਅਨ ਐਲਾਨ ਕਰਦੀ ਹੈ ਕਿ ਉਹ ਰਣਬੀਰ ਬਾਵਾ ਦੇ ਹੱਕ ਵਿੱਚ ਡਟ ਕੇ ਖੜ੍ਹੇਗੀ ਅਤੇ ਪੰਜਾਬ ਦੇ ਮਿਹਨਤਕਸ਼ ਲੋਕਾਂ ਨੂੰ ਸੱਦਾ ਦਿੰਦੀ ਹੈ ਕਿ ਆਉ ਆਪਣੀ ਸਭ ਦੀ ਆਵਾਜ਼ ਬਣੇ ਉਸ ਗਾਇਕ ਦੀ ਗਲਾ ਘੁੱਟਣ ਦੀਆਂ ਕੋਸ਼ਿਸ਼ਾਂ ਦੇ ਖਿਲਾਫ ਡੱਟ ਕੇ ਖੜ੍ਹੇ ਹੋਈਏ।