ਮੌਤ ਦੇ ਜਾਰੀ ਕੀਤੇ ਜਾਂਦੇ ਸਰਟੀਫਿਕੇਟਾਂ ਨੂੰ ਲੈ ਕੇ ਹੋਇਆ ਵੱਡਾ ਖੁਲਾਸਾ
ਬੀਚ ਖੋਲਣ ਦਰਮਿਆਨ ਲਾਈਆਂ ਪਾਬੰਦੀਆਂ ਵਿਰੁੱਧ ਪ੍ਰਦਰਸ਼ਨ
ਕੈਲੀਫੋਰਨੀਆ (ਹੁਸਨ ਲੜੋਆ ਬੰਗਾ)-ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਹੋ ਰਹੀਆਂ ਮੌਤਾਂ ਦਾ ਸਿਲਸਿਲਾ ਬੇ-ਰੋਕਟੋਕ ਜਾਰੀ ਹੈ। ਪਿਛਲੇ 24 ਘੰਟਿਆਂ ਦੌਰਾਨ ਤਕਰੀਬਨ 2000 ਮੌਤਾਂ ਹੋਣ ਨਾਲ ਮ੍ਰਿਤਕਾਂ ਦੀ ਗਿਣਤੀ 54265 ਹੋ ਗਈ ਹੈ ਜਦ ਕਿ ਕੋਰੋਨਾਵਾਇਰਸ ਨਾਲ ਪੀੜਤਾਂ ਦੀ ਗਿਣਤੀ 9,60,896 ਹੈ। 1,72,427 ਮਾਮਲੇ ਬੰਦ ਕਰ ਦਿੱਤੇ ਗਏ ਹਨ। ਇਨਾਂ ਵਿਚੋਂ 1,18,162 ਵਿਅਕਤੀ ਠੀਕ ਹੋਏ ਹਨ ਜਦ ਕਿ 54265 ਮੌਤ ਦੇ ਮੂੰਹ ਵਿਚ ਜਾ ਪਏ ਹਨ। ਇਸ ਤਰਾਂ ਮੌਤ ਦਰ 31% ਤੇ ਮਰੀਜ਼ਾਂ ਦੇ ਠੀਕ ਹੋਣ ਦੀ ਦਰ 99% ਹੈ। ਇਸ ਦਰਮਿਆਨ ਮੌਤਾਂ ਦੇ ਜਾਰੀ ਕੀਤੇ ਜਾ ਰਹੇ ਸਰਟੀਫੀਕੇਟਾਂ ਨੂੰ ਲੈ ਕੇ ਇਕ ਵੱਡਾ ਖੁਲਾਸਾ ਹੋਣ ਨਾਲ ਕੋਰੋਨਾਵਾਇਰਸ ਨਾਲ ਮਰਨ ਵਾਲਿਆਂ ਦੇ ਅੰਕੜੇ ਉਪਰ ਵੀ ਸਵਾਲੀਆ ਚਿਨ ਲੱਗ ਗਿਆ ਹੈ।
3 ਮੌਤਾਂ ਪਿਛੇ ਇਕ ਸਰਟੀਫਿਕੇਟ ਗਲਤ :
ਇਸ ਸਮੇ ਜਦ ਸਮੁੱਚਾ ਅਮਰੀਕਾ ਘਟ ਟੈਸਟਿੰਗ ਸਮਰੱਥਾ, ਲੈਬ ਰਿਪੋਰਟਾਂ ਵਿਚ ਦੇਰੀ ਤੇ ਅਯੋਗ ਰਿਪੋਰਟਿੰਗ ਮਾਪ ਦੰਡਾਂ ਦਰਮਿਆਨ ਕੋਰੋਨਾਵਾਇਰਸ ਨਾਲ ਹਰ ਰੋਜ ਹੋ ਰਹੀਆਂ ਹਜਾਰਾਂ ਮੌਤਾਂ ਨੂੰ ਰੋਕਣ ਲਈ ਲੜਾਈ ਲੜ ਰਿਹਾ ਹੈ ਤਾਂ ਮੌਤਾਂ ਸਬੰਧੀ ਜਾਰੀ ਕੀਤੇ ਜਾਂਦੇ ਸਰਟੀਫਿਕੇਟਾਂ ਸਬੰਧੀ ਨਵਾਂ ਖੁਲਾਸਾ ਹੋਣ ਨਾਲ ਸਮੁੱਚੀ ਵਿਵਸਥਾ ਸ਼ੱਕ ਦੇ ਘੇਰੇ ਵਿਚ ਆ ਗਈ ਹੈ। ਸਿਹਤ ਅੰਕੜਿਆਂ ਸਬੰਧੀ ਰਾਸ਼ਟਰੀ ਕੇਂਦਰ ਵਿਖੇ ਮੋਰਟੈਲਿਟੀ ਸਟੈਟਿਕਸ ਬਰਾਂਚ ਦੇ ਮੁਖੀ ਬੌਬ ਐਡਸਨ ਨੇ ਕਿਹਾ ਹੈ ਕਿ ਕੋਵਿਡ-19 ਤੋਂ ਪਹਿਲਾਂ ਰਾਸ਼ਟਰੀ ਪੱਧਰ’ਤੇ ਹੋਈਆਂ ਮੌਤਾਂ ਦੇ ਜਾਰੀ ਸਰਟੀਫਿਕੇਟ ਵਿਚੋਂ 66% ਗਲਤ ਹਨ। ਉਨਾਂ ਕਿਹਾ ਕਿ ਜਾਰੀ ਹਰੇਕ 3 ਸਰਟੀਫਿਕੇਟਾਂ ਵਿਚੋਂ 1 ਗਲਤ ਹੈ। ਉਨਾਂ ਕਿਹਾ ਕਿ ਠੀਕ ਅੰਕੜੇ ਨੂੰ ਲੈ ਕੇ ਮੈ ਹਮੇਸ਼ਾਂ ਫਿਕਰਮੰਦ ਰਿਹਾ ਹਾਂ। ਮੇਰਾ ਵਿਚਾਰ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਦੌਰਾਨ ਵੀ ਗਲਤ ਸਰਟੀਫਿਕੇਟ ਇਕ ਮੁੱਦਾ ਹੋ ਸਕਦਾ ਹੈ। ਇਸ ਸਬੰਧੀ ਹੈਰਿਸ ਕਾਊਂਟੀ ਟੈਕਸਾਸ ਜਿਸ ਵਿਚ ਹੋਸਟਨ ਵੀ ਸ਼ਾਮਿਲ ਹੈ, ਦੇ ਜਨਤਿਕ ਸਿਹਤ ਵਿਭਾਗ ਦੇ ਕਾਰਜਕਾਰੀ ਡਾਇਰੈਕਟਰ ਉਮੇਰ ਸ਼ਾਹ ਦਾ ਕਹਿਣਾ ਹੈ ਕਿ ਸਥਾਨਕ ਅਧਿਕਾਰੀਆਂ ਲਈ ਮੌਤ ਦੇ ਸਹੀ ਸਰਟੀਫਿਕੇਟ ਜਾਰੀ ਕਰਨਾ ਇਕ ਵੱਡਾ ਮਸਲਾ ਹੈ ਕਿਉਂਕਿ ਉਹ ਲੋਕ ਕੋਰੋਨਾਵਾਇਰਸ ਨੂੰ ਰੋਕਣ ਲਈ ਸਾਧਨਾਂ ਵਲ ਧਿਆਨ ਕੇਂਦਰਿਤ ਕਰ ਰਹੇ ਹਨ। ਮਾਹਿਰਾਂ ਦੀ ਘਾਟ ਤੋਂ ਇਲਾਵਾ ਮੈਡੀਕਲ ਐਗਜ਼ਾਮੀਨਰਜ਼ ਦੀ ਵੱਡੀ ਥੁੜ ਹੈ।
ਬੀਚ ਖੋਲਣ ਲਈ ਪ੍ਰਦਰਸ਼ਨ :
ਸੈਨ ਡਿਆਗੋ ਕਾਊਂਟੀ ਪੁਲਿਸ ਨੇ ਐਨਸਿਨੀਟਸ, ਕੈਲੀਫੋਰਨੀਆ ਵਿਚ ਸਿਹਤ ਵਿਭਾਗ ਦੇ ਹੁਕਮਾ ਦੀ ਉਲੰਘਣਾ ਕਰਨ ਦੇ ਦੋਸ਼ ‘ਚ 3 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀਆਂ ਕਾਊਂਟੀ ਵੱਲੋਂ ਬੀਚ ਉਪਰ ਲਾਈਆਂ ਪਾਬੰਦੀਆਂ ਹਟਾਉਣ ਦੀ ਯੋਜਨਾ ਦਾ ਐਲਾਨ ਕਰਨ ਤੇ ਅਨਸਿਨੀਟਸ ਸ਼ਹਿਰ ਵੱਲੋਂ ਬੀਚਾਂ ਖੋਲਣ ਦੇ ਸੰਕੇਤ ਦੇਣ ਦੇ ਕੁਝ ਘੰਟਿਆਂ ਬਾਅਦ ਹੋਈਆਂ। ਪ੍ਰਦਰਸ਼ਨਕਾਰੀਆਂ ਨੇ ਕਿਹਾ ਹੈ ਕਿ ਉਹ ਜਾਣਦੇ ਹਨ ਕਿ ਬੀਚਾਂ ਖੋਲੀਆਂ ਜਾ ਰਹੀਆਂ ਹਨ ਪਰ ਉਹ ਪੜਾਅਵਾਰ ਖੁਲ ਰਹੀਆਂ ਬੀਚਾਂ ਦੌਰਾਨ ਧੁੱਪ ਇਸ਼ਨਾਨ ਤੇ ਮੂੰਹ ਢੱਕ ਕੇ ਰੱਖਣ ਵਰਗੀਆਂ ਲਾਈਆਂ ਪਾਬੰਦੀਆਂ ਦੇ ਵਿਰੁੱਧ ਹਨ। ਪ੍ਰਦਰਸ਼ਨਕਾਰੀਆਂ ਵਿਚੋਂ ਇਕ ਕ੍ਰਿਸਟਾ ਐਨੇ ਕਰਟਿਸ ਨੇ ਕਿਹਾ ਕਿ ਉਹ ਭਵਿੱਖ ਵਿਚ ਵੀ ਅਜਿਹੇ ਪ੍ਰਦਰਸ਼ਨ ਕਰਨਗੇ।