
ਸੰਗਰੂਰ (ਮੀਡੀਆ ਬਿਊਰੋ) ਸਿੱਖਿਆ ਮੰਤਰੀ ਪੰਜਾਬ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਅਤੇ ਇਸ ਨਾਲ ਪ੍ਰਭਾਵਿਤ ਮਰੀਜ਼ਾਂ ਦੀ ਢੁੱਕਵੀਂ ਸਾਂਭ-ਸੰਭਾਲ ਕਰਨ ਲਈ ਸਿੱਖਿਆ ਵਿਭਾਗ ਵੱਲੋਂ ਸਾਰੇ ਸਰਕਾਰੀ ਸਕੂਲਾਂ ਨੂੰ ਏਕਾਂਤਵਾਸ ਕੇਂਦਰਾਂ ਵਜੋਂ ਵਰਤਣ ਦੇ ਨਾਲ-ਨਾਲ ਪੰਜਾਬ ਦੇ ਸਾਰੇ ਮੈਰੀਟੋਰੀਅਸ ਸਕੂਲਾਂ ਨੂੰ ਸਬੰਧਤ ਡਿਪਟੀ ਕਮਿਸ਼ਨਰਾਂ ਦੇ ਹਵਾਲੇ ਕਰ ਦਿੱਤਾ ਗਿਆ ਹੈ ਤਾਂ ਜੋ ਇਨਾਂ ਵਿੱਚ ਕੋਵਿਡ ਆਇਸੋਲੇਸ਼ਨ ਸੈਂਟਰ ਬਣਾਏ ਜਾ ਸਕਣ|

ਮੈਰੀਟੋਰੀਅਸ ਸਕੂਲ ਘਾਬਦਾਂ (ਸੰਗਰੂਰ) ਵਿਖੇ ਬਣਾਏ ਜਾ ਰਹੇ ਕੋਵਿਡ ਕੇਅਰ ਆਇਸੋਲੇਸ਼ਨ ਸੈਂਟਰ ਦਾ ਦੌਰਾ ਕਰਨ ਮੌਕੇ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਦੱਸਿਆ ਕਿ ਪੰਜਾਬ ਵਿੱਚ 10 ਰਿਹਾਇਸ਼ੀ ਸਕੂਲ ਮੌਜੂਦ ਹਨ ਅਤੇ ਇਨਾਂ ਸਕੂਲਾਂ ਦੇ ਹੋਸਟਲਾਂ ਵਿੱਚ 8346 ਬਿਸਤਰੇ ਉਪਲਬਧ ਹਨ ਜੋ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਰੀਜ਼ਾਂ ਦੀ ਸਾਂਭ-ਸੰਭਾਲ ਲਈ ਵਰਤੇ ਜਾਣਗੇ| ਉਨਾਂ ਕਿਹਾ ਕਿ ਇਸਦੇ ਨਾਲ ਹੀ ਇਨਾਂ ਸਕੂਲਾਂ ਵਿੱਚ ਲਗਭਗ 200 ਕਲਾਸਰੂਮ ਵੀ ਮੌਜੂਦ ਹਨ ਜਿਨਾਂ ਨੂੰ ਮੈਡੀਕਲ ਸਟਾਫ ਵੱਲੋਂ ਹੋਰਨਾਂ ਲੋੜਾਂ ਲਈ ਵਰਤਿਆ ਜਾ ਸਕਦਾ ਹੈ|




















