ਪਟਿਆਲਾ (ਅਰਵਿੰਦਰ ਜੋਸ਼ਨ) ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕਰੋਨਾ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਨੂੰ ਸਫਲ ਬਣਾਉਣ ਲਈ ਅੱਜ ਪਟਿਆਲਾ ਪੁਲਿਸ ਵੱਲੋਂ ਸ਼ਹਿਰ ਵਾਸੀਆਂ ਨੂੰ ਕਰੋਨਾ ਖ਼ਿਲਾਫ਼ ਜਾਗਰੂਕ ਕਰਨ ਲਈ ਸਾਈਕਲ ਰੈਲੀ ਕੱਢੀ ਗਈ। ਜਿਸ ਵਿੱਚ ਪਟਿਆਲਾ ਪੁਲਿਸ ਦੇ ਐਸ.ਐਸ.ਪੀ. ਰੈਕ ਤੋਂ ਲੈਕੇ ਕਾਂਸਟੇਬਲ ਰੈਂਕ ਦੇ ਕਰੀਬ 125 ਕਰਮਚਾਰੀਆਂ ਵੱਲੋਂ ਸਾਈਕਲ ਰੈਲੀ ਦਾ ਹਿੱਸਾ ਬਣਕੇ ਕਰੋਨਾ ਖ਼ਿਲਾਫ਼ ਜੰਗ ਵਿੱਚ ਆਪਣਾ ਯੋਗਦਾਨ ਪਾਉਣ ਦਾ ਅਹਿਦ ਲਿਆ ਗਿਆ।
ਇਸ ਮੌਕੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬੀਤੇ ਦਿਨੀਂ ਕਰੋਨਾ ਖ਼ਿਲਾਫ਼ ਜੰਗ ਲਈ ਮਿਸ਼ਨ ਫ਼ਤਿਹ ਦੀ ਸ਼ੁਰੂਆਤ ਕੀਤੀ ਗਈ ਹੈ ਜਿਸ ਦਾ ਮੁੱਖ ਮਕਸਦ ਆਮ ਲੋਕਾਂ ਨੂੰ ਕਰੋਨਾ ਤੋਂ ਬਚਾਅ ਲਈ ਜਾਗਰੂਕ ਕਰਨਾ ਹੈ ਅਤੇ ਅੱਜ ਦੀ ਪਟਿਆਲਾ ਪੁਲਿਸ ਦੀ ਸਾਈਕਲ ਰੈਲੀ ਅੰਤਰਰਾਸ਼ਟਰੀ ਸਾਈਕਲ ਦਿਵਸ ਮੌਕੇ ਪਟਿਆਲਾ ਵਾਸੀਆਂ ਨੂੰ ਕਰੋਨਾ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਜਾਗਰੂਕ ਕਰਨ ਦੇ ਮਕਸਦ ਨਾਲ ਕੱਢੀ ਗਈ ਹੈ। ਉਨ੍ਹਾਂ ਦੱਸਿਆ ਕਿ ਹਰੇਕ ਸਾਈਕਲ ਸਵਾਰ ਦੇ ਸਾਈਕਲ ‘ਤੇ ਕਰੋਨਾ ਤੋਂ ਬਚਾਅ ਲਈ ਵਰਤੀਆਂ ਜਾਣ ਵਾਲੀਆਂ ਸਾਵਧਾਨੀਆਂ ਸਬੰਧੀ ਲਿਖਿਆ ਗਿਆ ਹੈ ਜਿਸ ਵਿੱਚ ਵਾਰ-ਵਾਰ ਹੱਥ ਧੋਣ, ਸਮਾਜਿਕ ਦੂਰੀ, ਮਾਸਕ ਪਾਉਣਾ ਅਤੇ ਸਰਵਜਨਕ ਸਥਾਨਾਂ ‘ਤੇ ਥੁੱਕਣ ਤੋਂ ਪ੍ਰਹੇਜ਼ ਕਰਨ ਦਾ ਸੁਨੇਹਾ ਦਿੱਤਾ ਗਿਆ ਹੈ।
ਸ. ਸਿੱਧੂ ਨੇ ਕਿਹਾ ਪਿਛਲੇ ਤਿੰਨ ਮਹੀਨੇ ਤੋਂ ਪਟਿਆਲਾ ਪੁਲਿਸ 24 ਘੰਟੇ ਪਟਿਆਲਾ ਵਾਸੀਆਂ ਦੀ ਸੁਰੱਖਿਆ ਵਿੱਚ ਲੱਗੀ ਹੋਈ ਹੈ ਤਾਂ ਜੋ ਜ਼ਿਲ੍ਹੇ ਦੇ ਲੋਕਾਂ ਨੂੰ ਕਰੋਨਾ ਵਾਇਰਸ ਵਰਗੀ ਮਹਾਂਮਾਰੀ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜ਼ਿਲ੍ਹਾ ਪ੍ਰਸ਼ਾਸਨ, ਸਿਹਤ ਵਿਭਾਗ, ਨਗਰ ਨਿਗਮ, ਸਫ਼ਾਈ ਕਰਮਚਾਰੀ ਸਾਰੇ ਹੀ ਇਸ ਮਹਾਂਮਾਰੀ ਸਮੇਂ ਲੋਕਾਂ ਦੀ ਸੁਰੱਖਿਆ ਲਈ ਤਨਦੇਹੀ ਨਾਲ ਡਿਊਟੀ ਨਿਭਾਅ ਰਹੇ ਹਨ। ਸ. ਸਿੱਧੂ ਨੇ ਕਿਹਾ ਕਿ ਭਾਵੇਂ ਲਾਕਡਾਊਨ ਖਤਮ ਹੋ ਚੁੱਕਾ ਹੈ ਪਰ ਕਰੋਨਾ ਦਾ ਖਤਰਾ ਹਾਲੇ ਵੀ ਮੌਜੂਦ ਹੈ ਅਤੇ ਇਸ ‘ਤੇ ਕਾਬੂ ਪਾਉਣ ਲਈ ਸਾਨੂੰ ਸਾਰਿਆ ਨੂੰ ਸਾਂਝੇ ਤੌਰ ‘ਤੇ ਕਰੋਨਾ ਖ਼ਿਲਾਫ਼ ਜੰਗ ਲੜਨੀ ਪਵੇਗੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸ਼ੁਰੂ ਕੀਤੇ ਮਿਸ਼ਨ ਫ਼ਤਿਹ ਨੂੰ ਕਾਮਯਾਬ ਬਣਾਉਣ ਲਈ ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਹਦਾਇਤਾਂ ਦੀ ਪਾਲਣਾ ਕਰਨੀ ਹੋਵੇਗੀ।
ਐਸ.ਐਸ.ਪੀ. ਨੇ ਦੱਸਿਆ ਕਿ ਅੱਜ ਮਿਸ਼ਨ ਫ਼ਤਿਹ ਤਹਿਤ ਕਰਵਾਈ ਗਈ ਸਾਈਕਲ ਰੈਲੀ ਪੁਲਿਸ ਲਾਈਨ ਪਟਿਆਲਾ ਤੋਂ ਸ਼ੁਰੂ ਹੋਕੇ ਗੁਰੂਦੁਆਰਾ ਸ੍ਰੀ ਦੁੱਖ ਨਿਵਾਰਨ ਸਾਹਿਬ, ਖੰਡਾ ਚੌਂਕ, ਬੱਸ ਸਟੈਂਡ, ਕੈਪੀਟਲ ਸਿਨਮੇ ਤੋਂ ਹੁੰਦੀ ਹੋਈ ਮਾਲ ਰੋਡ ਰਾਹੀਂ ਸ੍ਰੀ ਕਾਲੀ ਮਾਤਾ ਮੰਦਰ, ਸੇਰਾਂ ਵਾਲਾ ਗੇਟ, ਧਰਮਪੁਰਾ ਬਾਜ਼ਾਰ, ਅਨਾਰਦਾਣਾ ਚੌਂਕ, ਏ.ਟੈਕ, ਕੋਤਵਾਲੀ, ਕਿਲ੍ਹਾ ਮੁਬਾਰਕ ਦੇ ਸਾਹਮਣੇ ਤੋਂ ਲੰਘਦੀ ਹੋਈ ਸ਼ਾਹੀ ਸਮਾਧਾਂ, ਗੁੜ ਮੰਡੀ, ਐਨ.ਆਈ.ਐਸ. ਚੌਂਕ, ਗੁਰੂਦੁਆਰਾ ਸ੍ਰੀ ਮੋਤੀ ਬਾਗ਼ ਸਾਹਿਬ, ਵਾਈ.ਪੀ.ਐਸ. ਚੌਂਕ, ਠੀਕਰੀਵਾਲਾ ਚੌਂਕ, ਫੁਹਾਰਾ ਚੌਂਕ, ਲੀਲ੍ਹਾ ਭਵਨ, 22 ਨੰਬਰ ਫਾਟਕ ਰੇਲਵੇ ਓਵਰ ਬਰਿਜ਼ ਤੋਂ ਹੁੰਦੀ ਹੋਈ ਭੁਪਿੰਦਰਾ ਰੋਡ, ਥਾਪਰ ਯੂਨੀਵਰਸਿਟੀ ਚੌਂਕ, ਮਿੰਨੀ ਸਕੱਤਰੇਤ ਰੋਡ ਤੋਂ ਲੰਘਦੀ ਹੋਈ ਕਰੀਬ 14 ਕਿਲੋਮੀਟਰ ਦਾ ਸਫਰ ਤਹਿ ਕਰਕੇ ਪੁਲਿਸ ਲਾਈਨ ਦੀ ਜੀ.ਓ. ਮੈਸ ਵਿਖੇ ਆਕੇ ਸਮਾਪਤ ਹੋਈ ਹੈ।
ਸਾਈਕਲ ਰੈਲੀ ‘ਚ ਐਸ.ਪੀ. ਸਿਟੀ ਵਰੁਣ ਸ਼ਰਮਾ, ਐਸ.ਸੀ. ਹੈਡਕੁਆਟਰ ਨਵਨੀਤ ਸਿੰਘ ਬੈਂਸ, ਐਸ.ਪੀ. ਟਰੈਫ਼ਿਕ ਪਲਵਿੰਦਰ ਸਿੰਘ ਚੀਮਾ, ਐਸ.ਪੀ. ਇੰਨਵੈਸਟੀਗੇਸ਼ਨ ਹਰਮੀਤ ਸਿੰਘ ਹੁੰਦਲ, ਡੀ.ਐਸ.ਪੀ. ਸੌਰਭ ਜਿੰਦਲ, ਡੀ.ਐਸ.ਪੀ. ਯੋਗੇਸ਼ ਸ਼ਰਮਾ, ਡੀ.ਐਸ.ਸੀ. ਦਿਹਾਤੀ ਅਜੈਪਾਲ ਸਿੰਘ, ਡੀ.ਐਸ.ਪੀ. ਹਰਵੰਤ ਕੌਰ, ਡੀ.ਐਸ.ਪੀ. ਰਾਜਪੁਰਾ ਅਕਾਸ਼ਦੀਪ ਸਿੰਘ ਔਲਖ, ਡੀ.ਐਸ.ਪੀ. ਪੁਨੀਤ ਸਿੰਘ ਚਾਹਲ, ਡੀ.ਐਸ.ਪੀ. ਕ੍ਰਿਸ਼ਨ ਕੁਮਾਰ ਪੈਂਥੇ, ਡੀ.ਐਸ.ਪੀ. ਡੀ.ਐਸ.ਪੀ. ਪ੍ਰਿਥਵੀ ਸਿੰਘ ਚਾਹਲ ਸਮੇਤੀ ਸਮੂਹ ਐਸ.ਐਚ.ਓ., ਚੌਕੀ ਇੰਚਾਰਜ ਸਮੇਤ ਵੱਡੀ ਗਿਣਤੀ ਪੁਲਿਸ ਮੁਲਾਜ਼ਮਾਂ ਨੇ ਹਿੱਸਾ ਲਿਆ।