ਮਾਲੀਏ ਵਿਚਲਾ 1800 ਕਰੋੜ ਦੇ ਘਾਟੇ ਲਈ ਮੁੱਖ ਮੰਤਰੀ ਜਿੰਮੇਵਾਰ : ਸਰਬਜੀਤ ਸਿੰਘ ਕੰਗ

ਗੱਲਬਾਤ ਕਰਦੇ ਹੋਏ ਇੰਜ. ਮਨਵਿੰਦਰ ਸਿੰਘ ਗਿਆਸਪੁਰਾ, ਸਰਬਜੀਤ ਸਿੰਘ ਕੰਗ ਤੇ ਹੋਰ। ਫੋਟੋ : ਧੀਮਾਨ

ਕਾਂਗਰਸੀਆਂ ਦੀਆਂ ਸ਼ਰਾਬ ਦੀਆਂ ਫੈਕਟਰੀਆਂ, ਅਕਾਲੀ ਕਰਦੇ ਨੇ ਕੱਚਾ ਮਾਲ ਸਪਲਾਈ, ਪੁਲਸ ਰਾਹੀਂ ਵੇਚੀ ਜਾਂਦੀ ਹੈ ਤਿਆਰ ਕਰਕੇ, ਇਹ ਹੈ ਸ਼ਰਾਬ ਮਾਫ਼ੀਏ ਦਾ ਗੱਠਜੋੜ : ਇੰਜੀ ਗਿਆਸਪੁਰਾ

ਖੰਨਾ (ਪਰਮਜੀਤ ਸਿੰਘ ਧੀਮਾਨ) : ਲੋਕ ਇਨਸਾਫ ਪਾਰਟੀ ਲੰਬੇ ਸਮੇਂ ਤੋਂ ਸ਼ਰਾਬ ਮਾਫੀਏ ਬਾਰੇ ਕਹਿੰਦੀ ਆਈ ਹੈ, ਪਰ ਬਿੱਲੀ ਥੈਲਿਓ ਉਦੋਂ ਬਾਹਰ ਆ ਗਈ ਜਦੋਂ ਪੰਜਾਬ ਦੇ ਚੀਫ ਸੈਕਟਰੀ ਕਰਨ ਅਵਤਾਰ ਸਿੰਘ ਅਤੇ ਸੂਬੇ ਕੈਬਨਿਟ ਮੰਤਰੀਆਂ ਦਰਮਿਆਨ ਸ਼ਰਾਬ ਦੀ ਲੁੱਟ ਦੇ ਕਰੋੜਾਂ ਰੁਪਇਆ ਦੀ ਆਪਸੀ ਵੰਡ ਦਾ ਰੌਲਾ ਪੈ ਗਿਆ, ਇਨਾਂ ਦੇ ਰੌਲੇ ਰੱਖੇ ਵਿਚ ਇਹ ਵੀ ਸਾਹਮਣੇ ਆ ਗਿਆ ਕਿ ਇਨਾਂ ਦੀਆਂ ਹੀ ਨਕਲੀ ਸ਼ਰਾਬ ਫੈਕਟਰੀਆਂ ਵੀ ਹਨ, ਜਿੱਥੇ ਇਹ ਆਗੂ 30 ਰੁਪੈ ਦੀ ਨਕਲੀ ਸ਼ਰਾਬ ਦੀ ਬੋਤਲ ਤਿਆਰ ਕਰਕੇ 800 ਵਿਚ ਵੇਚਕੇ ਲੋਕਾਂ ਨੂੰ ਮੌਤ ਤਾਂ ਪਰੋਸਦੇ ਹੀ ਹਨ ਅਤੇ ਇਸ ਦੇ ਨਾਲ-ਨਾਲ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ ਚੱਟ ਵੀ ਕਰ ਰਹੇ ਹਨ।

ਜਿਸ ਨਾਲ ਪੰਜਾਬ ਦੇ ਸਰਕਾਰੀ ਖਜ਼ਾਨੇ ਨੂੰ 1800 ਕਰੋੜ ਰੁਪਏ ਦੇ ਮਾਲੀਏ ਦਾ ਘਾਟਾ ਪਿਆ ਹੈ। ਇਹ ਪ੍ਰਗਟਾਵਾ ਅੱਜ ਇੱਥੇ ਪ੍ਰੈਸ ਕਾਨਫਰੰਸ ਦੌਰਾਨ ਲੋਕ ਇਨਸਾਫ਼ ਪਾਰਟੀ ਦੇ ਲੋਕ ਸਭਾ ਹਲਕਾ ਸ਼੍ਰੀ ਫਤਿਹਗੜ ਸਾਹਿਬ ਦੇ ਇੰਚਾਰਜ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਹਲਕਾ ਖੰਨਾ ਇੰਚਾਰਜ ਸਰਬਜੀਤ ਸਿੰਘ ਕੰਗ ਨੇ ਗੱਲਬਾਤ ਕਰਦਿਆਂ ਕੀਤਾ। ਉਨਾਂ ਦੱਸਿਆ ਕਿ ਮੁੱਖ ਮੰਤਰੀ ਦੇ ਜੱਦੀ ਜ਼ਿਲਾ ਪਟਿਆਲਾ ਦੇ ਸ਼ੰਭੂ ਇਲਾਕੇ ਵਿਚ ਜਿਹੜੀ ਸ਼ਰਾਬ ਫੈਕਟਰੀ ਫੜੀ ਗਈ ਸੀ, ਉਹ ਵੀ ਕਾਂਗਰਸੀ ਸਰਪੰਚ ਅਮਰੀਕ ਸਿੰਘ ਖਾਨਪੁਰ ਵਲੋਂ ਚਲਾਈ ਜਾ ਰਹੀ ਸੀ, ਜਿਥੇ ਰੋਜ਼ਾਨਾ ਹਜ਼ਾਰਾਂ ਬੋਤਲਾਂ ਨਕਲੀ ਸ਼ਰਾਬ ਦੀਆਂ ਪੈਕ ਹੁੰਦੀਆਂ ਸਨ ਅਤੇ ਇਸ ਸ਼ਰਾਬ ਨੂੰ ਕਾਂਗਰਸ ਪਾਰਟੀ ਦੇ ਵੱਡੇ ਆਗੂਆਂ ਦੀ ਸ਼ਹਿ ‘ਤੇ ਖੁਲੇ ਬਜ਼ਾਰ ਵਿਚ ਵੇਚਿਆ ਜਾਂਦਾ ਸੀ। ਉਨਾਂ ਦੋਸ਼ ਲਾਇਆ ਕਿ ਇਨਾਂ ਕਾਂਗਰਸੀਆਂ ਲਈ ਕੱਚੇ ਮਾਲ ਦਾ ਪ੍ਰਬੰਧ ਅਕਾਲੀ-ਭਾਜਪਾ ਗੱਠਜੋੜ ਦੇ ਆਗੂ ਦਰਸ਼ਨ ਸਿੰਘ ਪੱਥਰੀ ਹੋਣੀ ਕਰਦੇ ਸਨ । ਸਬੂਤ ਦੇ ਤੌਰ ‘ਤੇ ਕੱਚਾ ਮਾਲ ਇਥਾਂਨੌਲ ਨਿਊਟਰਲ ਅਲਕੋਹਲ 4000 ਲੀਟਰ ਉਸੇ ਦਰਸ਼ਨ ਸਿੰਘ ਪੱਥਰੀ ਦੇ ਟਿਊਬਵੈਲ-ਕਮ-ਸਟੋਰ ਤੋਂ ਫੜਿਆ ਗਿਆ । ਜਿਸ ਤੋਂ ਸਾਬਤ ਹੁੰਦਾ ਹੈ ਕਿ ਅਕਾਲੀ ਕਾਂਗਰਸੀ ਦੋਵੇਂ ਰਲ ਮਿਲਕੇ ਪੰਜਾਬ ਨੂੰ ਕੰਗਾਲ ਅਤੇ ਨੌਜੁਆਨੀ ਨੂੰ ਬਰਬਾਦ ਕਰਨ ‘ਤੇ ਲੱਗੇ ਹੋਏ ਹਨ। ਇਹ ਦੋਵੇਂ ਪੰਜਾਬ ਦੇ ਖਜ਼ਾਨੇ ਨੂੰ ਸਿਉਂਕ ਵਾਂਗ ਚੱਟ ਕਰਦੇ ਹੋਏ ਲੋਕਾਂ ਵਿਚ ਜ਼ਹਿਰ ਪਰੋਸ ਰਹੇ ਹਨ ।
ਉਨਾਂ ਦੱਸਿਆ ਕਿ ਖੰਨਾ ਲਾਗਲੇ ਪਿੰਡ ਬਾਹੋਮਾਜਰਾ ‘ਚ ਫੜੀ ਸ਼ਰਾਬ ਫੈਕਟਰੀ ਵਿਚ ਵੀ ਕਾਂਗਰਸੀ ਆਗੂਆਂ ਦੀ ਹੀ ਸ਼ਮੂਲੀਅਤ ਸਾਹਮਣੇ ਆ ਰਹੀ ਹੈ । ਪੁਲਸ ਵਲੋਂ ਕਾਂਗਰਸੀ ਆਗੂ ਕੁਲਵਿੰਦਰ ਸਿੰਘ ਉਰਫ਼ ਕਾਲਾ ਕੱਦੋਂ ਜਿਸਦੇ ਕੋਟਲੀ ਪਰਿਵਾਰ, ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਅਤੇ ਪੁਲਸ ਅਧਿਕਾਰੀਆਂ ਨਾਲ ਸਬੰਧ ਜੱਗ ਜ਼ਾਹਰ ਹਨ। ਉਨਾਂ ਕਿਹਾ ਕਿ ਜੇਕਰ ਇਨਾਂ ਆਗੂਆਂ ਨਾਲ ਉਕਤ ਕਾਲਾ ਦੇ ਸਬੰਧ ਨਹੀਂ ਹਨ ਤਾਂ ਇਹ ਜਨਤਕ ਰੂਪ ਵਿਚ ਸਾਹਮਣੇ ਆ ਕੇ ਆਪਣੇ ਸਬੰਧਾਂ ਬਾਰੇ ਖੁਲਾਸਾ ਕਰਨ । ਉਨਾਂ ਪੁਲਸ ਜ਼ਿਲਾ ਖੰਨਾ ਦੇ ਐਸ. ਐਸ. ਪੀ. ਹਰਪ੍ਰੀਤ ਸਿੰਘ ਦੇ ਇਸ ਦਲੇਰੀ ਭਰੇ ਕਾਰਨਾਮੇ ਦੀ ਤਾਰੀਫ਼ ਕਰਦਿਆਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜ਼ਾਅਲੀ ਸ਼ਰਾਬ ਫੈਕਟਰੀ ਮਾਮਲੇ ਵਿਚ ਐਸ. ਐਸ. ਪੀ. ਖੰਨਾ ਨੂੰ ਬਿਨਾਂ ਕਿਸੇ ਦਬਾਅ ਤੋਂ ਕੰਮ ਕਰਨ ਦਿੱਤਾ ਜਾਵੇ ਤਾਂ ਜੋ ਵੱਡੇ-ਵੱਡੇ ਮਗਰਮੱਛ ਸਾਹਮਣੇ ਆ ਸਕਣ।ਉਨਾਂ ਕਿਹਾ ਕਿ ਇਨਾਂ ਚੰਮ ਜੂੰਆਂ ਨੂੰ ਮਾਰਨ ਦਾ ਕੋਈ ਫਾਇਦਾ ਨਹੀਂ ਜੇਕਰ ਝੋਟੇ ਨੂੰ ਮਾਰ ਦਿੰਦੇ ਤਾਂ ਚੰਮ ਜੂੰਆਂ ਆਪੇ ਮਰ ਜਾਣੀਆਂ ਸਨ । ਉਨਾਂ ਅੱਗੇ ਕਿਹਾ ਕਿ 1800 ਕਰੋੜ ਮਾਲੀਏ ਦੇ ਘਾਟੇ ਦਾ ਇਕ ਹੋਰ ਕਾਰਨ ਕਰਫ਼ਿਊ ਦੌਰਾਨ ਠੇਕਿਆਂ ‘ਤੇ ਵਿਕਦੀ ਸ਼ਰਾਬ ਵੀ ਹੈ ।ਉਨਾਂ ਦੱਸਿਆ ਕਿ ਸਾਡੇ ਕੋਲ ਵੀਡੀਓ ਸਬੂਤ ਹਨ, ਜਿਹੜੇ ਮੁੱਖ ਮੰਤਰੀ ਪੰਜਾਬ ਨੂੰ ਭੇਜ ਚੁੱਕੇ ਹਾਂ ਕਿ ਇਕ ਸ਼ਰਾਬ ਦਾ ਠੇਕਾ ਡੀ. ਐਸ. ਪੀ. ਪਾਇਲ ਦੇ ਦਫਤਰ ਦੇ ਬਿਲਕੁੱਲ ਸਾਹਮਣੇ ਹੈ, ਅਜਿਹੇ ਕਿਹੜੇ ਕਾਰਨ ਹਨ ਕਿ ਉਕਤ ਠੇਕੇ ‘ਤੇ ਕਰਫਿਊ ਦੌਰਾਨ ਵੀ ਧੜੱਲੇ ਨਾਲ ਸ਼ਰਾਬ ਵੇਚੀ ਜਾ ਰਹੀ ਸੀ। ਪਾਇਲ ਦੇ ਹਰ ਪਿੰਡ ਵਿਚ ਧੜੱਲੇ ਨਾਲ ਵਿਕਦੀ ਨਜਾਇਜ਼ ਸ਼ਰਾਬ ਬਾਰੇ ਵੀ ਮੁੱਖ ਮੰਤਰੀ ਪੰਜਾਬ ਨੂੰ ਲਿਖਿਆ ਜਾ ਚੁੱਕਾ ਹੈ ।ਉਨਾਂ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਜਿਹੜੇ ਅਫਸਰ ਆਪਣੇ ਘਰੇਲੂ ਸਟੇਸ਼ਨਾਂ ‘ਤੇ ਲੱਗੇ ਹੋਏ ਹਨ, ਆਪਣੀਆਂ ਰਿਸ਼ਤੇਦਾਰੀਆਂ ਪਾਲ ਰਹੇ ਹਨ, ਇਸ ਲਈ ਉਨਾਂ ਨੂੰ ਘਰੇਲੂ ਸਟੇਸ਼ਨਾਂ ਤੋਂ ਤਬਦੀਲ ਕਰਕੇ ਦੂਸਰੇ ਜ਼ਿਲਿਆਂ ਵਿਚ ਲਗਾਉਣਾ ਚਾਹੀਦਾ ਹੈ ਤਾਂ ਜੋ ਸਭ ਨੂੰ ਇਨਸਾਫ ਅਤੇ ਮਾਫੀਏ ਨੂੰ ਠੱਲ ਪਾਈ ਜਾ ਸਕੇ। ਉਨਾਂ ਕਿਹਾ ਕਿ ਲੋਕ ਇਨਸਾਫ਼ ਪਾਰਟੀ ਦੀ ਪੰਜਾਬ ਵਿਚ ਬਰਕਾਰ ਬਣਨ ‘ਤੇ ਹਰ ਤਰਾਂ ਦੇ ਮਾਫ਼ੀਏ ਤੋਂ ਮੁਕਤ ਕਰਨ ਦੇ ਯਤਨ ਕੀਤੇ ਜਾਣਗੇ ਅਤੇ ਪੰਜਾਬ ਦੀ ਲੋਕਾਂ ਦੀ ਖੁਸ਼ਹਾਲੀ ਦਾ ਨਵਾਂ ਅਧਿਆਏ ਅਰੰਭ ਹੋਵੇਗਾ। ਇਸ ਮੌਕੇ ਪ੍ਰਦੀਪ ਸ਼ਰਮਾ ਪੀ. ਏ. ਟੂ ਇੰਜ.ਗਿਆਸਪੁਰਾ, ਖੰਨਾ ਸ਼ਹਿਰੀ ਪ੍ਰਧਾਨ ਰਘਬੀਰ ਸਿੰਘ ਬਿੱਟੂ, ਦਿਹਾਤੀ ਪ੍ਰਧਾਨ ਅਵਤਾਰ ਸਿੰਘ ਫੌਜੀ, ਬਲਾਕ ਪ੍ਰਧਾਨ ਹਰਿੰਦਰ ਸਿੰਘ ਜਟਾਣਾ, ਮਨਜੀਤ ਸਿੰਘ ਭੱਟੀਆ, ਵਿੱਕੀ ਜਸਪਾਲੋਂ, ਜਤਿੰਦਰ ਸਿੰਘ ਆਦਿ ਹਾਜ਼ਰ ਸਨ।

Share This :

Leave a Reply