“ਮਾਂ ਹੁੰਦੀ ਏ ਮਾਂ ਵੇ ਦੁਨੀਆ ਵਾਲਿਉ”

ਲੇਖਕ ਅਰਵਿੰਦਰ ਸਿੰਘ (ਪਟਿਆਲਾ)

ਇੱਕ ਸੱਚੀ ਕਹਾਣੀ

ਇਹ ਕਹਾਣੀ ਲਿਖਣ ਅਤੇ ਤੁਹਾਡੇ ਪੜ੍ਹਨ ਤੋ ਬਾਅਦ ਮੈ ਸ਼ਾਇਦ ਇਸ ਪਾਤਰ ਨੂੰ ਤੁਹਾਡੇ ਰੂਬਰੂ ਨਾ ਕਰਵਾ ਸਕਾ ਪਰ ਇਸ ਦੀ ਅਸਲੀਅਤ ਬਾਰੇ ਤੁਹਾਡੇ ਨਾਲ ਸਾਂਝ ਕਿੱਤੇ ਬਗੈਰ ਵੀ ਨਹੀਂ ਰਹਿ ਸਕਦਾ। ਕਹਾਣੀ ਉਸ ਮਾਂ ਦੀ ਹੈ ਜਿਸ ਨੂੰ ਧੀ,ਭੈਣ ਜਾਂ ਮਾਂ ਨਹੀਂ ਬਲਕਿ ਬਾਪੂ ਕਿਹਾ ਜਾ ਸਕਦੇ। ਇਹ ਕਹਾਣੀ ਮੇਰੇ ਮੁਹੱਲੇ ਤੋਂ ਅੱਧਾ ਕੁ ਕਿੱਲੋਮੀਟਰ ਦੂਰ ਦੇ ਏਰੀਏ ਵਿਚਲੇ ਘਰ ਦੀ ਹੈ ਜਿੱਥੇ ਅਕਸਰ ਮੇਰਾ ਆਣਾ ਜਾਣਾ ਮੇਰੇ ਦੋਸਤ ਦਾ ਘਰ ਹੋਣ ਕਾਰਨ ਲੱਗਾ ਰਹਿੰਦਾ ਸੀ। ਉੱਥੇ ਰਹਿੰਦੇ ਇੱਕ ਪਰਿਵਾਰ ਦੀ ਮਾਂ ਦੇ ਤਿੰਨ ਪੁੱਤ ਤੇ ਇੱਕ ਧੀ ਸੀ। ਪਰ ਕਈ ਵਰ੍ਹੇ ਪਹਿਲਾ ਪਤੀ ਦੇ ਗੁਜ਼ਰ ਜਾਣ ਕਾਰਨ ਇੱਕ ਠੀਕ-ਠਾਕ ਘਰ ਵਿੱਚ  ਵਿਧਵਾ ਦੀ ਜ਼ਿੰਦਗੀ ਜੀਅ ਰਹੀ ਸੀ। ਪਤੀ ਦੇ ਗੁਜ਼ਰ ਜਾਣ ਬਾਅਦ ਘੱਟ ਪੜ੍ਹੀ ਹੋਣ ਕਾਰਨ ਨੌਕਰੀ ਨਹੀਂ ਕਰ ਸਕੀ ਤੇ ਪੈਨਸ਼ਨ ਅਤੇ ਮਿਲੇ ਕੁੱਝ ਪੈਸਿਆਂ ਨਾਲ ਆਪਣਾ ਘਰ ਚਲਾ ਰਹੀ ਸੀ। ਘਰ ਦੀ ਗੱਡੀ ਰੋੜ੍ਹਨ ਲਈ ਕੱਪੜੇ ਵੀ ਸਿਉਂਦੀ ਸੀ। ਪੁੱਤ ਕਾਮੇ ਸੀ ਤੇ ਧੀ ਪੜ੍ਹਨ ਦੀ ਸ਼ੌਕੀਨ। ਘਰ ਦੀ ਰੇਲਗੱਡੀ ਵੀ ਚੰਗੀ ਲੀਹ ਤੇ ਚੱਲ ਰਹੀ ਸੀ ਪਰ ਜਿਉਂ ਹੀ ਪਹਿਲੇ ਪੁੱਤ ਦਾ ਵਿਆਹ ਕੀਤਾ ਤਾਂ ਸ਼ਗਨਾਂ ਦੇ ਗੀਤ ਦੀਆਂ ਗੁੰਜਾ ਮਹੀਨਿਆਂ ਦੀ ਬਜਾਏ ਕੁੱਝ ਕੁ ਦਿਨਾਂ ਵਿਚ ਹੀ ਸਿਮਟ ਕੇ ਰਹਿ ਗਈਆਂ। ਦੂਜੇ ਦਾ ਵਿਆਹ ਹੋਇਆ ਤਾਂ ਇਹੋ ਰੇਲਗੱਡੀ ਦੇ ਡਿੱਬੇ ਬਿਖਰਨੇ ਸ਼ੁਰੂ ਹੋ ਗਏ। ਆਪਣਾ ਫ਼ਰਜ਼ ਸਮਝਦਿਆਂ ਤੀਜੇ ਪੁੱਤ ਦਾ ਵਿਆਹ ਵੀ ਕਹਿ ਕਹਾ ਕੇ ਕਰਵਾ ਦਿੱਤਾ ਪਰ ਉਸ ਨੂੰ ਨਹੀਂ ਸੀ ਪਤਾ ਕਿ ਇਹ ਰੇਲ ਗੱਡੀ ਸਵਾਰੀ ਨੂੰ ਸਿਰੇ ਪਹੁੰਚਾਣ ਤੋ ਬਗੈਰ ਅੱਧ ਰਸਤੇ ਹੀ ਖੱਲੋਂ ਜਾਵੇਗੀ। ਪੁੱਤਾ ਦੇ ਆਪਣੇ ਹੀ ਝਮੇਲੇ ਏਨੇ ਵੱਧ ਗਏ ਕਿ ਤਿੰਨਾਂ ਪੁੱਤਾ ਵਿੱਚੋਂ ਕਿਸੇ ਨੇ ਵਿਆਹ ਦੀ ਐਲਬਮ ਵੀ ਬਣਾਉਣੀ ਮੁਨਾਸਬ ਨਹੀਂ ਸਮਝੀ। ਇਹ ਉਹੀਓ ਘਰ ਸੀ ਜਿਸ ਦੀ ਕੋਈ ਮੁਹੱਲੇ ਵਾਲਾ ਸਹੁੰ ਵੀ ਨਹੀਂ ਸੀ ਖਾਂਦਾ। ਲੋਕੀ ਕਹਿੰਦੇ ਸੀ ‘ਗ਼ਰੀਬਣੀ ਦੇ ਤਾਂ ਤਿੰਨੋ ਪੁੱਤ ਚੰਗੇ ਕਾਮੇ ਨੇ ਵਿਆਹ ਕਰਵਾ ਕੇ ਮਾਂ ਦੀ ਸੇਵਾ ਤਾਂ ਕੀ ਤੱਤੀ ਵਾਹ ਨੀਂ ਲੱਗਣ ਦੇਣਗੇ। ਪਰ ਕਿਸੇ ਨੂੰ ਇਹ ਵੀ ਨਹੀਂ ਸੀ ਪਤਾ ਕਿ ਪੁੱਤਾ ਨੇ ਤਾਂ ਆਪਣੇ-ਆਪਣੇ ਕਮਰੇ ਏ.ਸੀ ਲਵਾ ਕੇ ਗਰਮੀ ਨਾਲ ਭਿੱਜਦੀ ਮਾਂ ਨੂੰ ਪੱਖਾ ਵੀ ਨਹੀਂ ਝੱਲਣਾ। ਧੀ ਵੀ ਵਿਆਹ ਕਰਵਾ ਕੇ ਸਹੁਰੇ ਘਰ ਚਲੀ ਗਈ ਤੇ ਤਿੰਨੇ ਭਰਾਵਾਂ ਦਾ ਆਪਸੀ ਤੂਫਾਕ ਵੇਖ ਪੇਕੇ ਆਉਣ ਗੁਰੇਜ਼ ਕਰਨ ਲੱਗੀ। ਪਰ ਸਭ ਤੋ ਉੱਪਰ ਲਿਖੀਆਂ ਲਾਈਨਾਂ ਮੁਤਾਬਿਕ ”ਮਾਂ ਹੁੰਦੀ ਏ ਮਾਂ ਵੇ ਦੁਨੀਆ ਵਾਲਿਉ” ਅੱਜ ਵੀ ਜੇਕਰ ਉਨ੍ਹਾਂ ਦੇ ਘਰ ਕੋਈ ਰਿਸ਼ਤੇਦਾਰ ਜਾਂ ਪੜੋਸੀ ਮਿਲਣ ਲਈ ਜਾਂਦਾ ਹੈ ਤਾਂ ਮਾਂ ਇਹੋ ਕਹਿੰਦੀ ਹੈ ਕਿ ਬੱਚੇ ਕੰਮਾਂ ਕਾਰਾ ਤੋ ਥੱਕ ਜਾਂਦੇ ਨੇ ਤਾਂਹੀਉ ਮੇਰੇ ਕੋਲ ਘੱਟ ਬਹਿੰਦੇ ਨੇ ਤੇ ਬਹੂਆਂ(ਘਰਵਾਲੀਆਂ)ਸਾਜਰੇ ਉੱਠ ਕੇ ਰੋਟੀ ਪਾਣੀ ਕਰਦੀਆਂ ਥੱਕ ਜਾਂਦੀਆਂ ਨੇ ਤੇ ਸ਼ਾਮ ਨੂੰ ਫੇਰ ਬੱਚਿਆ ਨੂੰ ਸਾਂਭਦੀਆਂ ਨੇ ਤਾਹੀੳਂ ਮੇਰੇ ਕੋਲ ਨਹੀਂ ਬਹਿੰਦੀਆਂ। ਪਰ ਉਸ ਵਕਤ ਇਹ ਵੇਖ ਮੇਰਾ ਮਨ ਰੋਣ ਲੱਗ ਗਿਆ ਜਦੋਂ ਉਸ ਮਾਂ ਦੇ ਮੰਜੇ ਕੌਲ ਬਣਿਆ ਚੂਲਾ ਚੌਂਕਾ ਅਤੇ ਹੱਥਾ ਤੇ ਲੱਗੇ ਸੇਕ ਦੇ ਨਿਸ਼ਾਨ ਸਭ ਕੁੱਝ ਬਿਆਨ ਕਰ ਰਹੇ ਸੀ। ਬਲਕਿ ਆਪ ਹੀ ਝੂਠੀ ਆਵਾਜ਼ ਮਾਰ ਕੇ ਆਪਣੀਆਂ ਨੂੰਹਾਂ ਨੂੰ ਕਹਿੰਦੀ ਕਿ ਤੁਸੀਂ ਬਾਹਰ ਆ ਕੇ ਪਾਣੀ ਨਾ ਦਿਓ ‘ਸਵੇਰ ਦੀਆ ਥੱਕੀਆਂ ਹੁੰਦੀਆਂ ਜੇ’। ਪਰ ਸਾਡੇ ਨਾਲ ਗੱਲਾ (ਮੇਰੇ ਤੇ ਮੇਰੇ ਦੋਸਤ ਦੀ ਮਾਤਾ ਜੀ)ਕਰਦੇ ਹੋਏ ਉਸ ਦੀਆ ਭਿੱਜੀਆਂ ਹੋਈਆ ਅੱਖਾਂ ਸਾਰੇ ਘਰ ਦਾ ਮਾਹੌਲ ਤੇ ਨੂੰਹ ਪੁੱਤ ਦੀ ਕੀਤੀ ਸੇਵਾ ਚੰਗੀ ਤਰ੍ਹਾਂ ਬਿਆਨ ਕਰ ਰਹੀਆਂ ਸਨ। ਆਖ਼ਰ ਉਹ ਦਿਨ ਵੀ ਆ ਗਿਆ ਜਿਸ ਦਿਨ ਪੁੱਤਾਂ ਨੇ ਇਹ ਕਹਿ ਕੇ ਮਾਂ ਨੂੰ ਬਾਹਰ ਕੱਢ ਦਿੱਤਾ ਕਿ ਇਸ ਘਰ ਵਿਚ ਤਿੰਨ ਭਰਾਵਾਂ ਦਾ ਹਿੱਸਾ ਤਾਂ ਹੈ ਪਰ ਮਾਂ ਦੇ ਹੋਣ ਨਾਲ ਚਾਰ ਹਿੱਸੇ ਕਰਨੇ ਪੈਣੇ ਨੇ। ਕੁੱਝ ਦਿਨਾਂ ਬਾਅਦ ਲੋਕਾਂ ਨੇ ਦੱਸਿਆ ਕਿ ਮਾਂ ਰੋਂਦੀ ਹੋਈ ਘਰੋ ਜਾਂ ਰਹੀ ਸੀ ਤੇ ਕਹਿ ਰਹੀ ਸੀ ਕਿ ਇਸ ਮਾਂ ਦੇ ਵੀ ਤਿੰਨ ਹਿੱਸੇ ਕਰ ਲਓ ਤਾਂ ਜੋ ਲੋਕ ਇਹ ਨਾ ਕਹਿਣ ਕਿ ਘਰ ਤਾਂ ਪਿਉ ਦਾ ਬਣਾਇਆ ਸੀ ਤੇ ਮਾਂ ਕੀ ਦੇ ਕੇ ਗਈ ਹੈ। ਸੁਨਣ ਵਿੱਚ ਆਇਆ ਹੈ ਕੁੱਝ ਦਿਨ ਪਹਿਲਾ ਉਹ ਮਾਂ ਬੜੀ ਮਾੜੀ ਹਾਲਤ ਵਿੱਚ ਹੱਥ ਵਿਚ ਗ਼ੁਬਾਰੇ ਤੇ ਟੋਫੀਆ ਲੈ ਕੇ ਆਪਣੇ ਘਰ ਮੁੜ ਆਈ ਤੇ ਆਪਣੇ ਪੋਤੇ ਪੋਤੀਆਂ ਨੂੰ ਗ਼ੁਬਾਰੇ ਤੇ ਟੋਫੀਆ ਦਿੰਦੇ ਹੋਏ ਉਸੇ ਘਰ ਉਸੇ ਥਾਂਹੇ ਹੀ ਰੱਬ ਨੂੰ ਪਿਆਰੀ ਹੋ ਗਈ।

     ‘ਵਾਹ ਨੀ ਮਾਏਂ ਤੈਨੂੰ ਲਿਖਦੇ ਹੋਏ ਵੀ ਖੜ੍ਹਾ ਹੋ ਕੇ ਸਿਰ ਝੁਕਾਉਂਦਾ ਹਾਂ’

Share This :

Leave a Reply