ਚੰਡੀਗੜ੍ਹ (ਮੀਡੀਆ ਬਿਊਰੋ) ਮੰਡੀਆਂ ਵਿਚ ਤਿੰਨ ਦਿਨ ਪਹਿਲਾਂ ਲੱਗੀਆਂ ਢੇਰੀਆਂ ਵੀ ਜਿਉਂ ਦੀਆਂ ਤਿਉਂ ਪਈਆਂ ਹਨ, ਜੇ ਇੰਝ ਹੀ ਰਿਹਾ ਤਾਂ ਆਉਣ ਵਾਲੇ ਸਮੇਂ ਵਿਚ ਮੰਡੀਆਂ ਓਵਰ ਫਲੋਅ ਹੋਣਗੀਆਂ। ਆਮ ਆਦਮੀ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਨੇ ਪੰਜਾਬ ਸਰਕਾਰ ਵਲੋਂ ਮੰਡੀਆ ਵਿਚ ਖਰੀਦ ਲਈ ਸ਼ੁਰੂ ਕੀਤੇ ਕੂਪਨ ਸਿਸਟਮ ‘ਤੇ ਸਵਾਲ ਚੁੱਕੇ ਹਨ। ਮਾਨ ਨੇ ਕਿਹਾ ਕਿ ਪੰਜਾਬ ਸਰਕਾਰ ਦਾ ਕੂਪਨ ਸਿਸਟਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਫੇਲ ਹੋ ਗਿਆ ਹੈ।
ਇਸ ਨਾਲ ਕਿਸਾਨਾਂ ਨੂੰ ਤਾਂ ਪ੍ਰੇਸ਼ਾਨੀ ਹੋਵੇਗੀ ਹੀ ਨਾਲ ਹੀ ਸਰਕਾਰ ਦੇ ਸੋਸ਼ਲ ਡਿਸਟੈਂਸਿੰਗ ਦੀਆਂ ਵੀ ਧੱਜੀਆਂ ਉੱਡਣਗੀਆਂ। ਮਾਨ ਨੇ ਕਿਹਾ ਕਿ ਉਨ੍ਹਾਂ ਬੀਤੇ ਦਿਨੀਂ ਸੁਨਾਮ, ਧਨੌਲਾ, ਬਡਬਰ ਦੀਆਂ ਮੰਡੀਆਂ ਦੌਰਾ ਕੀਤਾ ਅਤੇ ਉਥੇ ਸਮੱਸਿਆਵਾਂ ਸੁਣੀਆਂ। ਮਾਨ ਨੇ ਦੱਸਿਆ ਕਿ ਉਨ੍ਹਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ, ਜਿਸ ਵਿਚ ਉਨ੍ਹਾਂ ਤਿੰਨ ਸੁਝਾਅ ਦਿੱਤੇ ਹਨ। ਮਾਨ ਨੇ ਦੱਸਿਆ ਕਿ ਉਨ੍ਹਾਂ ਚਿੱਠੀ ਵਿਚ ਲਿਖਿਆ ਕਿ ਜੇ ਮੰਡੀਆਂ ਵਿਚ ਭੀੜ ਰੋਕਣੀ ਹੈ ਤੇ ਸੋਸ਼ਲ ਡਿਸਟੈਂਸਿੰਗ ਲਾਗੂ ਰੱਖਣਾ ਹੈ ਤਾਂ ਇਹ ਐਲਾਨ ਕੀਤਾ ਜਾਣਾ ਚਾਹੀਦਾ ਹੈ ਕਿ 1 ਮਈ ਤੋਂ 21 ਮਈ ਤਕ ਮਤਲਬ ਤਿੰਨ ਹਫਤੇ ਤਕ ਜਿਹੜੇ ਕਿਸਾਨ ਆਪਣੀ ਫਸਲ ਲੈ ਕੇ ਆਉਂਦੇ ਹਨ ਉਨ੍ਹਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਬੌਨਸ ਦਿੱਤਾ ਜਾਵੇਗਾ ਅਤੇ ਜਿਹੜੇ ਕਿਸਾਨ ਜੂਨ ਤਕ ਮੰਡੀਆਂ ਵਿਚ ਕਣਕ ਲੈ ਕੇ ਆਉਣਗੇ ਉਨ੍ਹਾਂ 200 ਰੁਪਏ ਪ੍ਰਤੀ ਕੁਇੰਟਲ ਬੌਨਸ ਦਿੱਤਾ ਜਾਵੇ। ਇਸ ਨਾਲ ਇਕ ਤਾਂ ਕਿਸਾਨਾਂ ਨੂੰ ਆਰਥਿਕ ਲਾਭ ਮਿਲੇਗਾ ਦੂਜਾ ਮੰਡੀਆਂ ਵਿਚ 40 ਤੋਂ 50 ਫੀਸਦ ਕਣਕ ਦੀ ਆਮਦ ਘਟੇਗਾ।