ਬ੍ਰਿਸਬੇਨ (ਹਰਜੀਤ ਲਸਾੜਾ) ਇੱਥੋਂ ਦੇ ਸਿੰਘ ਸਭਾ ਗੁਰਦੁਆਰਾ ਟੈਂਗਮ, ਬ੍ਰਿਸਬੇਨ ਵਿਖੇ ਗੁਰਮੁਖੀ ਸਕੂਲ ਦੀ ਗੁਰੂਦੁਆਰਾ ਪ੍ਰਬੰਧਕ ਕਮੇਟੀ ਅਤੇ ਸਮੂਹ ਅਧਿਆਪਕਾਂ ਦੇ ਸਹਿਯੋਗ ਨਾਲ ਪਿਛਲੇ ਦਿਨੀਂ ਸਾਲਾਨਾ ਇਨਾਮ ਵੰਡ ਸਮਾਰੋਹ ਦੌਰਾਨ ਨਿਵੇਕਲੀ ਪਹਿਲਕਦਮੀ ਤਹਿਤ ਬੱਚਿਆਂ ਨੂੰ ਪੰਜਾਬੀ ਸਿੱਖਾਉਣ ਲਈ ਕਿਤਾਬ ਦੀ ਘੁੰਡ ਚੁਕਾਈ ਕੀਤੀ ਗਈ। ਸਮਾਰੋਹ ਦੌਰਾਨ ਬੱਚਿਆਂ ਨੇ ਵਧੀਆ ਸੁਨੇਹੇ ਦਿੰਦੀਆਂ ਕਲ੍ਹਾ ਕਿਰਤਾਂ ਪੇਸ਼ ਕੀਤੀਆਂ।
ਸ. ਬਹਾਦਰ ਸਿੰਘ ਝੱਜ ਦੁਆਰਾ ਬੱਚਿਆਂ ਨੂੰ ਆਸਾਨ ਤਰੀਕੇ ਨਾਲ ਪੰਜਾਬੀ ਸਿਖਾਉਣ ਲਈ ਤਿਆਰ ਕੀਤੀ ਇੱਕ ਵਿਸ਼ੇਸ਼ ਕਿਤਾਬ ਵੀ ਰਿਲੀਜ਼ ਕੀਤੀ ਗਈ। ਉਹਨਾਂ ਆਪਣੀ ਤਕਰੀਰ ‘ਚ ਕਿਹਾ ਕਿ ਸਾਨੂੰ ਅਗਲੀ ਪੀੜ੍ਹੀ ਤੱਕ ਆਪਣੀ ਮਾਂ ਬੋਲੀ ਪੰਜਾਬੀ ਦੀ ਪਹਿਚਾਣ ਨੂੰ ਬਣਾਈ ਰੱਖਣ ਲਈ ਲਗਾਤਾਰ ਯਤਨਸ਼ੀਲ ਰਹਿਣਾ ਪਵੇਗਾ। ਉਹਨਾਂ ਹੋਰ ਕਿਹਾ ਕਿ ਇਸੇ ਮੰਤਵ ਨੂੰ ਮੁੱਖ ਰੱਖਦਿਆਂ ਪੰਜਾਬੀ ਮਾਂ ਬੋਲੀ ਨੂੰ ਬੱਚਿਆਂ ਤੱਕ ਸੌਖੇ ਤਰੀਕੇ ਨਾਲ ਪਹੁੰਚਾਉਣ ਦੇ ਮਕਸਦ ਤਹਿਤ ਪੰਜਾਬੀ ਦੀ ਇੱਕ ਨਿਵੇਕਲੀ ਕਿਤਾਬ ਤਿਆਰ ਕੀਤੀ ਹੈ। ਇਸ ਕਿਤਾਬ ਨਾਲ ਬੱਚਿਆਂ ਦੇ ਪੱਧਰ ਮੁਤਾਬਿਕ ਰੌਚਕ ਢੰਗ ਨਾਲ ਪੰਜਾਬੀ ਸਿੱਖਣ ਵਿਚ ਸਹਾਇਤਾ ਮਿਲੇਗੀ।
ਸ. ਬਹਾਦਰ ਸਿੰਘ ਨੇ ਦੱਸਿਆ ਕਿ 88 ਪੰਨਿਆਂ ਦੀ ਇਸ ਕਿਤਾਬ ਵਿੱਚ ਬੱਚਿਆਂ ਦੀ ਮਨੋਬਿਰਤੀ ਨੂੰ ਧਿਆਨ ਵਿੱਚ ਰੱਖਦਿਆਂ ਪੰਜਾਬੀ ਧੁਨੀਆਂ ਨੂੰ ਅੰਗਰੇਜ਼ੀ ਧੁਨੀਆਂ ਨਾਲ ਮਿਲਾ ਕੇ ਸਿਖਾਉਣ ਦਾ ਹੀਲਾ ਕੀਤਾ ਗਿਆ ਹੈ ਅਤੇ ਵਰਣਮਾਲਾ ਸਿੱਖਣ ਦਾ ਆਸਾਨ ਤਰੀਕਾ ਵੀ ਦੱਸਿਆ ਗਿਆ ਹੈ। ਇਹ ਕਿਤਾਬ ਅਜੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਪ੍ਰਮੁੱਖ ਸ਼ਹਿਰਾਂ ਵਿੱਚ ਉਪਲੱਬਧ ਹੈ।