
ਬੰਗਾ ( ਏ-ਆਰ. ਆਰ. ਐੱਸ. ਸੰਧੂ ) ਬੰਗਾ ਸਿਟੀ ਪੁਲਸ ਵੱਲੋਂ ਕਰੌਨਾ ਵਾਇਰਸ ਦੀ ਰੋਕਥਾਮ ਕਰਕੇ ਪ੍ਰਸ਼ਾਸ਼ਨ ਵੱਲੋਂ ਲਗਾਏ ਕਰਫਿਊ ਦੌਰਾਨ ਬੰਗਾ ਸ਼ਹਿਰ ਦੇ ਸੰਤੋਖ ਨਗਰ ਵਿਖੇ ਆਪਣੀ ਆਟਾ ਚੱਕੀ ਖੋਲ ਕੇ ਬੈਠੇ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।

ਇਸ ਸਬੰਧੀ ਜਾਣਕਾਰੀ ਦਿੰਦੇ ਥਾਣਾ ਸਿਟੀ ਦੇ ਐਸ.ਐਚ.ਉ. ਹਰਪ੍ਰੀਤ ਸਿੰਘ ਦੇਹਲ ਨੇ ਦੱਸਿਆ ਕਿ ਏ.ਐਸ.ਆਈ. ਤਾਰਾ ਰਾਮ ਦੀ ਅਗਵਾਈ ਵਿਚ ਪੁਲੀਸ ਪਾਰਟੀ ਜਿਸ ਵਿਚ ਏ.ਐਸ.ਆਈ. ਰਾਮ ਪਾਲ, ਹੌਲਦਾਰ ਜਗਜੀਤ ਸਿੰਘ ਅਤੇ ਕਾਂਸਟੇਬਲ ਸੁਖਵਿੰਦਰ ਸਿੰਘ ਸ਼ਾਮਿਲ ਸਨ ਵੱਲੋਂ ਕਰਫਿਊ ਦੌਰਾਨ ਕੀਤੀ ਜਾ ਰਹੀ ਗਸ਼ਤ ਮੌਕੇ ਰਵਿਦਾਸ ਰੋਡ ‘ਤੇ ਸੰਤੋਖ ਨਗਰ ਵਿਖੇ ਫਰੈਡਜ਼ ਮਿਲਕ ਡੇਅਰੀ ਨੇੜੇ ਚੈਕਿੰਗ ਦੌਰਾਨ ਪਾਇਆ ਕਿ ਇੱਕ ਵਿਅਕਤੀ ਆਪਣੀ ਆਟੇ ਵਾਲੀ ਚੱਕੀ ਚਲਾ ਰਿਹਾ ਸੀ। ਇਸ ਬਾਰੇ ਪੁਲਸ ਅਧਿਕਾਰੀਆਂ ਨੇ ਉਥੇ ਕੰਮ ਕਰ ਰਹੇ ਵਿਅਕਤੀ ਨੂੰ ਕਰੋਨਾ ਵਾਇਰਸ ਦੀ ਬਿਮਾਰੀ ਕਰਕੇ ਜ਼ਿਲ੍ਹਾ ਮਜਿਸਟਰੇਟ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਅਦੇਸ਼ਾਂ ਹੇਠ ਸ਼ਹਿਰ ਵਿਚ ਲਗਾਏ ਕਰਫਿਊ ਬਾਰੇ ਦੱਸਿਆ ਤਾਂ ਉਸਨੇ ਕਿਹਾ ਕਿ ਉਸਨੂੰ ਸਭ ਪਤਾ ਹੈ । ਇਸ ਮੌਕੇ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਲਗਾਏ ਗਏ ਕਰਫਿਊ ਦੇ ਹੁਕਮਾਂ ਦੀ ਉਲੰਘਣਾ ਕਰਨ ਦੇ ਕਥਿਤ ਦੋਸ਼ਾਂ ਅਧੀਨ ਚੱਕੀ ਚਲਾਉਣ ਵਾਲੇ ਕੇਸ਼ਵ ਸਲੱਣ ਵਾਸੀ ਸੰਤੋਖ ਨਗਰ, ਰਵਿਦਾਸ ਰੋਡ, ਬੰਗਾ ਖਿਲਾਫ ਆਈ.ਪੀ.ਸੀ. ਦੀ ਧਾਰਾ 188 ਅਧੀਨ ਐਫ.ਆਰ.ਆਈ. ਨੰਬਰ 21 ਥਾਣਾ ਸਿਟੀ ਬੰਗਾ ਵਿਖੇ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ।