ਬਲਾਚੌਰ ’ਚ ਨੌਜੁਆਨ ਵਾਲੰਟੀਅਰ ਪ੍ਰਸ਼ਾਸਨ ਨਾਲ ਲੱਗੇ ਦਿਹਾਤੀ ‘ਇਕਾਂਤਵਾਸ’ ਕੇਂਦਰਾਂ ਦੀ ਪਹਿਰੇਦਾਰੀ ’ਤੇ

ਪਿੰਡਾਂ ’ਚ ਬਣਾਏ ਇਕਾਂਤਵਾਸ ਕੇਂਦਰਾਂ ’ਚ ਦੇਖ ਰੇਖ ਕਰਨ ਵਾਲੇ ਵਾਲੰਟੀਅਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਸਿਖਲਾਈ ਹਾਸਲ ਕਰਦੇ ਹੋਏ।

ਨਵਾਂਸ਼ਹਿਰ.ਸੜੋਆ/ਬਲਾਚੌਰ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਸਬ ਡਵੀਜ਼ਨ ਬਲਾਚੌਰ ’ਚ ਪਿੰਡਾਂ ਦਾ ਨੌਜੁਆਨ ਵਾਲੰਟੀਅਰ ਸਵੈ-ਇੱਛੁੱਕ ਤੌਰ ’ਤੇ ਪਿੰਡਾਂ ’ਚ ਬਾਹਰੋਂ ਆਉਣ ਵਾਲੇ ਵਿਅਕਤੀਆਂ ਨੂੰ ਸਿਹਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਵੱਖਰੇ ਰੱਖਣ ਵਾਸਤੇ ਤਿਆਰ ਕੀਤੇ ਗਏ ‘ਇਕਾਂਤਵਾਸ’ ਕੇਂਦਰਾਂ ’ਚ ਪ੍ਰਸ਼ਾਸਨ ਨਾਲ ਡਿਊਟੀ ਨਿਭਾਉਣ ਲਈ ਸਾਹਮਣੇ ਆਏ ਹਨ।
ਐਸ.ਡੀ.ਐਮ. ਜਸਬੀਰ ਸਿੰਘ ਨੇ ਇਨ੍ਹਾਂ ਬਹਾਦਰ ਨੌਜੁਆਨਾਂ ਦੇ ਇਸ ਉਸਾਰੂ ਕਾਰਜ ਬਾਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪ੍ਰਸ਼ਾਸਨ ਵੱਲੋਂ ਪਿੰਡ ਪੱਧਰ ’ਤੇ ਪਿੰਡ ਦੇ ਬਾਹਰੋਂ (ਬਾਹਰਲੇ ਰਾਜਾਂ ਤੋਂ) ਆਉਣ ਵਾਲੇ ਲੋਕਾਂ ਲਈ ਬਣਾਏ ਗਏ ਇਕਾਂਤਵਾਸ ਕੇਂਦਰਾਂ ’ਚ ਰਹਿਣ ਵਾਲੇ ਲੋਕਾਂ ਦੀ ਸਾਂਭ-ਸੰਭਾਲ ਲਈ ਪਿੰਡਾਂ ’ਚੋਂ ਅਜਿਹੇ ਸਵੈ-ਇਛੁੱਕ ਸੇਵਾ ਕਰਨ ਵਾਲੇ ਨੌਜੁਆਨਾਂ ਦੀ ਚੋਣ ਕੀਤੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਨੂੰ ਬਾਕਾਇਦਾ ਇਨ੍ਹਾਂ ਥਾਂਵਾਂ ’ਤੇ ਡਿਊਟੀ ਦੌਰਾਨ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਅਤੇ ਪ੍ਰੋਟੋਕਾਲ ਬਾਰੇ ਟ੍ਰੇਨਿੰਗਾਂ ਵੀ ਕਰਵਾਈਆਂ ਗਈਆਂ ਹਨ।


ਉਨ੍ਹਾਂ ਦੱਸਿਆ ਕਿ ਬਲਾਚੌਰ ’ਚ ਬਾਹਰੋਂ ਆਉਣ ਵਾਲੇ ਲੋਕਾਂ ਨੂੰ ਆਪਣੇ ਪਿੰਡ ਅਤੇ ਪਰਿਵਾਰਾਂ ’ਚ ਘੁਲਣ-ਮਿਲਣ ਤੋਂ ਪਹਿਲਾਂ ਇਨ੍ਹਾਂ ਇਕਾਂਤਵਾਸ ਕੇਂਦਰਾਂ ’ਚ ਰੱਖ ਕੇ ਉਨ੍ਹਾਂ ਦੀ ਦੋ ਹਫ਼ਤੇ ਸਿਹਤ ਦੀ ਨਿਗਰਾਨੀ ਰੱਖੀ ਜਾਵੇਗੀ ਅਤੇ ਕੋਵਿਡ ਦਾ ਕੋਈ ਲੱਛਣ ਨਾ ਪਾਏ ਜਾਣ ’ਤੇ ਘਰ ਭੇਜ ਦਿੱਤਾ ਜਾਵੇਗਾ । ਉਨ੍ਹਾਂ ਦੱਸਿਆ ਕਿ ਸਬ ਡਵੀਜ਼ਨ ਬਲਾਚੌਰ ’ਚ ਅਜਿਹੇ 33 ਪਿੰਡ ਪੱਧਰੀ ਇਕਾਂਤਵਾਸ ਕੇਂਦਰ ਸਥਾਪਿਤ ਕੀਤੇ ਗਏ ਹਨ, ਜਿੱਥੇ 87 ਵਿਅਕਤੀ ਇਕਾਂਤਵਾਸ ਪੂਰਾ ਕਰ ਰਹੇ ਹਨ । ਡੀ ਐਸ ਪੀ ਜਤਿੰਦਰਜੀਤ ਸਿੰਘ ਨੇ ਦੱਸਿਆ ਕਿ ਇਨ੍ਹਾਂ ਵਾਲੰਟੀਅਰਾਂ ਦੇ ਦੂਸਰੇ ਬੈਚ ਦੀ ਟ੍ਰੇਨਿੰਗ ਕਲ੍ਹ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੜੋਆ ਵਿਖੇ ਕਰਵਾਈ ਗਈ, ਜਿਸ ਦੌਰਾਨ ਉਨ੍ਹਾਂ ਨੂੰ ਕੋਵਿਡ ਮਰੀਜ਼ਾਂ ਦੀ ਸਾਂਭ-ਸੰਭਾਲ ਕਰਦੇ ਮੌਕੇ ਖੁਦ ਰੱਖੀਆਂ ਜਾਣ ਵਾਲੀਆਂ ਸਾਵਧਾਨੀਆਂ ਤੋਂ ਵੀ ਜਾਣੂ ਕਰਵਾਇਆ ਗਿਆ। ਉਨ੍ਹਾਂ ਦੱਸਿਆ ਕਿ ਇਹ ਵਾਲੰਟੀਅਰ ਪੁਲਿਸ ਨਾਲ ਨਾਕਿਆਂ ’ਤੇ ਵੀ ਸਹਿਯੋਗ ਦੇ ਰਹੇ ਹਨ ਅਤੇ ਬਹੁਤ ਹੀ ਪ੍ਰਸੰਸਾਯੋਗ ਕੰਮ ਕਰ ਰਹੇ ਹਨ। ਇਸ ਮੌਕੇ ਤਹਿਸੀਲਦਾਰ ਚੇਤਨ ਬੰਗੜ ਵੀ ਮੌਜੂਦ ਸਨ ।

Share This :

Leave a Reply