ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਕੋਵਿਡ -19 ਦੀ ਰੋਕਥਾਮ ਅਤੇ ਪ੍ਰਬੰਧਨ ਨੂੰ ਹੋਰ ਮਜ਼ਬੂਤ ਕਰਦਿਆਂ, ਪੰਜਾਬ ਸਰਕਾਰ ਨੇ ਕੋਰੋਨਾ ਵਾਇਰਸ ਦੇ ਫੈਲਣ ਨੂੰ ਰੋਕਣ ਸਬੰਧੀ ਜਾਰੀ ਕੀਤੀਆਂ ਹਦਾਇਤਾਂ ਅਤੇ ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਸਬੰਧੀ ਮਾਮਲੇ ਦੇ ਜੁਰਮਾਨੇ ਵਿੱਚ ਵਾਧਾ ਕੀਤਾ ਹੈ। ਕੋਵਿਡ-19 ਸੰਬੰਧੀ ਦਿੱਤੀਆਂ ਹਦਾਇਤਾਂ ਅਤੇ ਦਿਸ਼ਾ-ਨਿਰਦੇਸ਼ਾਂ ਦੀਆਂ ਉਲੰਘਣਾਵਾਂ ਨਾਲ ਨਜਿੱਠਣ ਅਤੇ ਪੰਜਾਬ ਨੂੰ ਮਹਾਂਮਾਰੀ ਦੇ ਪੰਜੇ ਤੋਂ ਸੁਰੱਖਿਅਤ ਰੱਖਣ ਲਈ ਜੁਰਮਾਨਿਆਂ ਵਿੱਚ ਵਾਧਾ ਕਰਨ ਅਤੇ ਹੋਰ ਸਖਤ ਬਣਾਉਣ ਲਈ ਇਹ ਫੈਸਲਾ ਲਿਆ ਗਿਆ ਹੈ। ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਇਸ ਬਿਮਾਰੀ ਨੂੰ ਹੋਰ ਫੈਲਣ ਤੋਂ ਰੋਕਣ ਲਈ ਚੌਵੀ ਘੰਟੇ ਕੰਮ ਕਰ ਰਹੀ ਹੈ ਅਤੇ ਇਸੇ ਲਈ ਕੋਵਿਡ -19 ਦੇ ਮਰੀਜ਼ਾਂ ਦੀ ਰਿਕਵਰੀ ਵਿਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣ ਗਿਆ ਹੈ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹੁਣ ਜਨਤਕ ਥਾਵਾਂ ’ਤੇ ਮਾਸਕ ਨਾ ਪਾਉਣ ’ਤੇ 500 ਰੁਪਏ ਜੁਰਮਾਨਾ ਲਗਾਇਆ ਜਾਵੇਗਾ। ਘਰੇਲੂ ਕੁਆਰਨਟੀਨ ਨਿਰਦੇਸ਼ਾਂ ਦੀ ਉਲੰਘਣਾ ਕਰਨ ਲਈ 2,000 ਰੁਪਏ, ਜਨਤਕ ਥਾਵਾਂ ’ਤੇ ਥੁੱਕਣ ਲਈ 500 ਰੁਪਏ, ਦੁਕਾਨਾਂ / ਵਪਾਰਕ ਸਥਾਨਾਂ ਦੇ ਮਾਲਕਾਂ ਦੁਆਰਾ ਸਮਾਜਕ ਦੂਰੀਆਂ ਦੇ ਨਿਯਮਾਂ ਦੀ ਉਲੰਘਣਾ ਕਰਨ ਲਈ 2000 ਰੁਪਏ, ਬੱਸਾਂ ਦੇ ਮਾਲਕਾਂ ਦੁਆਰਾ ਸਮਾਜਕ ਦੂਰੀ ਦੀ ਉਲੰਘਣਾ ਕਰਨ ਲਈ 3000 ਰੁਪਏ, ਕਾਰਾਂ 2000 ਰੁਪਏ ਅਤੇ ਆਟੋ ਰਿਕਸ਼ਾ / ਦੋਪਹੀਆ ਵਾਹਨ ਲਈ 500 ਰੁਪਏ ਜੁਰਮਾਨਾ ਲਗਾਇਆ ਜਾਵੇਗਾ।
ਇਹ ਜੁਰਮਾਨੇ ਸਰਕਾਰ ਵੱਲੋਂ ਅਧਿਕਾਰਿਤ ਅਧਿਕਾਰੀ ਮਹਾਂਮਾਰੀ ਰੋਗ ਐਕਟ, 1897 ਦੀਆਂ ਧਾਰਾਵਾਂ ਤਹਿਤ ਜ਼ੁਰਮਾਨੇ ਲਗਾ ਸਕਦਾ ਹੈ। ਉਨਾਂ ਕਿਹਾ ਕਿ ਜੇਕਰ ਉਲੰਘਣਾ ਕਰਨ ਵਾਲੇ ਦੁਆਰਾ ਜੁਰਮਾਨਾ ਨਹੀਂ ਦਿੱਤਾ ਜਾਂਦਾ ਤਾਂ ਉਸ ਵਿਰੁੱਧ ਮਹਾਂਮਾਰੀ ਬਿਮਾਰੀ ਐਕਟ, 1897 ਦੇ ਨਿਯਮ ਅਨੁਸਾਰ ਆਈਪੀਸੀ ਦੀ ਧਾਰਾ 188 ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।