ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਪੰਜਾਬ ਸਰਕਾਰ ਵਲੋਂ ਖੰਡ ਮਿੱਲ ਨਵਾਂਸ਼ਹਿਰ ਵਲੋਂ ਪਿੜਾਈ ਸੀਜ਼ਨ 2018-19 ਦੌਰਾਨ ਖਰੀਦੇ ਗਏ ਗੰਨੇ ਦੀ ਬਕਾਇਆ ਅਦਾਇਗੀ ਲਈ 4.60 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਜੋ ਕਿ ਅੱਜ ਹੀ ਜਿਮੀਂਦਾਰਾਂ ਦੇ ਖਾਤਿਆਂ ਵਿੱਚ ਮਿੱਲ ਵਲੋਂ ਭੇਜ ਦਿੱਤੀ ਗਈ ਹੈ। ਇਹ ਜਾਣਕਾਰੀ ਸ੍ਰੀ ਅੰਗਦ ਸਿੰਘ, ਐਮ ਐਲ ਏ ਵਿਧਾਨ ਸਭਾ ਹਲਕਾ ਨਵਾਂਸ਼ਹਿਰ ਨੇ ਪ੍ਰਦਾਨ ਕੀਤੀ।
ਉਨ੍ਹਾਂ ਦੱਸਿਆ ਕਿ ਇਸ ਅਦਾਇਗੀ ਨਾਲ ਪਿੜਾਈ ਸੀਜ਼ਨ 2018-19 ਲਈ ਲੱਗਭਗ 97 ਫ਼ੀਸਦੀ ਅਦਾਇਗੀ ਮੁਕੰਮਲ ਹੋ ਚੁੱਕੀ ਹੈ। ਉਨ੍ਹਾਂ ਇਹ ਵਿਸ਼ਵਾਸ਼ ਵੀ ਦਿਵਾਇਆ ਗਿਆ ਕਿ ਬਕਾਇਆ ਰਹਿੰਦੀ ਅਦਾਇਗੀ ਵੀ ਸਰਕਾਰ ਨਾਲ ਰਾਬਤਾ ਕਰਕੇ ਜਲਦੀ ਤੋਂ ਜਲਦੀ ਕਰਵਾਉਣ ਦੇ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਮੌਕੇ ਸਮੂਹ ਇਲਾਕਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਕੋਵਿਡ-19 ਦੀ ਮਹਾਂਮਾਰੀ ਤੋਂ ਬਚਾਅ ਲਈ ਪੂਰੀਆਂ ਸਾਵਧਾਨੀ ਵਰਤਣ। ਇਸ ਮੌਕੇ ਉਨ੍ਹਾਂ ਦੇ ਨਾਲ ਸ਼੍ਰੀ ਕੁਲਦੀਪ ਸਿੰਘ ਰਾਣਾ, ਸਾਬਕਾ ਡਾਇਰੈਕਟਰ ਨੈਸ਼ਨਲ ਸ਼ੂਗਰ ਫੈਡਰੇਸ਼ਨ, ਨਵੀਂ ਦਿੱਲੀ ਵੀ ਹਾਜ਼ਰ ਸਨ ।