ਪੰਜਾਬ ਸਰਕਾਰ ਦੇ ਯਤਨਾਂ ਸਦਕਾ ਮਲੇਸ਼ੀਆ ਦੇ 179 ਵਾਸੀ ਵਤਨ ਪਰਤੇ

ਸਮੁੱਚੇ ਪੰਜਾਬ ਵਿਚੋਂ ਆਏ ਇਹ ਪ੍ਰਵਾਸੀ ਪੰਜਾਬੀ ਅੰਮ੍ਰਿਤਸਰ ਹਵਾਈ ਅੱਡੇ ਤੋਂ ਹੋਏ ਰਵਾਨਾ

ਅੰਮ੍ਰਿਤਸਰ, 31 ਮਾਰਚ ( ਏ-ਆਰ. ਆਰ. ਐੱਸ. ਸੰਧੂ ) ਮਲੇਸ਼ੀਆ ਵਿਚ ਰਹਿੰਦੇ ਪ੍ਰਵਾਸੀ ਪੰਜਾਬੀ ਜੋ ਕਿ ਕੋਰੋਨਾ ਦੇ ਫੈਲਣ ਤੋਂ ਪਹਿਲਾਂ ਪੰਜਾਬ ਆਪਣੇ ਰਿਸ਼ਤੇਦਾਰਾਂ ਦੇ ਵਿਆਹ-ਸਮਾਗਮਾਂ ਵਿਚ ਸ਼ਾਮਿਲ ਹੋਣ, ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਸਮੇਤ ਵੱਖ-ਵੱਖ ਸਮਾਗਮਾਂ ਵਿਚ ਸ਼ਾਮਿਲ ਹੋਣ ਲਈ ਪੰਜਾਬ ਆਏ ਸਨ, ਕਰਫਿਊ ਲੱਗਣ ਤੋਂ ਬਾਅਦ ਇੱਥੇ ਹੀ ਘਿਰ ਗਏ। ਅੱਜ ਇੰਨਾਂ 179 ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ ਸਰਕਾਰ ਦੇ ਯਤਨਾਂ ਨਾਲ ਵੱਖ-ਵੱਖ ਸ਼ਹਿਰਾਂ ਤੇ ਕਸਬਿਆਂ ਵਿਚੋਂ ਇਕੱਠਾ ਕਰਕੇ ਅੰਮ੍ਰਿਤਸਰ ਦੇ ਹਵਾਈ ਅੱਡੇ ਤੋਂ ਮਲੇਸ਼ੀਆ ਲਈ ਵਿਸ਼ੇਸ਼ ਹਵਾਈ ਜਹਾਜ਼ ਵਿਚ ਭੇਜਿਆ ਗਿਆ।


ਇਸ ਬਾਰੇ ਜਾਣਕਾਰੀ ਦਿੰਦੇ ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਨੇ ਦੱਸਿਆ ਕਿ ਇਨਾਂ ਵਿਚੋਂ ਕੁੱਝ ਵਿਅਕਤੀ ਮਲੇਸ਼ੀਆ ਜਾਣ ਵਾਸਤੇ ਅੰਮ੍ਰਿਤਸਰ ਆਏ ਬੈਠੇ ਸਨ, ਕਿ ਫਲਾਈਟ ਬੰਦ ਹੋ ਗਈਆਂ ਅਤੇ ਕਰਫਿਊ ਲੱਗ ਗਿਆ। ਇਹ ਵਿਅਕਤੀ ਅੰਮ੍ਰਿਤਸਰ ਦੇ ਹੋਟਲ ਵਿਚ ਹੀ ਘਿਰ ਗਏ। ਹੋਟਲ ਮਾਲਕ, ਕਿਉਂਕਿ ਹੋਰ ਗਾਹਕ ਨਾ ਹੋਣ ਕਾਰਨ ਹੋਟਲ ਕਰਫਿਊ ਤੱਕ ਬੰਦ ਕਰਨਾ ਚਾਹੁੰਦਾ ਸੀ ਅਤੇ ਇੰਨਾਂ ਨੂੰ ਹੋਟਲ ਛੱਡਣ ਲਈ ਜ਼ੋਰ ਪਾ ਰਿਹਾ ਸੀ। ਸੋ ਇੰਨਾਂ ਨੇ ਜ਼ਿਲ੍ਹਾ ਪ੍ਰਸ਼ਾਸ਼ਨ ਨਾਲ ਰਾਬਤਾ ਕੀਤਾ, ਤਾਂ ਪਤਾ ਲੱਗਾ ਕਿ ਕਈ ਹੋਰ ਲੋਕ ਵੀ ਸਮੁੱਚੇ ਪੰਜਾਬ ਵਿਚ ਘਿਰੇ ਹੋਏ ਹਨ। ਪੰਜਾਬ ਸਰਕਾਰ ਵੱਲੋਂ ਮਲੇਸ਼ੀਆ ਦੇ ਦੂਤਘਰ ਨਾਲ ਰਾਬਤਾ ਕੀਤਾ ਗਿਆ, ਜਿੱਥੋਂ ਉਨਾਂ ਨੇ ਵਿਸ਼ੇਸ਼ ਜਹਾਜ਼ ਭੇਜਿਆ। ਇੰਨਾਂ ਸਾਰੇ ਪ੍ਰਵਾਸੀਆਂ ਨੂੰ ਵੱਖ-ਵੱਖ ਸ਼ਹਿਰਾਂ ਵਿਚੋਂ ਕਰਫਿਊ ਪਾਸ ਬਣਾ ਕੇ ਅੰਮ੍ਰਿਤਸਰ ਹਵਾਈ ਅੱਡੇ ਲਈ ਲਿਆਂਦਾ ਗਿਆ, ਜਿਥੋਂ ਇਹ ਅੱਜ ਦੁਪਿਹਰ ਨੂੰ ਮਲੇਸ਼ੀਆ ਲਈ ਰਵਾਨਾ ਹੋਏ।

Share This :

Leave a Reply