ਫ਼ਤਹਿਗੜ੍ਹ ਸਾਹਿਬ (ਸੂਦ) ਕੋਰੋਨਾ ਵਾਇਰਸ (ਕੋਵਿਡ-19) ਦੇ ਮੱਦੇਨਜ਼ਰ ਦੇਸ਼ ਭਰ ਵਿੱਚ ਲਗਾਏ ਗਏ ਕਰਫਿਊ/ਲਾਕਡਾਊਨ ਦੇ ਚੱਲਦਿਆਂ ਸੂਬੇ ਦੇ ਕੁਝ ਵਿਦਿਆਰਥੀ ਕੋਟਾ (ਰਾਜਸਥਾਨ) ਵਿਖੇ ਫਸੇ ਹੋਏ ਸਨ, ਜਿਨ੍ਹਾਂ ਨੂੰ ਪੰਜਾਬ ਸਰਕਾਰ ਦੇ ਉਪਰਾਲਿਆਂ ਸਦਕਾ ਵਾਪਸ ਲਿਆਂਦਾ ਗਿਆ ਹੈ, ਜਿਨ੍ਹਾਂ ਵਿੱਚ 01 ਵਿਦਿਆਰਥੀ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨਾਲ ਸਬੰਧਤ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ ਨੇ ਦੱਸਿਆ ਕਿ ਇਨ੍ਹਾਂ ਵਿਦਿਆਰਥੀਆਂ ਵਿੱਚੋਂ 01 ਵਿਦਿਆਰਥੀ ਮੰਡੀ ਗੋਬਿੰਦਗੜ੍ਹ ਦਾ ਰਹਿਣ ਵਾਲਾ ਹੈ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਅੱਜ ਇਸ ਵਿਦਿਆਰਥੀਆਂ ਨੂੰ ਸਹਾਇਕ ਕਮਿਸ਼ਨਰ (ਜ) ਸ਼੍ਰੀ ਜਸਪ੍ਰੀਤ ਸਿੰਘ ਦੀ ਅਗਵਾਈ ਵਿੱਚ ਰਿਸੀਵ ਕੀਤਾ ਗਿਆ ਤੇ ਬੱਸ ਰਾਹੀਂ ਸਿੱਧਾ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਵੱਲੋਂ ਉਸ ਦਾ ਚੈਕਅੱਪ ਕੀਤਾ ਗਿਆ ਤੇ ਸੈਂਪਲ ਲਿਆ ਗਿਆ। ਇਸ ਉਪਰੰਤ ਉਸ ਨੂੰ ਘਰ ਭੇਜਿਆ ਗਿਆ ਤੇ ਇਹ ਵਿਦਿਆਰਥੀ 14 ਦਿਨ ਲਈ ਘਰ ਵਿੱਚ ਇਕਾਂਤਵਾਸ ਰਹੇਗਾ।ਰਾਜਸਥਾਨ ਤੋਂ ਪਰਤੇ ਵਿਦਿਆਰਥੀ ਤਰੁਨ ਤਿਵਾੜੀ ਨੇ ਕਿਹਾ ਕਿ ਉਹ ਕੋਟਾ ਵਿੱਚ ਪੜ੍ਹਾਈ ਕਰ ਰਿਹਾ ਸੀ ਪਰ ਲੌਕਡਾਊਨ ਹੋਣ ਕਰ ਕੇ ਉਥੇ ਫਸ ਗਿਆ ਸੀ। ਉਸ ਨੇ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਬਹੁਤ ਧੰਨਵਾਦੀ ਹੈ।