ਹੁਸ਼ਿਆਰਪੁਰ ( ਮੀਡੀਆ ਬਿਊਰੋ ) ਜ਼ਿਲਾ ਹੁਸ਼ਿਆਰਪੁਰ ਲਈ ਅੱਜ ਇਕ ਚੰਗੀ ਖਬਰ ਹੈ ਕਿ ਪਿੰਡ ਮੋਰਾਂਵਾਲੀ ਦਾ ਵਸਨੀਕ ਗੁਰਪ੍ਰੀਤ ਸਿੰਘ ਕੋਰੋਨਾ ‘ਤੇ ਫਤਿਹ ਪਾਉਣ ਵਿੱਚ ਕਾਮਯਾਬ ਹੋ ਗਿਆ ਹੈ। ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਅੱਜ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਇਸ ਨੌਜਵਾਨ ਨੂੰ ਫੁੱਲ ਅਤੇ ਫਲ ਭੇਟ ਕਰਕੇ ਉਜਵੱਲ ਭਵਿੱਖ ਦੀ ਕਾਮਨਾ ਕਰਦਿਆਂ ਆਪਣੇ ਘਰ ਲਈ ਰਵਾਨਾ ਕੀਤਾ। ਗੁਰਪ੍ਰੀਤ ਸਿੰਘ ਸਵਰਗੀ ਹਰਭਜਨ ਸਿੰਘ ਦਾ ਪੁੱਤਰ ਹੈ ਅਤੇ ਹੁਣ ਮੌਜੂਦਾ ਤੌਰ ‘ਤੇ ਗੁਰਪ੍ਰੀਤ ਸਿੰਘ ਦੀ ਪੋਜ਼ੀਟਿਵ ਪਤਨੀ, ਮਾਤਾ ਅਤੇ ਇਕ ਗੁਆਂਢਣ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਹਨ। ਅੱਜ ਗੁਰਪ੍ਰੀਤ ਸਿੰਘ ਨੂੰ ਉਸਦੀ ਭੈਣ ਸੰਦੀਪ ਕੌਰ ਸਮੇਤ ਡੇਢ ਸਾਲ ਦਾ ਬੇਟਾ ਅਭਿਜੋਤ ਸਿੰਘ ਅਤੇ ਸਾਲ ਦੀ ਬੇਟੀ ਹਰਲੀਨ ਕੌਰ ਲੈਣ ਲਈ ਆਏ ਸਨ।
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਗੁਰਪ੍ਰੀਤ ਸਿੰਘ ਨੂੰ ਤੰਦਰੁਸਤ ਭਵਿੱਖ ਦੀਆਂ ਸ਼ੁੱਭਕਾਮਨਾਵਾਂ ਦਿੰਦੇ ਹੋਏ ਕਿਹਾ ਕਿ ਜ਼ਿਲਾ ਪ੍ਰਸਾਸ਼ਨ ਪਰਿਵਾਰ ਨਾਲ ਮੋਢੇ ਨਾਲ ਮੋਢਾ ਜੋੜਕੇ ਖੜਾ ਹੈ ਅਤੇ ਜੇਕਰ ਭਵਿੱਖ ਵਿੱਚ ਕਿਸੇ ਵੀ ਤਰਾਂ ਦੀ ਦਿੱਕਤ ਆਉਂਦੀ ਹੈ ਤਾਂ ਪ੍ਰਸਾਸ਼ਨ ਪਿੱਛੇ ਨਹੀਂ ਹਟੇਗਾ। ਉਨਾਂ ਗੁਰਪ੍ਰੀਤ ਸਿੰਘ ਨਾਲ ਉਸਦੇ ਪਿਤਾ ਦੀ ਮੌਤ ‘ਤੇ ਦੁੱਖ ਵੀ ਸਾਂਝਾ ਕੀਤਾ।
ਡਿਪਟੀ ਕਮਿਸ਼ਨਰ ਨੇ ਆਈਸੋਲੇਸ਼ਨ ਵਾਰਡ ‘ਚ ਮੈਡੀਕਲ ਅਤੇ ਪੈਰਾ ਮੈਡੀਕਲ ਸਟਾਫ਼ ਵਜੋਂ ਸੇਵਾਵਾਂ ਨਿਭਾਉਣ ਵਾਲੇ ਹਸਪਤਾਲ ਦੇ ਕਰਮਚਾਰੀਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਅੱਜ ਉਨਾਂ ਨੂੰ ਇਸ ਗੱਲ ਦੀ ਸੰਤੁਸ਼ਟੀ ਹੈ ਕਿ ਉਨਾਂ ਵਲੋਂ ਤਨਦੇਹੀ ਨਾਲ ਨਿਭਾਈ ਡਿਊਟੀ ਸਦਕਾ ਇਕ ਮਰੀਜ਼ ਸਿਹਤਯਾਬ ਹੋ ਚੁੱਕਾ ਹੈ ਅਤੇ ਬਾਕੀ ਉਕਤ ਤਿੰਨ ਸਿਹਤਯਾਬੀ ਵੱਲ ਵੱਧ ਰਹੇ ਹਨ। ਉਨਾਂ ਕਿਹਾ ਕਿ ਉਨਾਂ ਨੂੰ ਪੂਰਨ ਆਸ ਹੈ ਕਿ ਬਾਕੀ ਦੇ ਤਿੰਨ ਮਰੀਜ਼ਾਂ ਦੇ ਸੈਂਪਲ ਵੀ ਨੈਗੇਟਿਵ ਆਉਣਗੇ ਅਤੇ ਉਹ ਵੀ ਖੁਸ਼ੀ-ਖੁਸ਼ੀ ਆਪਣੇ ਘਰਾਂ ਨੂੰ ਜਾਣਗੇ।
ਸ਼੍ਰੀਮਤੀ ਅਪਨੀਤ ਰਿਆਤ ਨੇ ਸਮੁੱਚੇ ਸਿਹਤ ਵਿਭਾਗ ਦੀ ਹੌਸਲਾ ਅਫਜ਼ਾਈ ਕਰਦਿਆਂ ਕਿਹਾ ਕਿ ਸਿਹਤ ਵਿਭਾਗ ਵਲੋਂ ਨਿਭਾਈ ਜਾ ਰਹੀ ਜਨੂੰਨੀ ਡਿਊਟੀ ਸਦਕਾ ਪਿਛਲੇ 13 ਦਿਨਾਂ ਤੋਂ ਜ਼ਿਲੇ ਵਿੱਚ ਕੋਈ ਵੀ ਪੋਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ। ਉਨ ਕਿਹਾ ਕਿ ਹੋਮ ਕੁਆਰਨਟਾਈਨ ਕੀਤੇ ਵਿਅਕਤੀ ਵੀ ਆਪਣੀ ਜ਼ਿੰਮੇਵਾਰੀ ਸਮਝਦਿਆਂ ਪਹਿਲਾਂ ਦੀ ਤਰਾਂ ਹੀ ਘਰਾਂ ਵਿੱਚ ਰਹਿਣ। ਉਨਾਂ ਆਸ ਪ੍ਰਗਟਾਈ ਕਿ ਇਕਜੁੱਟਤਾ ਨਾਲ ਜਲਦੀ ਹੀ ਕੋਰੋਨਾ ਖਿਲਾਫ ਜੰਗ ਜਿੱਤ ਲਈ ਜਾਵੇਗੀ। ਇਸ ਮੌਕੇ ਸਿਵਲ ਸਰਜਨ ਡਾ. ਜਸਵੀਰ ਸਿੰਘ, ਸਹਾਇਕ ਸਿਵਲ ਸਰਜਨ ਡਾ. ਪਵਨ ਕੁਮਾਰ, ਨੋਡਲ ਅਫ਼ਸਰ ਡਾ. ਸੈਲੇਸ਼, ਡਾ. ਸਤਪਾਲ ਗੋਜਰਾ, ਐਸ.ਐਮ.ਓ ਡਾ. ਜਸਵਿੰਦਰ ਸਿੰਘ, ਐਮ.ਡੀ. ਡਾ. ਜਸਬੀਰ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।