ਫ਼ਤਹਿਗੜ੍ਹ ਸਾਹਿਬ (ਸੂਦ)- ਕੋਵਿਡ-19 ਦੇ ਮੱਦੇਨਜ਼ਰ ਲਾਏ ਗਏ ਕਰਫਿਊ ਦੌਰਾਨ ਪਿੰਡਾਂ ਵਿੱਚ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਸਬੰਧੀ ਲਗਾਏ ਗਏ 550-550 ਬੂਟਿਆਂ ਦੀ ਦੇਖ ਭਾਲ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ। ਇਹ ਜਾਣਕਾਰੀ ਦਿੰਦਿਆਂ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਅਮਰੀਕ ਸਿੰਘ ਨੇ ਦੱਸਿਆ ਕਿ ਜ਼ਿਲ੍ਹੇ ਦੇ ਸਾਰੇ ਪਿੰਡਾਂ ਵਿੱਚ 550-550 ਬੂਟੇ ਲਾਏ ਗਏ ਹਨ ਤੇ ਉਨ੍ਹਾਂ ਦੀ ਸੰਭਾਲ ਮਗਨਰੇਗਾ ਤਹਿਤ ਕਰਵਾਈ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਬੂਟੇ ਲਾਉਣੇ ਜਿੰਨੇ ਜ਼ਰੂਰੀ ਹਨ, ਉਨ੍ਹਾਂ ਦੀ ਸੰਭਾਲ ਵੀ ਓਨੀ ਹੀ ਜ਼ਰੂਰੀ ਹੈ ਤਾਂ ਜੋ ਇਹ ਬੂਟੇ ਦਰਖ਼ਤ ਬਣ ਕੇ ਮਨੁੱਖਤਾ ਲਈ ਸਹਾਈ ਸਿੱਧ ਹੋਣ।ਵਧੀਕ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੂਟਿਆਂ ਦੀ ਸਾਂਭ ਸੰਭਾਲ ਵੇਲੇ ਸਮਾਜਿਕ ਵਿੱਥ ਦਾ ਪੂਰਾ ਖਿਆਲ ਰੱਖਿਆ ਜਾ ਰਿਹਾ ਹੈ ਅਤੇ ਕੰਮ ਕਰ ਰਹੀ ਲੇਬਰ ਨੂੰ ਸਖਤ ਹਦਾਇਤ ਕੀਤੀ ਗਈ ਹੈ ਕਿ ਕੰਮ ਕਰਨ ਵੇਲੇ ਆਪਣਾ ਮੂੰਹ ਰੁਮਾਲ ਜਾਂ ਮਾਸਕ ਨਾਲ ਢੱਕਿਆ ਜਾਵੇ ਅਤੇ ਇੱਕ ਦੂਜੇ ਤੋਂ ਘੱਟ ਤੋਂ ਘੱਟ ਇੱਕ ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ ਤਾਂ ਜੋ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਿਆ ਜਾ ਸਕੇ। ਉਨ੍ਹਾਂ ਕਿਹਾ ਕਿ ਮਗਨਰੇਗਾ ਕਾਮਿਆਂ ਵੱਲੋਂ ਸਿਹਤ ਵਿਭਾਗ ਵੱਲੋਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਦੱਸੀਆਂ ਗਈਆਂ ਸਾਵਧਾਨੀਆਂ ਦੀ ਪਾਲਣਾ ਕੀਤੀ ਜਾਣੀ ਯਕੀਨੀ ਬਣਾਈ ਗਈ ਹੈ।