ਪਲਾਜ਼ਮਾ ਡੋਨੇਟ ਕਰਨ ਮੋਹਰੀ ਅਹਿਮਦਾਬਾਦ ਦੀ ਸੁਮਿਤੀ

ਸੁਮਿਤੀ ਸਿੰਘ

ਦਿੱਲੀ (ਮੀਡੀਆ ਬਿਊਰੋ) ਸਰਕਾਰ ਸਾਰੇ ਠੀਕ ਹੋਏ ਮਰੀਜ਼ਾਂ ਨੂੰ ਪਲਾਜ਼ਮਾ ਡੋਨੇਟ ਕਰਨ ਦੀ ਅਪੀਲ ਕਰ ਰਹੀ ਹੈ। ਪਰ ਕਈ ਕਾਰਨਾਂ ਕਰਕੇ ਲੋਕ ਸਾਹਮਣੇ ਨਹੀਂ ਆ ਰਹੇ। ਅਜਿਹੇ ਵਿੱਚ ਗੁਜਰਾਤ ਦੇ ਅਹਿਮਦਾਬਾਦ ਦੀ ਰਹਿਣ ਵਾਲੀ ਸੁਮਿਤੀ ਸਿੰਘ ਵਰਗੇ ਕੁਝ ਲੋਕ ਇਸਦੇ ਲਈ ਦੂਜਿਆਂ ਨੂੰ ਪ੍ਰੇਰਿਤ ਕਰ ਰਹੇ ਹਨ।

ਇਲਾਜ ਤੋਂ ਬਾਅਦ ਕੋਰੋਨਾਵਾਇਰਸ ਨੂੰ ਹਰਾਉਣ ਵਾਲੀ ਸੁਮਿਤੀ ਨੇ ਹੁਣ ਦੂਜੇ ਮਰੀਜ਼ਾਂ ਨੂੰ ਬਚਾਉਣ ਲਈ ਆਪਣਾ ਪਲਾਜ਼ਮਾ ਡੋਨੇਟ ਕੀਤਾ ਹੈ। ਦਰਅਸਲ ਫਿਨਲੈਂਡ ਤੋਂ ਪਰਤਣ ਤੋਂ ਬਾਅਦ ਸੁਮਿਤੀ ਨੂੰ ਬੁਖ਼ਾਰ ਹੋਇਆ ਅਤੇ ਫਿਰ ਹਲਕੀ ਖੰਘ ਅਤੇ ਛਾਤੀ ਵਿੱਚ ਟਾਇਟਨੈੱਸ ਦੀ ਸ਼ਿਕਾਇਤ। ਉਨ੍ਹਾਂ ਵਿੱਚ ਕੋਰੋਨਾ ਦੇ ਹਲਕੇ ਲੱਛਣ ਸਨ। 18 ਮਾਰਚ ਨੂੰ ਉਨ੍ਹਾਂ ਨੂੰ ਅਹਿਮਦਾਬਾਦ ਦੇ ਸਰਦਾਰ ਵੱਲਭਭਾਈ ਪਟੇਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਅਤੇ 29 ਮਾਰਚ ਨੂੰ ਇਲਾਜ ਤੋਂ ਬਾਅਦ ਉਹ ਠੀਕ ਹੋ ਗਈ।

ਉਨ੍ਹਾਂ ਨੂੰ ਆਕਸੀਜਨ ਅਤੇ ਵੈਂਟੀਲੇਟਰ ‘ਤੇ ਜਾਣ ਦੀ ਲੋੜ ਨਹੀਂ ਪਈ। ਅਹਿਮਦਾਬਾਦ ਵਿੱਚ ਕੋਰੋਨਾਵਾਇਰਸ ਨੂੰ ਹਰਾ ਕੇ ਠੀਕ ਹੋਣ ਵਾਲੀ ਉਹ ਪਹਿਲੀ ਮਰੀਜ਼ ਸੀ। ਉਸ ਵੇਲੇ ਪਲਾਜ਼ਮਾ ਥੈਰੇਪੀ ਨੂੰ ਲੈ ਕੇ ਐਨੀ ਚਰਚਾ ਨਹੀਂ ਸੀ ਅਤੇ ਨਾ ਹੀ ਇਸਦੇ ਟਰਾਇਲ ਸ਼ੁਰੂ ਹੋਏ ਸਨ। ਪਰ ਠੀਕ ਹੋਣ ਤੋਂ 14 ਦਿਨ ਬਾਅਦ ਜਦੋਂ ਸੁਮਿਤੀ ਫੌਲੋਅਪ ਚੈਕਅਪ ਲਈ ਮੁੜ ਹਸਪਤਾਲ ਆਈ, ਤਾਂ ਡਾਕਟਰਾਂ ਨੇ ਉਨ੍ਹਾਂ ਨੂੰ ਦੱਸਿਆ ਕਿ ਉਹ ਚਾਹੇ ਤਾਂ ਦੂਜੇ ਕੋਰੋਨਾਵਾਇਰਸ ਮਰੀਜ਼ਾਂ ਦੇ ਇਲਾਜ ਲਈ ਪਲਾਜ਼ਮਾ ਡੋਨੇਟ ਕਰ ਸਕਦੀ ਹੈ। ਸੁਮਿਤੀ ਦੂਜੇ ਮਰੀਜ਼ਾਂ ਅਤੇ ਇਸ ਜੰਗ ਨੂੰ ਲੜ ਰਹੇ ਡਾਕਟਰਾਂ ਦੀ ਮਦਦ ਕਰਨਾ ਚਾਹੁੰਦੀ ਸੀ, ਪਰ ਉਨ੍ਹਾਂ ਦੇ ਅਤੇ ਪਰਿਵਾਰ ਦੇ ਮਨ ਵਿੱਚ ਕਈ ਤਰ੍ਹਾਂ ਦੇ ਖਦਸ਼ੇ ਵੀ ਸਨ। ਆਪਣੇ ਸਾਰੇ ਸਵਾਲਾਂ ਦੇ ਜਵਾਬ ਮਿਲਣ ਤੋਂ ਬਾਅਦ ਸੁਮਿਤੀ ਦੇ ਸਾਰੇ ਖਦਸ਼ੇ ਦੂਰ ਹੋ ਗਏ ਅਤੇ ਉਨ੍ਹਾਂ ਨੇ ਫ਼ੈਸਲਾ ਕੀਤਾ ਕਿ ਉਹ ਹੋਰਨਾਂ ਲੋਕਾਂ ਦੀ ਜ਼ਿੰਦਗੀ ਬਚਾਉਣ ਲਈ ਪਲਾਜ਼ਮਾ ਡੋਨੇਟ ਕਰੇਗੀ। ਸੁਮਿਤੀ ਦੱਸਦੀ ਹੈ ਕਿ ਉਨ੍ਹਾਂ ਨੂੰ ਪੂਰੀ ਪ੍ਰਕਿਰਿਆ ਵਿੱਚ 30 ਤੋਂ 40 ਮਿੰਟ ਦਾ ਸਮਾਂ ਲੱਗਿਆ ਅਤੇ ਉਨ੍ਹਾਂ ਦਾ 500 ਐਮਐਲ ਪਲਾਜ਼ਮਾ ਲਿਆ ਗਿਆ।

ਇਸ ਤੋਂ ਪਹਿਲਾਂ ਸੁਮਿਤੀ ਨੇ ਕਦੇ ਬਲੱਡ ਡੋਨੇਸ਼ਨ ਨਹੀਂ ਕੀਤਾ ਸੀ। ਉਨ੍ਹਾਂ ਲਈ ਇਹ ਸਭ ਨਵਾਂ ਸੀ। ਪਰ ਉਹ ਕਹਿੰਦੀ ਹੈ ਕਿ ਸਭ ਕੁਝ ਬਹੁਤ ਆਸਾਨੀ ਨਾਲ ਹੋ ਗਿਆ। ਕੁਝ ਮਿੰਟਾਂ ਲਈ ਵਿਚਾਲੇ ਜਿਹੀ ਥੋੜ੍ਹੀ ਘਬਰਾਹਟ ਹੋਈ ਤੇ ਥੋੜ੍ਹਾ ਸਿਰ ਦਰਦ ਹੋਇਆ। ਪਰ ਡਾਕਟਰਾਂ ਦੀ ਮਦਦ ਨਾਲ ਉਹ ਠੀਕ ਹੋ ਗਿਆ। ਡਾਕਟਰਾਂ ਮੁਤਾਬਕ ਇਸ ਵਿੱਚ ਕੋਈ ਘਬਰਾਉਣ ਵਾਲੀ ਗੱਲ ਨਹੀਂ ਹੈ, ਕਿਉਂਕਿ ਬਲੱਡ ਡੋਨੇਸ਼ਨ ਵੇਲੇ ਵੀ ਅਜਿਹਾ ਲਗਦਾ ਹੈ।

Share This :

Leave a Reply