ਨੈਗੇਟਿਵ ਪਾਏ ਗਏ ਮਰੀਜ਼ ਆਪਣਿਆਂ ਨੂੰ ਠੀਕ ਕਰਕੇ ਆਪਣੇ ਨਾਲ ਲਿਜਾਣ ’ਤੇ ਹੀ ਬਜ਼ਿੱਦ

ਨਵਾਂਸ਼ਹਿਰ ( ਏ-ਆਰ. ਆਰ. ਐੱਸ. ਸੰਧੂ ) ਇੱਕ ਪਾਸੇ ਜਿੱਥੇ ਕੋਰੋਨਾ ਕਾਰਨ ਆਪਣਿਆ ਵੱਲੋਂ ਹੀ ਮ੍ਰਿਤਕ ਸਰੀਰਾਂ ਦੀ ਅੰਤਮ ਕਿਰਿਆ ਤੋਂ ਦੂਰ ਰਹਿਣ ਕਾਰਨ ਖੂਨ ਦੇ ਰਿਸ਼ਤਿਆਂ ਦੇ ਤਾਰ-ਤਾਰ ਹੋਣ ਦੀਆਂ ਖਬਰਾਂ ਆ ਰਹੀਆਂ ਹਨ, ਉੱਥੇ ਨਵਾਂਸ਼ਹਿਰ ਦੇ ਕੋਰੋਨਾ ਤੋਂ ਮੁਕਤ ਹੋਏ ਮਰੀਜ਼ ਜ਼ਿਲ੍ਹਾ ਸਿਵਲ ਹਸਪਤਾਲ ’ਚ ਆਪਣਿਆਂ ਦੇ ਠੀਕ ਹੋਣ ਤੱਕ ਉੱਥੇ ਹੀ ਰਹਿਣ ਲਈ ਬਜ਼ਿੱਦ ਹਨ। ਪਠਲਾਵਾ ਤੋਂ ਸਵਰਗੀ ਬਾਬਾ ਬਲਦੇਵ ਸਿੰਘ ਦੇ ਪੁੱਤਰ ਫ਼ਤਿਹ ਸਿੰਘ ਦਾ ਲਗਾਤਾਰ ਦੂਸਰਾ ਟੈਸਟ ਚਾਹੇ 6 ਅਪਰੈਲ ਨੂੰ ਨੈਗੇਟਿਵ ਆਉਣ ਨਾਲ ਉਹ ਸਿਹਤ ਵਿਭਾਗ ਵੱਲੋਂ ਸਿਹਤਯਾਬ ਐਲਾਨ ਦਿੱਤਾ ਗਿਆ ਸੀ ਪਰੰਤੂ ਉਸ ਦਾ ਕਹਿਣਾ ਹੈ ਕਿ ਉਹ ਆਪਣੇ ਪਰਿਵਾਰ ਦੇ ਹੋਰਨਾਂ ਮੈਂਬਰਾਂ ਦੇ ਸਿਹਤਯਾਬ ਹੋਣ ਤੱਕ ਇੱਥੇ ਹੀ ਰਹੇਗਾ।

ਉਸ ਦੇ ਹੋਰਨਾਂ ਪਰਿਵਾਰਿਕ ਮੈਂਬਰਾਂ ’ਚੋਂ 7 ਅਪਰੈਲ ਨੂੰ ਬੇਟੀ ਗੁਰਲੀਨ ਕੌਰ, ਪੁੱਤਰ ਮਨਜਿੰਦਰ ਸਿੰਘ, ਭਤੀਜੀਆਂ ਹਰਪ੍ਰੀਤ ਕੌਰ ਤੇ ਕਿਰਨਪ੍ਰੀਤ ਕੌਰ ਦੀਆਂ ਰਿਪੋਰਟਾਂ ਚਾਹੇ ਨੈਗੇਟਿਵ ਆ ਚੁੱਕੀਆਂ ਹਨ ਪਰੰਤੂ 14 ਜੀਆਂ ’ਚੋਂ 5 ਦੀਆਂ ਰਿਪੋਰਟਾਂ ਨੈਗੇਟਿਵ ਆ ਚੁੱਕੀਆਂ ਹਨ ਪਰੰਤੂ ਪਰਿਵਾਰਿਕ ਸਾਂਝ ਏਨੀ ਮਜ਼ਬੂਤ ਹੈ ਕਿ ਇਸ ਮੁਸ਼ਕਿਲ ਦੇ ਸਮੇਂ ’ਚ ਵੀ ਪਰਿਵਾਰ ਇੱਕਜੁੱਟ ਹੈ। ਫ਼ਤਿਹ ਸਿੰਘ ਦਾ ਦੋ ਸਾਲ ਦਾ ਪੁੱਤਰ ਮਨਜਿੰਦਰ ਸਿੰਘ ਆਈਸੋਲੇਸ਼ਨ ਸਮਾਂ ਪੂਰਾ ਕਰਨ ਬਾਅਦ ਕਲ੍ਹ 7 ਅਪਰੈਲ ਨੂੰ ਲਗਾਤਾਰ ਦੂਸਰੇ ਟੈਸਟ ’ਚ ਨੈਗੇਟਿਵ ਆ ਚੁੱਕਾ ਹੈ ਪਰੰਤੂ ਮਾਂ ਤੋਂ ਅਲੱਗ ਨਹੀਂ ਹੋ ਰਿਹਾ। ਦੋਵੇਂ ਮਾਂ-ਪੁੱਤ ਇਕੱਠੇ ਹੀ ਹਨ।ਆਈਸੋਲੇਸ਼ਨ ਵਾਰਡ ’ਚ ਮੌਜੁਦ ਸਵਰਗੀ ਬਲਦੇਵ ਸਿੰਘ ਦੇ ਪਰਿਵਾਰਿਕ ਮੈਂਬਰਾਂ ਦੀ ਇਸ ਮੁਸ਼ਕਿਲ ਦੀ ਘੜੀ ’ਚ ਵੀ ਸਾਂਝ ਏਨੀ ਪੀਢੀ ਬਣੀ ਹੋਈ ਹੈ ਕਿ ਉਹ ਇੱਕ ਦੂਸਰੇ ਦੀਆਂ ਤੰਦਰੁਸਤੀ ਦੀਆਂ ਦੁਆਵਾਂ ਕਰਦੇ ਹਨ। ਪਰਿਵਾਰ ਇਸ ਗੱਲ ’ਤੇ ਵੀ ਇੱਕ ਜੁੱਟ ਹੈ ਕਿ ਸਵਰਗੀ ਬਲਦੇਵ ਸਿੰਘ ਦੇ ਅਸਥ ਚੁਗਣ ਦੀ ਰਸਮ ਵੀ, ਸਮੁੱਚੇ ਪਰਿਵਾਰਿਕ ਮੈਂਬਰਾਂ ਦੇ ਬਾਹਰ ਆਉਣ ’ਤੇ ਹੀ ਕੀਤੀ ਜਾਵੇਗੀ।
ਇਸੇ ਤਰ੍ਹਾਂ ਗੁਰਦੁਆਰਾ ਸੰਤ ਬਾਬਾ ਘਨੱਈਆ ਸਿੰਘ ਜੀ ਦੇ ਮੁਖੀ ਬਾਬਾ ਗੁਰਬਚਨ ਸਿੰਘ ਪਠਲਾਵਾ ਦਾ ਆਈਸੋਲੇਸ਼ਨ ਵਾਰਡ ’ਚ ਰਹਿਣ ਉਪਰੰਤ ਕੱਲ੍ਹ ਦੂਸਰਾ ਟੈਸਟ ਵੀ ਨੈਗੇਟਿਵ ਆਇਆ ਪਰੰਤੂ ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੇ ਨਾਲ ਰਹਿਣ ਵਾਲੇ ਸੇਵਕ ਦਾ ਟੈਸਟ ਨੈਗੇਟਿਵ ਨਹੀਂ ਆਉਂਦਾ, ਉਹ ਉਸ ਦੀ ਉਡੀਕ ਕਰਨਗੇ। ਇਸੇ ਤਰ੍ਹਾਂ ਉਨ੍ਹਾਂ ਦੇ ਨਾਲ ਗੁਰਦੁਆਰਾ ਸਾਹਿਬ ਵਿੱਚ ਸੇਵਾ ਕਰਦੇ ਲਧਾਣਾ ਝਿੱਕਾ ਦੇ ਬਾਬਾ ਦਲਜਿੰਦਰ ਸਿੰਘ ਦਾ ਟੈਸਟ ਵੀ ਕਲ੍ਹ ਦੂਸਰੀ ਵਾਰ ਨੈਗੇਟਿਵ ਆਇਆ ਹੈ ਪਰੰਤੂ ਉਹ ਵੀ ਬਾਬਾ ਜੀ ਦੇ ਨਾਲ ਹੀ ਜਾਣਗੇ। ਉੱਧਰ ਪਿੰਡ ਪਠਲਾਵਾ ਦੇ ਸਰਪੰਚ ਹਰਪਾਲ ਸਿੰਘ ਦਾ ਆਪਣੀ ਮਾਤਾ ਪ੍ਰੀਤਮ ਸਿੰਘ ਨਾਲ ਏਨਾ ਗੂੜ੍ਹਾ ਪਿਆਰ ਹੈ ਕਿ ਉਹ ਆਪਣੇ ਟੈਸਟ ਨੈਗੇਟਿਵ ਆਉਣ ਦੇ ਬਾਵਜੂਦ ਮਾਤਾ ਜੀ ਦੀ ਸੇਵਾ ’ਚ ਜੁਟੇ ਹੋਏ ਹਨ। ਉਨ੍ਹਾਂ ਦੀ ਮਾਤਾ ਵੀ ਪਾਜ਼ੇਟਿਵ ਆਉਣ ਬਾਅਦ ਆਈਸੋਲੇਸ਼ਨ ਵਾਰਡ ’ਚ ਲਿਆਂਦੇ ਗਏ ਸਨ, ਜਿਨ੍ਹਾਂ ਦਾ ਆਈਸੋਲੇਸ਼ਨ ਸਮਾਂ ਪੂਰਾ ਹੋਣ ਬਾਅਦ ਦੁਬਾਰਾ ਪਹਿਲਾ ਸੈਂਪਲ ਟੈਸਟ ਲਈ ਭੇਜਿਆ ਗਿਆ ਹੈ।
ਐਸ ਐਮ ਓ ਡਾ. ਹਰਵਿੰਦਰ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਦੋਂ ਕੋਰੋਨਾ ਦੀ ਦਹਿਸ਼ਤ ਆਪਸੀ ਰਿਸ਼ਤੇ ਖਤਮ ਕਰ ਰਹੀ ਹੈ ਤਾਂ ਨਵਾਂਸ਼ਹਿਰ ਦੇ ਜ਼ਿਲ੍ਹਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ’ਚ ਪਰਿਵਾਰਿਕ ਤੇ ਸਮਾਜਿਕ ਰਿਸ਼ਤਿਆਂ ਦੀ ਸਾਂਝ ਪਹਿਲਾਂ ਤੋਂ ਵੀ ਮਜ਼ਬੂਤ ਬਣੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਕਿ ਠੀਕ ਹੋਏ ਮਰੀਜ਼ਾਂ ਨੂੰ ਦੂਸਰੇ ਮਰੀਜ਼ਾਂ ਤੋਂ ਅਲੱਗ ਵਾਰਡ ’ਚ ਰੱਖਿਆ ਗਿਆ ਹੈ ਤਾਂ ਜੋ ਉਹ ਆਪਣੇ ਬਾਕੀ ਪਰਿਵਾਰਿਕ ਮੈਂਬਰਾਂ ਦੇ ਨਤੀਜਿਆਂ ਦੀ ਉਡੀਕ ਕਰ ਸਕਣ। ਉਨ੍ਹਾਂ ਕਿਹਾ ਕਿ ਹਸਪਤਾਲ ਸਟਾਫ਼ ਵੱਲੋਂ ਇਲਾਜ ਅਧੀਨ ਅਤੇ ਠੀਕ ਹੋਏ ਮਰੀਜ਼ਾਂ ਦੀ ਸੇਵਾ ਭਾਵਨਾ ’ਚ ਕੋਈ ਕਮੀ ਨਹੀਂ ਰੱਖੀ ਜਾਵੇਗੀ।

Share This :

Leave a Reply