ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਵਿਧਾਨ ਸਭਾ ਹਲਕਾ ਨਵਾਂਸ਼ਹਿਰ ਦੇ ਅੰਗਦ ਸਿੰਘ ਨੇ ਅੱਜ ਨਵਾਂਸ਼ਹਿਰ ਮੰਡੀ ’ਚ ਕਣਕ ਦੀ ਖਰੀਦ ਸ਼ੁਰੂ ਕਰਵਾਉਂਦੇ ਹੋਏ ਕਿਹਾ ਕਿ ਕੋਰੋਨਾ ਵਾਇਰਸ ਕਰਫ਼ਿਊ ਦੌਰਾਨ ਕਿਸਾਨਾਂ ਪ੍ਰਤੀ ਸਰਕਾਰ ਦੀ ਵਚਨਬੱਧਤਾ ’ਚ ਕੋਈ ਕਮੀ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਖੁਰਾਕ ਤੇ ਸਪਲਾਈ ਮੰਤਰੀ ਭਾਰਤ ਭੂਸ਼ਨ ਆਸ਼ੂ ਵੱਲੋਂ ਖਰੀਦ ਕੇਂਦਰਾਂ ਦੀ ਗਿਣਤੀ ਵਧਾ ਕੇ ਅਤੇ ਮੰਡੀਆਂ ’ਚ ਭੀੜ ਨਾ ਜਮ੍ਹਾਂ ਹੋਣ ਦੇਣ ਲਈ ਕੂਪਨ ਸਿਸਟਮ ਚਲਾਉਣ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਲ ਕਣਕ ਦਾ ਖਰੀਦ ਸੀਜ਼ਨ ਨਿਰਵਿਘਨਤਾ ਨਾਲ ਨੇਪਰੇ ਚੜ੍ਹੇਗਾ ਵਿਧਾਇਕ ਅੰਗਦ ਸਿੰਘ ਨੇ ਸਮੁੱਚੇ ਮੰਡੀ ਅਮਲੇ ਅਤੇ ਆੜ੍ਹਤੀਆਂ ਨੂੰ ਤਾਕੀਦ ਕੀਤੀ ਕਿ ਉਹ ਵਿਸ਼ਵ ਭਰ ’ਚ ਫੈਲੀ ਮਹਾਂਮਾਰੀ ਕੋਰੋਨਾ ਵਾਇਰਸ ਤੋਂ ਆਪਣੇ ਸਟਾਫ਼, ਖਰੀਦ ਏਜੰਸੀਆਂ, ਮੁਨੀਮਾਂ, ਤੋਲਿਆਂ, ਲੇਬਰ, ਕਿਸਾਨਾਂ ਨੂੰ ਬਚਾਉਣ ਲਈ ‘ਸੋਸ਼ਲ ਡਿਸਟੈਂਸਿੰਗ’ ਤੇ ਪੂਰਾ ਧਿਆਨ ਦੇਣ ਅਤੇ ਮੰਡੀਆਂ ਦੀ ਸੈਨੇਟਾਈਜ਼ੇਸ਼ਨ ਵੀ ਕਰਵਾਈ ਜਾਵੇ।
ਉਨ੍ਹਾਂ ਇਸ ਮੌਕੇ ਮੰਡੀ ’ਚ ਜਿਣਸ ਲੈ ਕੇ ਅਨੰਤ ਕੁਮਾਰ ਦੀ ਢੇਰੀ ਦੀ ਬੋਲੀ ਆਪਣੀ ਹਾਜ਼ਰੀ ’ਚ ਲਗਵਾਈ। ਅਨੰਤ ਕੁਮਾਰ ਨੇ ਇਸ ਮੌਕੇ ਸਰਕਾਰ ਵੱਲੋਂ ਕੋਵਿਡ ਨਾਲ ਨਿਪਟਦੇ ਹੋਏ ਕਣਕ ਦੀ ਨਿਰਵਿਘਨ ਖਰੀਦ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ਦੀ ਸ਼ਲਾਘਾ ਕੀਤੀ। ਉਸ ਦਾ ਕਹਿਣਾ ਸੀ ਕਿ ਉਹ ਅੱਜ ਹੀ ਆੜ੍ਹਤੀ ਵੱਲੋਂ ਜਾਰੀ ਕੀਤੇ ਪਾਸ ’ਤੇ ਕਣਕ ਦੀ ਟਰਾਲੀ ਲੈ ਕੇ ਆਇਆ ਸੀ ਅਤੇ ਆਉਂਦਿਆਂ ਹੀ ਉਸ ਦੀਆਂ ਤਿੰਨਾਂ ਢੇਰੀਆਂ ਦਾ ਭਾਅ ਲੱਗ ਗਿਆ। ਉਸ ਨੇ ਸਰਕਾਰ ਵੱਲੋਂ ਕੀਤੇ ਪ੍ਰਬੰਧਾਂ ’ਤੇ ਤਸੱਲੀ ਪ੍ਰਗਟਾਈ। ਇਸ ਮੌਕੇ ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਡੀ ਐਸ ਪੀ ਹਰਨੀਲ ਸਿੰਘ, ਚੇਅਰਮੈਨ ਮਾਰਕੀਟ ਕਮੇਟੀ ਚਮਨ ਸਿੰਘ ਭਾਨ ਮਜਾਰਾ, ਸਕੱਤਰ ਮਾਰਕੀਟ ਕਮੇਟੀ ਪਰਮਜੀਤ ਸਿੰਘ, ਆੜ੍ਹਤੀ ਐਸੋਸੀਏਸ਼ਨ ਦੇ ਪ੍ਰਧਾਨ ਮਨਜਿੰਦਰ ਵਾਲੀਆ, ਵਿਕਾਸ ਸੋਨੀ ਅਤੇ ਹੋਰ ਆੜ੍ਹਤੀ ਤੇ ਖਰੀਦ ਏਜੰਸੀਆਂ ਦੇ ਪ੍ਰਤੀਨਿਧ ਮੌਜੂਦ ਸਨ।