ਪਟਿਆਲਾ ( ਅਰਵਿੰਦਰ ਸਿੰਘ ) ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲਗਾਏ ਗਏ ਕਰਫਿਊ ਦੌਰਾਨ ਸਲੰਮ ਬਸਤੀਆਂ ਤੇ ਸ਼ਹਿਰ ਦੀਆਂ ਹੋਰਨਾਂ ਕਲੋਨੀਆਂ ਵਿਖੇ ਲੋੜਵੰਦ ਮਹਿਲਾਵਾਂ ਤੇ ਬੱਚੀਆਂ ਨੂੰ ਸਰੀਰਕ ਸਵੱਛਤਾ ਲਈ ਨਗਰ ਨਿਗਮ ਪਟਿਆਲਾ ਵੱਲੋਂ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਅੱਜ 10 ਹਜ਼ਾਰ ਸੈਨਟਰੀ ਨੈਪਕਿਨ ਮੁਫ਼ਤ ਵੰਡਣ ਦੀ ਸ਼ੁਰੂਆਤ ਕੀਤੀ ਗਈ।
ਜਿਕਰਯੋਗ ਹੈ ਕਿ ਸ੍ਰੀਮਤੀ ਪਰਨੀਤ ਕੌਰ ਨੇ ਗਰੀਬ ਤੇ ਲੋੜਵੰਦ ਪਰਿਵਾਰਾਂ ਨਾਲ ਸਬੰਧਤ ਮਹਿਲਾਵਾਂ ਸਮੇਤ ਸਲੰਮ ਬਸਤੀਆਂ ਦੀਆਂ ਵਸਨੀਕ ਮਹਿਲਾਵਾਂ ਤੇ ਉਨ੍ਹਾਂ ਦੀਆਂ ਬੱਚੀਆਂ ਦੀ ਸਰੀਰਕ ਸਫ਼ਾਈ ਵੱਲ ਵਿਸ਼ੇਸ਼ ਤਵੱਜੋ ਦਿੰਦਿਆਂ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੂੰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁਫ਼ਤ ਸੈਨਟਰੀ ਨੈਪਕਿਨ ਮੁਹੱਈਆ ਕਰਵਾਉਣ ਲਈ ਕਿਹਾ ਸੀ।
ਇਸ ਤਹਿਤ ਨਗਰ ਨਿਗਮ ਦੇ ਕਮਿਸ਼ਨਰ ਸ੍ਰੀਮਤੀ ਪੂਨਮਦੀਪ ਕੌਰ ਦੀ ਅਗਵਾਈ ਹੇਠ ਨਿਗਮ ਦੀਆਂ ਮਹਿਲਾ ਕਰਮਚਾਰਨਾਂ ਨੇ ਸ਼ਹਿਰ ਦੀਆਂ ਵੱਖ-ਵੱਖ ਕਲੋਨੀਆਂ ਖਾਸ ਕਰਕੇ ਸਲੰਤ ਬਸਤੀਆਂ ਵਿਖੇ ਜਾ ਕੇ ਮਹਿਲਾਵਾਂ ਅਤੇ ਬੱਚੀਆਂ ਨੂੰ 10 ਹਜ਼ਾਰ ਸੈਨਟਰੀ ਨੈਪਕਿਨ ਤਕਸੀਮ ਕਰਨ ਦੀ ਸ਼ੁਰੂਆਤ ਕੀਤੀ। ਇਸ ਦੌਰਾਨ ਇਨ੍ਹਾਂ ਮਹਿਲਾਵਾਂ ਨੂੰ ਆਪਣੇ ਸਰੀਰ ਦੀ ਸਾਫ਼-ਸਫ਼ਾਈ ਦਾ ਖਾਸ ਧਿਆਨ ਰੱਖਦਿਆਂ ਮਾਸਿਕ ਧਰਮ ਦੌਰਾਨ ਸੈਨਟਰੀ ਨੈਪਕਿਨ ਦੀ ਵਰਤੋਂ ਕਰਨ ਬਾਰੇ ਸੁਚੇਤ ਕੀਤਾ।
ਸ੍ਰੀਮਤੀ ਪੂਨਮਦੀਪ ਕੌਰ ਨੇ ਦੱਸਿਆ ਕਿ ਨਗਰ ਨਿਗਮ ਨੇ ਲੋਕ ਸਭਾ ਮੈਂਬਰ ਸ੍ਰੀਮਤੀ ਪਰਨੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਪਟਿਆਲਾ ਦੀਆਂ ਸਲੰਤ ਬਸਤੀਆਂ ਲੱਕੜ ਮੰਡੀ, ਰੋੜੀ ਕੁੱਟ ਮੁਹੱਲਾ ਸਮੇਤ ਹੋਰਨਾਂ ਥਾਵਾਂ ਵਿਖੇ, ਜਿੱਥੇ ਕਿਤੇ ਵੀ ਲੋੜਵੰਦ ਮਹਿਲਾਵਾਂ ਤੇ ਬੱਚੀਆਂ ਨੂੰ ਸੈਨਟਰੀ ਨੈਪਕਿਨਜ ਦੀ ਜਰੂਰਤ ਹੋਵੇਗੀ, ਲਈ ਉਨ੍ਹਾਂ ਦੀ ਸਰੀਰਕ ਸਾਫ਼-ਸਫ਼ਾਈ ਦੇ ਮੱਦੇਨਜ਼ਰ ਇਹ ਨੈਪਕਿਨ ਵੰਡੇ ਜਾਣਗੇ।
ਸ੍ਰੀਮਤੀ ਪੂਨਮਦੀਪ ਕੌਰ ਨੇ ਕਿਹਾ ਕਿ ਜੇਕਰ ਮਹਿਲਾਵਾਂ ਆਪਣੇ ਸਰੀਰ ਦੀ ਸਾਫ਼ ਸਫ਼ਾਈ ਦਾ ਧਿਆਨ ਨਹੀਂ ਰੱਖਣਗੀਆਂ ਤਾਂ ਉਹ ਚਮੜੀ ਜਾਂ ਕਈ ਹੋਰ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੀਆਂ ਹਨ, ਇਸ ਲਈ ਨਗਰ ਨਿਗਮ ਨੇ ਇਨ੍ਹਾਂ ਥਾਵਾਂ ਵਿਖੇ ਮਹਿਲਾਵਾਂ ਨੂੰ ਇਹ 10 ਹਜ਼ਾਰ ਸੈਨੇਟਰੀ ਨੈਪਕਿਨ ਮੁਫ਼ਤ ਪ੍ਰਦਾਨ ਕਰਨ ਦਾ ਤਹੱਈਆ ਕੀਤਾ ਹੈ।