ਤਹਿਸੀਲ ਬੰਗਾ ’ਚੋਂ 88 ਕਸ਼ਮੀਰੀ ਵਿਅਕਤੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਜੰਮੂ-ਕਸ਼ਮੀਰ ਭੇਜਿਆ ਗਿਆ

ਬੰਗਾ (ਏ-ਆਰ. ਆਰ. ਐੱਸ. ਸੰਧੂ) ਜ਼ਿਲ੍ਹਾ ਪ੍ਰਸ਼ਾਸਨ ਸ਼ਹੀਦ ਭਗਤ ਸਿੰਘ ਨਗਰ ਵੱਲੋਂ ਕੋਵਿਡ ਕਰਫ਼ਿਊ/ਲਾਕਡਾਊਨ ਕਾਰਨ ਇੱਥੇ ਹੀ ਰਹਿ ਗਏ ਜੰਮੂ-ਕਸ਼ਮੀਰ ਦੇ ਵਿਅਕਤੀਆਂ ਨੂੰ ਉਨ੍ਹਾਂ ਦੇ ਗ੍ਰਹਿ ਰਾਜ ਭੇਜਣ ਦੀ ਲੜੀ ਅਧੀਂਨ ਅੱਜ ਐਸ ਡੀ ਐਮ ਬੰਗਾ ਗੌਤਮ ਜੈਨ ਵੱਲੋਂ 88 ਵਿਅਕਤੀਆਂ ਨੂੰ ਤਿੰਨ ਬੱਸਾਂ ’ਚ ਰਵਾਨਾ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਰਮਜ਼ਾਨ ਦਾ ਮਹੀਨਾ ਹੋਣ ਕਾਰਨ ਇਹ ਵਿਅਕਤੀ ਇੱਥੋਂ ਜਾਣ ਲਈ ਕਾਹਲੇ ਸਨ, ਜਿਸ ’ਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੰਜਾਬ ਸਰਕਾਰ ਦੀਆਂ ਹਦਾਇਤਾਂ ਮੁਤਾਬਕ ਇਨ੍ਹਾਂ ਦੀ ਸਿਹਤ ਜਾਂਚ ਕਰਵਾਉਣ ਉਪਰੰਤ ਇਨ੍ਹਾਂ ਦੇ ਘਰ ਜਾਣ ਦਾ ਪ੍ਰਬੰਧ ਕੀਤਾ ਗਿਆ।

ਉਨ੍ਹਾਂ ਦੱਸਿਆ ਕਿ ਤਿੰਨ ਹੋਰ ਜੰਮੂ-ਕਸ਼ਮੀਰ ਨਾਲ ਸਬੰਧਤ ਵਿਅਕਤੀਆਂ ਦੇ ਟੈਸਟਾਂ ਦੇ ਨਤੀਜੇ ਨਾ ਆਉਣ ਕਾਰਨ ਉਨ੍ਹਾਂ ਨੂੰ ਨਤੀਜੇ ਆਉਣ ਤੱਕ ਰੋਕ ਲਿਆ ਗਿਆ ਹੈ। ਐਸ ਡੀ ਐਮ ਸ੍ਰੀ ਜੈਨ ਅਨੁਸਾਰ ਇਨ੍ਹਾਂ ਵਿਅਕਤੀਆਂ ਦਾ ਜਿੱਥੇ ਇੱਥੇ ਰਹਿਣ ਦੌਰਾਨ ਰਾਸ਼ਨ ਆਦਿ ਦਾ ਪ੍ਰਬੰਧ ਕੀਤਾ ਗਿਆ ਉੱਥੇ ਅੱਜ ਸਵੇਰੇ ਜਾਣ ਤੋਂ ਪਹਿਲਾਂ ਸਵੇਰ ਦਾ ਖਾਣਾ ਵੀ ਖੁਆਇਆ ਗਿਆ ਅਤੇ ਨਾਲ ਦਾ ਖਾਣਾ ਵੀ ਪੈਕ ਕਰਕੇ ਦਿੱਤਾ ਗਿਆ। ਉਨ੍ਹਾਂ ਦੱਸਿਆ ਕਿ ਜਾਣ ਤੋਂ ਪਹਿਲਾਂ ਸਿਵਲ ਹਸਪਤਾਲ ਬੰਗਾ ਦੀ ਟੀਮ ਵੱਲੋਂ ਇਨ੍ਹਾਂ ਦੀ ਸਿਹਤ ਜਾਂਚ ਕਰਨ ਦੇ ਨਾਲ-ਨਾਲ ਇਨ੍ਹਾਂ ਵਿਅਕਤੀਆਂ ਨੂੰ ਕੋਵਿਡ ਤੋਂ ਬਚਣ ਦੇ ਸਮੂਹ ਉਪਰਾਲਿਆਂ ਬਾਰੇ ਵੀ ਜਾਣੂ ਕਰਵਾਇਆ ਗਿਆ। ਐਸ ਡੀ ਐਮ ਅਨੁਸਾਰ ਇਨ੍ਹਾਂ ਵਿਅਕਤੀਆਂ ਵੱਲੋਂ ਜਾਣ ਤੋਂ ਪਹਿਲਾਂ ਪ੍ਰਸ਼ਾਸਨ ਦਾ ਤਹਿ ਦਿਲ ਤੋਂ ਧੰਨਵਾਦ ਵੀ ਪ੍ਰਗਟਾਇਆ ਗਿਆ। ਸ੍ਰੀ ਜੈਨ ਅਨੁਸਾਰ ਅੱਜ ਬੰਗਾ ਤੋਂ ਭੇਜੇ ਇਨ੍ਹਾਂ 88 ਵਿਅਕਤੀਆਂ ਸਮੇਤ ਅੱਜ ਅਤੇ ਕਲ੍ਹ ਸਮੁੱਚੇ ਜ਼ਿਲ੍ਹੇ ’ਚੋਂ 371 ਵਿਅਕਤੀ ਜੰਮੂ-ਕਸ਼ਮੀਰ ਭੇਜੇ ਜਾ ਚੁੱਕੇ ਹਨ। ਇਸ ਮੌਕੇ ਤਹਿਸੀਲਦਾਰ ਅਜੀਤਪਾਲ ਸਿੰਘ ਵੀ ਮੌਜੂਦ ਸਨ।

Share This :

Leave a Reply