ਪਟਿਆਲਾ ( ਅਰਵਿੰਦਰ ਸਿੰਘ ) ਪਟਿਆਲਾ ਦੇ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਸਮੂਹ ਜ਼ਿਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਹਿੰਦ ਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 12 ਅਪ੍ਰੈਲ ਨੂੰ ਆ ਰਿਹਾ ਪ੍ਰਕਾਸ਼ ਪੁਰਬ ਅਤੇ 13 ਅਪ੍ਰੈਲ ਨੂੰ ਖ਼ਾਲਸੇ ਦਾ ਸਾਜਨਾ ਦਿਹਾੜਾ ਵਿਸਾਖੀ ਆਪਣੇ ਘਰਾਂ ਵਿੱਚ ਹੀ ਰਹਿ ਕੇ ਮਨਾਉਣ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਹੈ ਕਿ ਇਸ ਵਾਰ ਅਸੀਂ ਸਾਰੇ ਰਲਕੇ ਕੋਰੋਨਾਵਾਇਰਸ ਕੋਵਿਡ-19 ਦੀ ਮਹਾਂਮਾਰੀ ਨਾਂਲ ਜੰਗ ਲੜ ਰਹੇ ਹਾਂ ਪਰ ਇਸ ‘ਤੇ ਜਿੱਤ ਅਸੀਂ ਤਾਂ ਹੀ ਪਾ ਸਕਾਂਗੇ ਜੇਕਰ ਅਸੀਂ ਸਮਾਜਿਕ ਦੂਰੀ ਦੇ ਨਿਯਮ ਨੂੰ ਅਪਣਾਉਂਦੇ ਹੋਏ ਆਪਣੇ ਘਰਾਂ ਵਿੱਚ ਹੀ ਰਹੀਏ। ਉਨ੍ਹਾਂ ਕਿਹਾ ਕਿ ਇਸ ਜੰਗ ਨੂੰ ਪੰਜਾਬ ਸਰਕਾਰ ਅਤੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਸਮੂਹ ਨਾਗਰਿਕਾਂ ਦੇ ਸਹਿਯੋਗ ਨਾਲ ਜਿੱਤਿਆ ਜਾ ਸਕੇਗਾ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਸਾਖੀ ਨੂੰ ਆਪਣੇ ਘਰਾਂ ਵਿੱਚ ਹੀ ਮਨਾਉਣ ਬਾਰੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਵੀ ਅਪੀਲ ਕਰ ਚੁੱਕੇ ਹਨ ਅਤੇ ਪੰਜਾਬ ਸਰਕਾਰ ਨੇ ਵੀ ਕੋਵਿਡ 19 ਦੇ ਚੱਲਦੇ ਇਕੱਠ ਕਰਨ ਉਤੇ ਰੋਕ ਲਗਾਈ ਹੋਈ ਹੈ। ਇਸ ਲਈ ਸਾਨੂੰ ਸਾਰੇ ਵੱਡੇ ਤਿਉਹਾਰਾਂ ਨੂੰ ਇਸ ਵਾਰ ਆਪਣੇ ਘਰਾਂ ਵਿੱਚ ਹੀ ਰਹਿ ਕੇ ਮਨਾਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਅਸੀਂ ਆਪਣੇ ਘਰਾਂ ਵਿੱਚੋਂ ਬਾਹਰ ਨਿਕਲੇ ਤਾਂ ਸਾਡੇ ਸਭਨਾਂ ਵੱਲੋਂ ਕੋਵਿਡ-19 ਨਾਲ ਲੜੀ ਜਾ ਰਹੀ ਜੰਗ ਪ੍ਰਭਾਵਤ ਹੋਵੇਗੀ ਪਰ ਅਸੀਂ ਤੁਹਾਡੇ ਸਾਥ ਨਾਲ ਹੀ ਇਹ ਨਿਸ਼ਚਾ ਕੀਤਾ ਹੈ ਕਿ ਅਸੀਂ ਇਸ ਜੰਗ ਵਿੱਚ ਜੇਤੂ ਹੋ ਕੇ ਨਿੱਕਲਣਾਂ ਹੈ।
ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਸਰਕਾਰ ਨੇ 2021 ਵਿੱਚ ਆ ਰਿਹਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਸਮੂਹ ਸੰਗਤ ਦੇ ਸਹਿਯੋਗ ਨਾਲ ਵੱਡੇ ਪੱਧਰ ਉਤੇ ਮਨਾਉਣ ਦਾ ਫੈਸਲਾ ਪਹਿਲਾਂ ਹੀ ਕੀਤਾ ਹੋਇਆ ਹੈ। ਉਨ੍ਹਾਂ ਦੱਸਿਆ ਕਿ ਇਸ ਲਈ ਪੰਜਾਬ ਸਰਕਾਰ ਨੇ ਤਿਆਰੀਆਂ ਵੀ ਜੰਗੀ ਪੱਧਰ ‘ਤੇ ਸ਼ੁਰੂ ਕਰ ਦਿੱਤੀਆਂ ਸਨ ਅਤੇ ਇਸੇ 12 ਅਪ੍ਰੈਲ ਨੂੰ ਬਾਬਾ ਬਕਾਲਾ ਸਾਹਿਬ ਵਿਖੇ ਗੁਰੂ ਸਾਹਿਬ ਦੇ ਪਾਵਨ ਅਸਥਾਨ ‘ਤੇ ਵੱਡਾ ਸਮਾਗਮ ਕਰਕੇ ਇਹਨਾਂ ਸਾਲ ਭਰ ਚੱਲਣ ਵਾਲੇ ਸਮਾਗਮਾਂ ਦੀ ਅਰੰਭਤਾ ਕਰਨੀ ਸੀ ਪਰ ਕੋਵਿਡ 19 ਕਾਰਨ ਇਹ ਪ੍ਰੋਗਰਾਮ ਵੀ ਅੱਗੇ ਪਾ ਦਿੱਤਾ ਗਿਆ ਹੈ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਗੁਰੂ ਤੇਗ ਬਹਾਦਰ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਮਨਾਉਣ ਲਈ ਅਜੇ ਆਪਣੇ ਕੋਲ ਇਕ ਸਾਲ ਦਾ ਸਮਾਂ ਬਾਕੀ ਹੈ, ਇਸ ਲਈ ਇਨਾਂ ਪ੍ਰੋਗਰਾਮਾਂ ਦੀ ਰੂਪ-ਰੇਖਾ ਮੁੜ ਤੋਂ ਉਲੀਕੀ ਜਾਵੇਗੀ। ਉਨ੍ਹਾਂ ਸਮੂਹ ਸੰਗਤ ਨੂੰ ਅਪੀਲ ਕੀਤੀ ਕਿ ਇਸ ਵਾਰ ਦਾ ਪ੍ਰਕਾਸ਼ ਪੁਰਬ ਅਤੇ ਵਿਸਾਖੀ ਦਾ ਤਿਉਹਾਰ ਆਪਾਂ ਸਾਰੇ ਆਪਣੇ ਘਰਾਂ ਵਿਚ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਕੇ ਮਨਾਈਏ।