ਨਵਾਂਸ਼ਹਿਰ
ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਬਾਹਰਲੇ ਰਾਜਾਂ ਦੇ ਜ਼ਿਲ੍ਹੇ ’ਚ ਰਹਿ ਰਹੇ ਲੋਕਾਂ ਨੂੰ ਉਨ੍ਹਾਂ ਦੀ ਇੱਛਾ ਮੁਤਾਬਕ ਘਰ ਭੇਜਣ ਦੇ ਯਤਨਾਂ ਤਹਿਤ ਅੱਜ 42 ਹੋਰ ਵਿਅਕਤੀਆਂ ਨੂੰ ਜੰਮੂ ਤੇ ਕਸ਼ਮੀਰ ਲਈ ਦੋ ਬੱਸਾਂ ’ਚ ਰਵਾਨਾ ਕੀਤਾ ਗਿਆ।
ਵਿਧਾਇਕ ਅੰਗਦ ਸਿੰਘ ਨੇ ਇਸ ਮੌਕੇ ਇਨ੍ਹਾਂ ਵਿਅਕਤੀਆਂ ਨੂੰ ਸੁਖਦ ਯਾਤਰਾ ਦੀਆਂ ਕਾਮਨਾਵਾਂ ਨਾਲ ਨਵਾਂਸ਼ਹਿਰ ਦੇ ਬੱਸ ਅੱਡੇ ਤੋਂ ਰਵਾਨਾ ਕਰਨ ਮੌਕੇ ਆਖਿਆ ਕਿ ਇਨ੍ਹਾਂ 42 ਵਿਅਕਤੀਆਂ ਸਮੇਤ ਹੁਣ ਤੱਕ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚੋਂ 429 ਵਿਅਕਤੀ ਜੰਮੂ-ਕਸ਼ਮੀਰ ਜਾ ਚੁੱਕੇ ਹਨ । ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਾਜ ’ਚ ਰਹਿ ਰਹੇ ਦੂਸਰੇ ਰਾਜਾਂ ਦੇ ਲੋਕਾਂ ਦੀ ਇੱਛਾ ਮੁਤਾਬਕ ਉਨ੍ਹਾਂ ਦੇ ਆਪਣੇ ਗ੍ਰਹਿ ਰਾਜਾਂ ਨੂੰ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ।
ਇਸ ਮੌਕੇ ਮੌਜੂਦ ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ ਨੇ ਦੱਸਿਆ ਕਿ ਅੱਜ ਇਨ੍ਹਾਂ ਵਿਅਕਤੀਆਂ ਨੂੰ ਭੇਜਣ ਤੋਂ ਪਹਿਲਾਂ ਬਾਕਾਇਦਾ ਸਿਹਤ ਵਿਭਾਗ ਦੀ ਟੀਮ ਵੱਲੋਂ ਉਨ੍ਹਾਂ ਦੀ ਸਿਹਤ ਦੀ ਜਾਂਚ ਕੀਤੀ ਗਈ ਅਤੇ ਉਸ ਤੋਂ ਬਾਅਦ ਰਿਫ਼੍ਰੈਸ਼ਮੈਂਟ ਦੇ ਕੇ ਉਨ੍ਹਾਂ ਨੂੰ ਲਖਣਪੁਰ ਬਾਰਡਰ ਲਈ ਰਵਾਨਾ ਕੀਤਾ ਗਿਆ। ਮੌਕੇ ਤਹਿਸੀਲਦਾਰ ਨਵਾਂਸ਼ਹਿਰ ਕੁਲਵੰਤ ਸਿੰਘ ਵੀ ਮੌਜੂਦ ਸਨ।