ਜੇਕਰ ਅੱਜ ਚੋਣਾਂ ਹੋ ਜਾਣ ਤਾਂ ਟਰੰਪ ਦੀ ਹਾਰ ਸੰਭਵ, ਤਾਜਾ ਸਰਵੇ ਵਿਚ ਅਮਰੀਕਨ ਜੋਇ ਬਿਡੇਨ ਦੇ ਹੱਕ ‘ਚ

ਟਰੰਪ ਦੀ ਬੇਤੁੱਕੀ ਬਿਆਨਬਾਜ਼ੀ ਤੇ ਕੋਰੋਨਾ ਮਹਾਮਾਰੀ ਨਾਲ ਨਜਿੱਠਣ ‘ਚ ਅਸਫ਼ਲਤਾ ਨੇ ਉਸ ਦੀ ਲੋਕਪ੍ਰਿਯਤਾ ਨੂੰ ਸੱਟ ਮਾਰੀ

Joe Biden

ਵਾਸ਼ਿੰਗਟਨ (ਹੁਸਨ ਲੜੋਆ ਬੰਗਾ)– ਜੋ ਕੰਮ ਮਹਾਦੋਸ਼ ਨਹੀਂ ਕਰ ਸਕਿਆ ਉਹ ਕੰਮ ਕੋਰੋਨਾ ਮਹਾਮਾਰੀ ਨੇ ਕਰ ਵਿਖਾਇਆ ਹੈ। ਚੋਣਾਂ ਤੋਂ 6 ਮਹੀਨੇ ਪਹਿਲਾਂ ਕਰਵਾਈ ਰਾਏਸ਼ੁਮਾਰੀ ਵਿਚ 44% ਅਮਰੀਕੀਆਂ ਨੇ ਡੈਮੋਕਰੈਟਿਕ ਉਮੀਦਵਾਰ ਜੋਇ ਬਿਡੇਨ ਦੇ ਹੱਕ ਵਿਚ ਵੋਟ ਪਾਈ ਹੈ ਜਦ ਕਿ 38% ਡੋਨਾਲਡ ਟਰੰਪ ਦੇ ਹੱਕ ਵਿਚ ਭੁਗਤੇ ਹਨ। ਯੂ ਐਸ ਏ ਟੂਡੇਅ/ ਸੁਫੋਲਕ ਯੁਨੀਵਰਸਿਟੀ ਵੱਲੋਂ ਵੋਟਰਾਂ ਨੂੰ ਪੁੱਛਿਆ ਗਿਆ ਸੀ ਕਿ ਜੇਕਰ ਅੱਜ ਵੋਟਾਂ ਕਰਵਾਈਆਂ ਜਾਣ ਤਾਂ ਤੁਸੀਂ ਕਿਸ ਦੇ ਹੱਕ ਵਿਚ ਭੁਗਤੋਗੇ। ਇਸ ਦੇ ਜਵਾਬ ਵਿਚ ਬਹੁਗਿਣਤੀ ਵੋਟਰ ਬਿਡੇਨ ਦੇ ਹੱਕ ਵਿਚ ਭੁਗਤੇ। ਥਰਡ ਪਾਰਟੀ ਦੇ ਉਮੀਦਵਾਰ ਦੇ ਹੱਕ ਵਿਚ 8% ਜਦ ਕਿ 10% ਲੋਕਾਂ ਨੇ ਆਪਣੀ ਰਾਏ ਦੱਸਣ ਤੋਂ ਨਾਂਹ ਕਰ ਦਿੱਤੀ ਜਾਂ ਉਹ ਕੋਈ ਨਿਰਨਾ ਲੈਣ ਵਿਚ ਨਾਕਾਮ ਰਹੇ। ਕਿਸੇ ਤੀਸਰੇ ਉਮੀਦਵਾਰ ਦੀ ਅਣਹੋਂਦ ਵਿਚ ਕਰਵਾਈ ਰਾਇਸ਼ੁਮਾਰੀ ਵਿਚ ਬਿਡੇਨ ਦੇ 10 ਅੰਕ ਵਧਕੇ 40% ਤੋਂ 50% ਹੋ ਗਏ।

 
ਇਸ ਤੋਂ ਪਹਿਲਾਂ ਹੋਈ ਰਾਇਸ਼ੁਮਾਰੀ ਵਿਚ ਟਰੰਪ ਨੂੰ 44% ਤੇ ਬਿਡੇਨ ਨੂੰ 41% ਵੋਟ ਮਿਲੇ ਸਨ। ਉਸ ਸਮੇਂ ਬਿਡੇਨ ਡੈਮੋਕਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰ ਬਣਨ ਵਾਸਤੇ ਜਦੋਜਹਿਦ ਕਰ ਰਿਹਾ ਸੀ। ਜਦ ਕਿ ਹੁਣ ਉਹ ਨਵੰਬਰ ਵਿਚ ਹੋਣ ਵਾਲੀ ਰਾਸ਼ਟਰਪਤੀ ਦੀ ਚੋਣ ਲਈ ਡੈਮੋਕਰੈਟਿਕ ਉਮੀਦਵਾਰ ਹੋਵੇਗਾ। ਉਸ ਨੇ ਪਾਰਟੀ ਦੀ ਨਾਮੀਨੇਸ਼ਨ ਚੋਣ ਜਿੱਤ ਲਈ ਸੀ। ਵੋਟਰਾਂ ਨੂੰ ਕੁਝ ਸਵਾਲ ਵੀ ਪੁੱਛੇ ਗਏ ਸਨ। ਪਹਿਲੇ ਸਵਾਲ ਵਿਚ ਪੁੱਛਿਆ ਗਿਆ ਸੀ ਕਿ ਉਹ ਮਜਬੂਤ ਆਗੂ ਕਿਸ ਨੂੰ ਸਮਝਦੇ ਹਨ। 45% ਨੇ ਕਿਹਾ ਟਰੰਪ ਮਜਬੂਤ ਆਗੂ ਹੈ ਜਦ ਕਿ 52% ਨੇ ਨਾਂਹ ਵਿਚ ਜਵਾਬ ਦਿੱਤਾ। 43% ਨੇ ਬਿਡੇਨ ਨੂੰ ਮਜਬੂਤ ਆਗੂ ਦਸਿਆ ਜਦ ਕਿ 47% ਨੇ ਇਸ ਦੇ ਉਲਟ ਆਪਣੀ ਰਾਏ ਦਿੱਤੀ। ਲੋਕਾਂ ਦੀ ਦੇਖਭਾਲ ਕਰਨ ਦੇ ਮਾਮਲੇ ਵਿਚ ਟਰੰਪ ਬੁਰੀ ਤਰਾਂ ਪੱਛੜ ਗਿਆ। 57% ਲੋਕਾਂ ਨੇ ਬਿਡੇਨ ਦੇ ਹੱਕ ਵਿਚ ਵੋਟ ਪਾਈ ਜਦ ਕਿ ਕੇਵਲ 39% ਲੋਕ ਟਰੰਪ ਦੇ ਹੱਕ ਵਿਚ ਨਿਤਰੇ। ਵਿਦੇਸ਼ੀ ਆਗੂਆਂ ਨਾਲ ਮਿਲਕੇ ਕੰਮ ਕਰਨ ਦੇ ਮਾਮਲੇ ਵਿਚ 64% ਵੋਟਰਾਂ ਨੇ ਸਾਬਕਾ ਉਪ ਰਾਸ਼ਟਰਪਤੀ ਬਿਡੇਨ ਨੂੰ ਚੁਣਿਆ। ਇਹ ਸਰਵੇ 21 ਅਪ੍ਰੈਲ ਤੋਂ 25 ਅਪ੍ਰੈਲ ਦਰਮਿਆਨ ਕਰਵਾਇਆ ਗਿਆ ਸੀ। ਰਾਜਸੀ ਵਿਸ਼ਲੇਸ਼ਣਕਾਰਾਂ ਦਾ ਕਹਿਣਾ ਹੈ ਕਿ ਲੋਕ ਰਾਸ਼ਟਰਪਤੀ ਟਰੰਪ ਵੱਲੋਂ ਕੋਰੋਨਾਵਾਇਰਸ ਨਾਲ ਜਿਸ ਤਰਾਂ ਨਜਿੱਠਿਆ ਗਿਆ, ਉਸ ਤੋਂ ਨਰਾਜ਼ ਹਨ। ਰਾਸ਼ਟਰਪਤੀ ਕੋਰੋਨਾ ਨੂੰ ਇਕ ਮਜ਼ਾਕ ਹੀ ਸਮਝਦੇ ਰਹੇ ਹਨ ਜਦ ਕਿ ਇਹ ਇਕ ਬਹੁਤ ਵੱਡੀ ਮਹਾਮਾਰੀ ਹੈ।  ਇਸ ਨੂੰ ਗੰਭੀਰਤਾ ਨਾਲ ਨਾ ਲੈਣ ਕਾਰਨ ਟਰੰਪ ਨੂੰ ਸਿੱਟੇ ਭੁਗਤਣੇ ਪੈਣਗੇ।
ਅਮਰੀਕਾ ਵਿਚ ਮੌਤਾਂ ਦਾ ਅੰਕੜਾ 56000 ਤੋਂ ਪਾਰ, ਪੀੜਤਾਂ ਦੀ ਗਿਣਤੀ 10 ਲੱਖ ਤੋਂ ਟੱਪੀ
ਅਮਰੀਕਾ ਵਿਚ ਕੋਰੋਨਾਵਾਇਰਸ ਨਾਲ  ਮਰਨ ਵਾਲਿਆਂ ਦੀ ਗਿਣਤੀ 56803 ਹੋ ਗਈ ਹੈ ਜਦ ਕਿ ਪੀੜਤਾਂ ਦੀ ਗਿਣਤੀ  10,10,507 ਲੱਖ ਹੈ। 8,14,714 ਸਰਗਰਮ ਮਾਮਲੇ ਹਨ। ਜੌਹਨਜ ਹੋਪਕਿਨਜ਼ ਯੁਨੀਵਰਸਿਟੀ  ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ 1330 ਮੌਤਾਂ ਹੋਈਆਂ ਹਨ। ਨਿਊਯਾਰਕ ਰਾਜ 22623 ਮੌਤਾਂ ਨਾਲ ਪਹਿਲੇ ਸਥਾਨ ,ਨਿਊਜਰਸੀ 6044 ਵੋਟਾਂ ਨਾਲ ਦੂਸਰੇ ਸਥਾਨ ‘ਤੇ ਹੈ। ਨਿਊਯਾਰਕ ਦੇ ਗਵਰਨਰ ਐਂਡਰੀਊ ਕੋਮੋ ਨੇ ਕਿਹਾ ਹੈ ਕਿ ਉਹ ਰਾਜ ਦੇ ਕੁਝ ਹਿੱਸਿਆਂ ਵਿਚ ‘ਸਟੇਅ ਐਟ ਹੋਮ’ ਦੀਆਂ ਪਾਬੰਦੀਆਂ ਹੋਰ ਸਮੇਂ ਲਈ ਵਧਾ ਦੇਣਗੇ ਜਦ ਕਿ ਕੁਝ ਥਾਵਾਂ ‘ਤੇ ਜਿਥੇ ਕੋਰੋਨਾ ਵਾਇਰਸ ਦਾ ਫੈਲਣਾ ਘਟ ਗਿਆ ਹੈ, ਪਾਬੰਦੀਆਂ ਵਿਚ ਢਿੱਲੀ ਦਿੱਤੀ ਜਾ ਸਕਦੀ ਹੈ।

Share This :

Leave a Reply