ਅੰਮ੍ਰਿਤਸਰ (ਏ-ਆਰ. ਆਰ. ਐੱਸ. ਸੰਧੂ) ਡਿਪਟੀ ਕਮਿਸ਼ਨਰ ਸ. ਸ਼ਿਵਦੁਲਾਰ ਸਿੰਘ ਢਿਲੋਂ ਵੱਲੋਂ ਸੰਕਟ ਦੇ ਸਮੇਂ ਲੋਕਾਂ ਦੀ ਲੁੱਟ ਕਰਨ ਵਾਲੇ ਦੁਕਾਨਦਾਰਾਂ ਵਿਰੁੱਧ ਸਖਤ ਕਾਰਵਾਈ ਕਰਨ ਦੀਆਂ ਪ੍ਰਾਪਤ ਹੋਈਆਂ ਹਦਾਇਤਾਂ ਦੇ ਮੱਦੇਨਜ਼ਰ ਖੁਰਾਕ ਤੇ ਸਿਵਲ ਸਪਲਾਈ ਵਿਭਾਗ ਨੇ ਆਪਣੀ ਟੀਮਾਂ ਨਾਲ ਦੁਕਾਨਾਂ ਉਤੇ ਛਾਪੇ ਮਾਰ ਕੇ ਕਈ ਦੁਕਾਨਾਂ ਨੂੰ ਮੋਟੇ ਜੁਰਮਾਨੇ ਪਾਏ ਹਨ ਅਤੇ ਤਿੰਨ ਦੁਕਾਨਾਂ ਜੋ ਕਿ ਕਾਨੂੰਨ ਅਨੁਸਾਰ ਕੰਮ ਨਹੀਂ ਸਨ, ਕਰ ਰਹੀਆਂ ਨੂੰ ਬੰਦ ਕਰਵਾ ਦਿੱਤਾ ਹੈ।
ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਸ ਲਖਵਿੰਦਰ ਸਿੰਘ ਨੇ ਦੱਸਿਆ ਕਿ ਬਸੰਤ ਐਵੀਨਿਊ ਦੇ ਗੈਟਵੈਲ ਮੈਡੀਕੋ ਨੂੰ ਵੱਧ ਰੇਟ ਵਸੂਲਣ ਕਾਰਨ 2000 ਰੁਪਏ ਜੁਰਮਾਨਾ ਪਾਇਆ ਗਿਆ ਹੈ, ਜਦਕਿ ਇਸੇ ਇਲਾਕੇ ਵਿਚ ਬਿਨਾਂ ਕਰਫਿਊ ਪਰਮਿਟ ਤੋਂ ਖੋਲਿਆ ਗਿਆ ਗੁਰੂ ਨਾਨਕ ਸਟੋਰ ਬੰਦ ਕਰਵਾ ਦਿੱਤਾ ਹੈ। ਇਸੇ ਤਰਾਂ ਹਾਈਡ ਮਾਰਕੀਟ ਵਿਚ ਬਿਨਾਂ ਪਰਮਿਟ ਤੋਂ ਖੋਲੀ ਗਈ ਦੁਕਾਨ ਨੂੰ ਬੰਦ ਕਰਵਾਇਆ ਗਿਆ, ਜਦਕਿ ਸਹਿਗਲ ਟਰੇਡਿੰਗ ਕੰਪਨੀ ਰਾਮ ਬਾਗ ਨੂੰ ਆਟੇ ਦੀਆਂ ਬੋਰੀਆਂ, ਜੋ ਕਿ ਲਿਖੇ ਭਾਰ ਨਾਲੋਂ ਘੱਟ ਮਿਲੀਆਂ, ਵੇਚਣ ਦੇ ਦੋਸ਼ ਵਿਚ 10 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਅਤੇ ਸਾਰਾ ਸਟਾਕ ਸਬੰਧਤ ਕੰਪਨੀ ਬੀ.ਬੀ.ਐਸ. ਫਲੋਰ ਮਿਲ, ਲੁਹਾਰਕਾ ਰੋਡ ਨੂੰ ਭੇਜਣ ਲਈ ਸੀਲ ਕਰ ਦਿੱਤਾ ਗਿਆ। ਇਸੇ ਤਰਾਂ ਰਾਧਾ ਸੁਆਮੀ ਜਨਰਲ ਸਟੋਰ, 100 ਫੁੱਟੀ ਰੋਡ, ਜੋ ਕਿ ਬਿਨਾਂ ਕਰਫਿਊ ਪਰਮਿਟ ਦੇ ਖੋਲੀ ਗਈ ਸੀ, ਵਿਚ ਵਸਤਾਂ ਦੇ ਮੁੱਲ ਡਿਸਪਲੇਅ ਵੀ ਨਹੀਂ ਸਨ, ਨੂੰ ਬੰਦ ਕਰਵਾ ਕੇ ਪੁਲਿਸ ਨੂੰ ਅਗਲੀ ਕਾਰਵਾਈ ਲਈ ਲਿਖ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਜਿਲਾ ਖੁਰਾਕ ਤੇ ਸਪਲਾਈ ਕੰਟਰੋਲਰ ਵਿਭਾਗ ਦੀਆਂ ਟੀਮਾਂ ਜ਼ਿਲੇ ਭਰ ਵਿਚ ਸਰਗਰਮ ਹੋ ਚੁੱਕੀਆਂ ਹਨ ਅਤੇ ਜਿਸ ਵੀ ਦੁਕਾਨਦਾਰ ਨੇ ਲੋਕਾਂ ਕੋਲੋਂ ਵੱਧ ਪੈਸੇ ਵਸੂਲਣ ਦੀ ਗਲਤੀ ਕੀਤੀ, ਉਸ ਨੂੰ ਮੁਆਫ਼ ਨਹੀਂ ਕੀਤਾ ਜਾਵੇਗਾ।