ਜਨਤਕ ਸੁਰੱਖਿਆ ਨੂੰ ਯਕੀਨੀ ਬਣਾਉਣ ਵਿਚ ਵੀ ਮਦਦ ਕਰ ਰਿਹਾ ਕੋਵਾ ਐਪ

ਅੰਮ੍ਰਿਤਸਰ (ਮੀਡੀਆ ਬਿਊਰੋ ) ਕੋਰੋਨਾ ਵਾਇਰਸ ਦੌਰਾਨ ਕਈ ਤਰਾਂ ਦੀਆਂ ਸੇਵਾਵਾਂ ਪ੍ਰਦਾਨ ਕਰਨ ਵਾਲੀ ਕੋਵਾ ਐਪ ਆਪਣੀ ਵਿਲੱਖਣ ਵਿਸ਼ੇਸ਼ਤਾ ਜ਼ਰੀਏ ਪੰਜਾਬ ਦੇ ਲੋਕਾਂ ਨੂੰ ਸੁਰੱਖਿਅਤ ਰਹਿਣ ਵਿਚ ਸਹਾਇਤਾ ਕਰ ਰਹੀ ਹੈ। ਇਸ ਐਪ ਰਾਹੀਂ ਹਰ ਵਿਅਕਤੀ ਆਪਣੇ ਨੇੜਲੇ ਕਰੋਨਾ ਪਾਜ਼ੇਟਿਵ ਵਿਅਕਤੀ ਤੋਂ ਆਪਣੀ ਦੂਰੀ ਵੇਖ ਸਕਦਾ ਹੈ। ਇਸ ਤੋਂ ਇਲਾਵਾ ਇਹ ਐਪ ਜ਼ਿਲਾ ਪ੍ਰਸ਼ਾਸਨ ਨੂੰ ਇਕਾਂਤਵਾਸ ਕੀਤੇ ਜਾਂ ਸ਼ੱਕੀ ਮਰੀਜ਼ ਵੱਲੋਂ ਆਪਣੀ ਥਾਂ ਤੋਂ 100 ਮੀਟਰ ਦੂਰ ਜਾਣ ਸਬੰਧੀ ਸੂਚਨਾ ਵੀ ਮੁਹੱਈਆ ਕਰਵਾ ਰਹੀ ਹੈ।

ਇਹ ਵਿਸ਼ੇਸ਼ਤਾ ਜਿੱਥੇ ਅਧਿਕਾਰੀਆਂ ਨੂੰ ਕੁਆਰੰਟੀਨ ਪਾਬੰਦੀਆਂ ਲਾਗੂ ਕਰਨ ਵਿੱਚ ਸਹਾਇਤਾ ਕਰ ਰਹੀ ਹੈ, ਉਥੇ ਇਹ ਸੂਬੇ ਦੇ ਲੋਕਾਂ ਨੂੰ ਇੱਕ ਸਵੈ-ਨਿਯੰਤਰਣ ਵਿਧੀ ਰਾਹੀਂ ਆਪਣੇ ਅਤੇ ਆਪਣੇ ਪਰਿਵਾਰਕ ਮੈਂਬਰਾਂ / ਦੋਸਤਾਂ ਆਦਿ ਨੂੰ ਸੁਰੱਖਿਅਤ ਰੱਖਣ ਵਿੱਚ ਵੀ ਸਹਾਇਤਾ ਕਰ ਰਹੀ ਹੈ। ਪਾਜ਼ੇਟਿਵ ਮਰੀਜ਼ਾਂ ਦੀ ਜੀਓਟੈਗਿੰਗ ਨਾਲ ਇਹ ਐਪ ਜ਼ਿਲਾ ਪ੍ਰਸ਼ਾਸਨ ਨੂੰ ਉਨਾਂ ਥਾਵਾਂ ਦਾ ਪਤਾ ਲਗਾਉਣ ਵਿਚ ਸਹਾਇਤਾ ਕਰਦੀ ਹੈ ਜਿੱਥੇ ਕੋਵਿਡ ਪਾਜ਼ੇਟਿਵ ਵਿਅਕਤੀ ਪਿਛਲੇ ਕੁਝ ਦਿਨਾਂ ਵਿੱਚ ਗਿਆ ਹੈ। ਜੇ ਕੋਵਾ ਐਪ ਨਾਲ ਮੋਬਾਈਲ ਫੋਨ ਵਿੱਚ ਬਲਿਊਟੁੱਥ ਚਲਾਇਆ ਜਾਂਦਾ ਹੈ ਤਾਂ ਇਹ ਐਪ ਕੋਵਿਡ -19 ਦੇ ਸ਼ੱਕੀ ਜਾਂ ਪਾਜ਼ੇਟਿਵ ਵਿਅਕਤੀ ਦੇ ਬਲਿਊਟੁੱਥ ਰੇਂਜ ਵਿੱਚ ਆਉਣ ਤੇ ਨਾਗਰਿਕ ਨੂੰ ਸੂਚਿਤ ਕਰੇਗੀ। ਇਹ ਸਿਹਤ ਵਿਭਾਗ ਅਤੇ ਜ਼ਿਲਾ ਪ੍ਰਸ਼ਾਸਨ ਨੂੰ ਪਾਜ਼ੇਟਿਵ ਮਰੀਜ਼ਾਂ ਦੀ ਟਰੈਵਲ ਹਿਸਟਰੀ ਦਾ ਪਤਾ ਲਗਾਉਣ ਵਿੱਚ ਵੀ ਮਦਦ ਕਰਦੀ ਹੈ। ਇਸ ਤੋਂ ਇਲਾਵਾ ਕੋਵਾ ਡੈਸ਼ਬੋਰਡ ਇਕਾਂਤਵਾਸ ਕੀਤੇ ਵਿਅਕਤੀਆਂ ਦਾ ਪਤਾ ਲਗਾਉਣ ਅਤੇ ਉਨਾਂ ਦੇ ਆਪਣੀ ਬੇਸ ਲੋਕੇਸ਼ਨ ਤੋਂ ਦੂਰ ਜਾਣ ਉਤੇ ਨਿਗਰਾਨੀ ਰੱਖਣ ਲਈ ਜ਼ਿਲਾ ਪ੍ਰਸ਼ਾਸਨ ਦੀ ਸਹਾਇਤਾ ਕਰਦਾ ਹੈ । ਜੇ ਮਰੀਜ਼ ਦੇ ਫੋਨ ਦੀ ਲੋਕੇਸ਼ਨ ਜਾਂ ਬਲਿਊਟੁੱਥ ਬੰਦ ਹੋਵੇ ਤਾਂ ਉਨਾਂ ਦੀ ਹਲਚਲ ਦਾ ਪਤਾ ਲਗਾਉਣ ਲਈ ਟੈਲੀਕਾਮ ਪ੍ਰੋਵਾਇਡਰਾਂ ਵੱਲੋਂ ਉਨਾਂ ਦੇ ਮੋਬਾਇਲ ਵੀ ਵਰਤੇ ਜਾ ਸਕਦੇ ਹਨ। ਟੈਲੀਕਾਮ ਕੰਪਨੀਆਂ ਹਰੇਕ ਜ਼ਿਲੇ ਵਿਚ ਹੋਣ ਵਾਲੀਆਂ ਉਲੰਘਣਾਵਾਂ ਬਾਰੇ ਸਿਹਤ ਵਿਭਾਗ ਨੂੰ ਹਰ ਘੰਟੇ ਦੀ ਰਿਪੋਰਟ ਭੇਜਦੀਆਂ ਹਨ।

Share This :

Leave a Reply