ਗੌਡ-ਮੇਡ ਚੀਜ਼ਾਂ ਵੱਧ ਤੋਂ ਵੱਧ ਖਾਵੋ

ਗਰਮ ਗਰਮ ਪਾਣੀ ਨਾਲ ਕਰੋਨਾ ਵਾਇਰਸ ਡਿਸੀਜ਼ ਵਰਗੀ ਖਤਰਨਾਕ ਇਨਫੈਕਸ਼ਨ ਤੋਂ ਬਚਣ ਜਾਂ ਕਬਜ਼, ਖੰਘ, ਗਲਾ ਖਰਾਬੀ, ਭਾਰ ਘਟਾਉਣ ਆਦਿ ਨੂੰ ਠੀਕ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਗੱਭਰੂਓ ਤੇ ਮੁਟਿਆਰੋ, ਇਹ ਪੋਸਟ ਤੁਹਾਡੇ ਲਈ ਵੀ ਹੈ।

    ਕੀ ਤੁਸੀਂ ਜਾਣਦੇ ਹੋ ਕਿ ਜ਼ਿਆਦਾ ਹੀ ਗਰਮ ਕੁੱਝ ਵੀ ਖਾਣ ਜਾਂ ਪੀਣ ਨਾਲ ਦੰਦਾਂ ਜਾੜਾਂ, ਗਲੇ ਦੇ ਰੋਗ ਜ਼ਿਆਦਾ ਬਣਨ ਲਗਦੇ ਹਨ, ਮੂੰਹ, ਗਲੇ ਜਾਂ ਦੰਦ ਜਾੜਾਂ ਦੇ ਕੈਂਸਰ ਬਣਨ ਦੇ ਚਾਂਸ ਵਧਦੇ ਹਨ, ਹਾਜ਼ਮਾ ਖਰਾਬ ਰਹਿਣ ਲਗਦਾ ਹੈ, ਮੂੰਹ ਦਾ ਸੁਆਦ ਖਰਾਬ ਰਹਿਣ ਲਗਦਾ ਹੈ, ਪਾਚਣ ਪ੍ਰਣਾਲੀ ਵਿਗੜਨ ਲਗਦੀ ਹੈ, ਰੋਗਾਂ ਨਾਲ ਲੜਨ ਦੀ ਸਮਰੱਥਾ ਘਟਦੀ ਹੈ ਤੇ ਇਉਂ ਉਮਰ ਵਧਣ ਦੀ ਬਜਾਏ ਘਟਦੀ ਹੈ। ਹਲਕਾ ਠੰਢਾ ਜਾਂ ਸਾਦਾ ਪਾਣੀ ਸ਼ਾਂਤੀ ਦੇਣ ਵਾਲਾ ਹੁੰਦਾ ਹੈ। ਤੇਜ਼ਾਬੀਪਨ ਤੇ ਗਰਮਾਇਸ਼ ਘਟਾਉਣ, ਭੁੱਖ ਵਧਾਉਣ ਤੇ ਪਿਆਸ ਬੁਝਾਉਣ ਵਾਲਾ ਹੁੰਦਾ ਹੈ। ਜਦੋਂ ਕਿ ਗਰਮ ਪਾਣੀ ਵਧੇਰੇ ਖੁਸ਼ਕ ਅਤੇ ਤੇਜ਼ਾਬੀ ਤਸੀਰ ਵਾਲਾ ਬਣ ਜਾਂਦਾ ਹੈ। ਜਿਸ ਕਾਰਨ ਪਾਚਣ ਪ੍ਰਣਾਲੀ ਦੇ ਅੰਗਾਂ ਚ ਖੁਸ਼ਕੀ ਵਧਣ ਲਗਦੀ ਹੈ ਤੇ ਪੂਰੀ ਪਾਚਣ ਪ੍ਰਣਾਲੀ ਚੋਂ ਹੀ ਕੁਦਰਤੀ ਚਿਕਨਾਹਟ ਖਤਮ ਹੋਣ ਲਗਦੀ ਹੈ। ਮੂੰਹ, ਗਲੇ, ਫੂਡ ਪਾਈਪ ਵਿਚਲੇ ਸੈਂਸਰਜ਼ ਖਰਾਬ ਹੋਣ ਲਗਦੇ ਹਨ।

    ਕਿਉਂਕਿ ਮਨੁੱਖੀ ਸਰੀਰ ਦੇ ਤਾਪਮਾਨ ਦੇ ਨੇੜੇ ਤੇੜੇ ਦਾ ਹੀ ਮਨੁੱਖ ਨੂੰ ਕੁੱਝ ਵੀ ਖਾਣਾ ਪੀਣਾ ਕੁਦਰਤ ਵੱਲੋਂ ਨਿਰਧਾਰਤ ਹੈ। ਜੇ ਕੋਈ ਜ਼ਿਆਦਾ ਗਰਮ ਜਾਂ ਜ਼ਿਆਦਾ ਹੀ ਠੰਢਾ ਖਾਂਦਾ ਹੈ ਤਾਂ ਮੂੰਹ, ਜੀਭ, ਗੱਲ੍ਹਾਂ, ਗਲੇ ਆਦਿ ਦੇ ਸੈੱਲਾਂ ਦਾ ਵੀ ਤਾਪਮਾਨ ਵਧ ਜਾਂ ਘਟ ਜਾਂਦਾ ਹੈ। ਇਹਨਾਂ ਦੇ ਜ਼ਿਆਦਾ ਵਧੇ ਜਾਂ ਘਟੇ ਹੋਏ ਤਾਪਮਾਨ ਨੂੰ ਸਹੀ ਰੱਖਣ ਚ ਸਰੀਰ ਨੂੰ ਕਾਫੀ ਮਿਹਨਤ ਕਰਨੀ ਪੈਂਦੀ ਹੈ ਤੇ ਅਨੱਰਜੀ ਵੀ ਵੇਸਟ ਹੁੰਦੀ ਹੈ। ਇਉਂ ਦਿਨ ਚ ਵਧੇਰੇ ਵਾਰ ਹੁੰਦੇ ਰਹਿਣ ਨਾਲ ਸਰੀਰ ਦੀ ਅਨੱਰਜੀ ਦੀ ਵੇਸਟੇਜ ਵੀ ਵਧ ਜਾਂਦੀ ਹੈ ਤੇ ਸਰੀਰ ਦੀ ਇਮਿਉਨਿਟੀ ਵੀ ਕਮਜ਼ੋਰ ਹੋਣ ਲਗਦੀ ਹੈ। ਮਸੂੜਿਆਂ ਅਤੇ ਦੰਦਾਂ ਵਿਚਲੀ ਵਿੱਥ ਵਧਣ ਲਗਦੀ ਹੈ। ਕਿਉਂਕਿ ਜ਼ਿਆਦਾ ਗਰਮ ਪਾਣੀ ਮਸੂੜਿਆਂ ਨੂੰ ਕਮਜ਼ੋਰ ਕਰਦਾ ਹੈ। ਜਿਸ ਕਾਰਨ ਢਿੱਲਿਆਂ ਮਸੂੜਿਆਂ ਵਿੱਚ ਖਾਣੇ ਦੇ ਅੰਸ਼ ਫਸੇ ਰਹਿਣ ਲਗਦੇ ਹਨ। ਜਿਸ ਕਾਰਨ ਦੰਦ, ਜਾੜਾਂ ਜਲਦੀ ਖਰਾਬ ਹੋਣ ਲਗਦੀਆਂ ਹਨ ਤੇ ਦਰਦ, ਸੋਜ਼ ਦੀਆਂ ਤਕਲੀਫ਼ਾਂ ਆਮ ਹੀ ਹੋਣ ਲਗਦੀਆਂ ਹਨ।

     ਸਲਾਇਵਰੀ ਗਲੈਂਡਜ਼ ਤੇ ਵਾਰ ਵਾਰ ਜ਼ਿਆਦਾ ਗਰਮ ਪਾਣੀ, ਚਾਹ, ਕੌਫੀ ਜਾਂ ਕੁੱਝ ਵੀ ਗਰਮਾ ਗਰਮ ਆਦਿ ਲੱਗਣ ਕਾਰਨ ਮੂੰਹ ਚ ਪਾਣੀ ਆਉਣੋਂ ਵਧ ਜਾਂ ਘਟ ਜਾਂਦਾ ਹੈ। ਜਿਸ ਕਾਰਨ ਹਾਜ਼ਮੇਂ ਚ ਵੀ ਫਰਕ ਪੈ ਜਾਂਦਾ ਹੈ। ਜੀਭ ਦੇ ਟੇਸਟ ਬੱਡਜ਼ ਚ ਵੀ ਜ਼ਿਆਦਾ ਗਰਮ ਗਰਮ ਖਾਣ ਪੀਣ ਕਾਰਨ ਨੁਕਸ ਪੈ ਜਾਂਦਾ ਹੈ ਜਿਸ ਕਾਰਨ ਹਰ ਚੀਜ਼ ਦੇ ਸੁਆਦ ਚ ਕਮੀ ਆ ਜਾਂਦੀ ਹੈ। ਨਤੀਜੇ ਵਜੋਂ ਭੁੱਖ ਘਟ ਜਾਂਦੀ ਹੈ। 

        ਜ਼ਿਆਦਾ ਗਰਮ ਪਾਣੀ ਜ਼ਿਆਦਾ ਵਾਰ ਪੀਂਦੇ ਰਹਿਣ ਵਾਲਿਆਂ ਦੇ ਬੁੱਲਾਂ ਅਤੇ ਜੀਭ ਦੀ ਉਪਰਲੀ ਪਰਤ ਤੇ ਗੱਲਾਂ ਦੀ ਅੰਦਰਲੀ ਪਰਤ ਵੀ ਨੁਕਸਾਨੀ ਜਾਂਦੀ ਹੈ। ਜਿਸ ਚ ਜ਼ਖ਼ਮ, ਸੋਜ਼, ਜਲਣ, ਦਰਦ ਰਹਿਣ ਲੱਗ ਸਕਦਾ ਹੈ। ਜ਼ਿਆਦਾ ਗਰਮ ਗਰਮ ਕੁੱਝ ਵੀ ਖਾਂਦੇ ਪੀਂਦੇ ਰਹਿਣ ਵਾਲਿਆਂ ਦੇ ਮੂੰਹ ਵਿਚਲੇ ਓਰਲ ਪ੍ਰੋਬਾਇਉਟਿਕਸ ਦਾ ਵੀ ਭਾਰੀ ਨੁਕਸਾਨ ਹੁੰਦਾ ਹੈ। ਇਹ ਪ੍ਰੋਬਾਇਉਟਿਕਸ ਜਿੰਜੀਵਾਇਟਿਸ ਵਰਗੇ ਰੋਗਾਂ ਤੋਂ ਬਚਾਅ ਕਰਨ ਚ ਸਰੀਰ ਦੀ ਮਦਦ ਕਰਦੇ ਹਨ। ਵੈਸੇ ਹਰ ਇੱਕ ਦੇ ਮੂੰਹ ਚ ਅਨੇਕਾਂ ਕਿਸਮ ਦੇ ਜਿਵਾਣੂੰ ਰਹਿੰਦੇ ਹਨ। ਇਹਨਾਂ ਚ ਕੁੱਝ ਦੰਦਾਂ ਜਾੜਾਂ ਨੂੰ ਖਰਾਬ ਕਰਨ ਵਾਲੇ ਵੀ ਹੁੰਦੇ ਹਨ ਜਦ ਕਿ ਕਾਫੀ ਸਾਰੇ ਦੰਦਾਂ ਜਾੜਾਂ ਨੂੰ ਰੋਗਾਂ ਤੋਂ ਬਚਾਉਂਦੇ ਵੀ ਹਨ। ਦਾਤਣ, ਬਰੱਸ਼ ਕਰਨ ਨਾਲ ਸਿਰਫ ਨੁਕਸਾਨ ਕਰਨ ਵਾਲੇ ਬੈਕਟੀਰੀਆ ਹੀ ਜ਼ਿਆਦਾ ਮਰਦੇ ਹਨ ਜਦ ਕਿ ਕੁੱਝ ਵੀ ਗਰਮ ਗਰਮ ਖਾਣ ਪੀਣ ਨਾਲ ਇਹ ਸਾਰੇ ਹੀ ਬੈਕਟੀਰੀਆ ਮਰ ਜਾਂਦੇ ਹਨ। ਇਸਦੇ ਬਾਅਦ ਮੂੰਹ ਚ ਨੁਕਸਾਨ ਕਰਨ ਵਾਲੇ ਬੈਕਟੀਰੀਆ ਤਾਂ ਦੁਬਾਰਾ ਜਲਦੀ ਹੀ ਬਣ ਜਾਂਦੇ ਹਨ ਪ੍ਰੰਤੂ ਹੈਲਦੀ ਬੈਕਟੀਰੀਆ ਜਲਦੀ ਨਹੀਂ ਬਣਦੇ।

   ਜਿਸ ਕਾਰਨ ਦੰਦਾਂ, ਜਾੜਾਂ, ਮਸੂੜਿਆਂ, ਗਲੇ ਆਦਿ ਦੀਆਂ ਬਿਮਾਰੀਆਂ ਜ਼ਿਆਦਾ ਵਧਣ ਲੱਗ ਪੈਂਦੀਆਂ ਹਨ। ਮੂੰਹ ਦੀ ਬਦਬੂ ਵਧਣ ਲੱਗ ਪੈਂਦੀ ਹੈ। ਮੂੰਹ ਜਲਦੀ ਪੱਕਣ ਲੱਗ ਪੈਂਦਾ ਹੈ। ਬਹੁਤ ਜ਼ਿਆਦਾ ਗਰੀਬਾਂ, ਭਿਖਾਰੀਆਂ ਜਾਂ ਪਸ਼ੂਆਂ ਦੇ ਦੰਦਾਂ, ਜਾੜਾਂ ਅਤੇ ਗਲੇ ਦੇ ਰੋਗ ਘੱਟ ਬਣਨ ਦਾ ਕਾਰਨ ਬਹੁਤਾ ਕਰਕੇ ਸਾਦਾ ਖਾਣਾ ਪੀਣਾ ਅਤੇ ਕਦੇ ਵੀ ਕੁੱਝ ਵੀ ਗਰਮ ਗਰਮ ਨਾ ਖਾਣਾ ਪੀਣਾ ਵੀ ਹੈ। ਵੈਸੇ ਤਾਂ ਸਦੀਆਂ ਤੋਂ ਹੀ ਮਨੁੱਖ ਸਾਦਾ ਪਾਣੀ ਹੀ ਪੀਂਦਾ ਆ ਰਿਹਾ ਸੀ ਜੋ ਕਿ ਸਹੀ ਸੀ। ਲੇਕਿਨ ਕੁੱਝ ਸਮੇਂ ਤੋਂ ਮਨੁੱਖ ਦੀਆਂ ਆਪਣੀਆਂ ਗਲਤੀਆਂ ਕਾਰਨ ਹੀ ਰੋਗ, ਇਨਫੈਕਸ਼ਨਜ਼ ਵਧਣ ਲੱਗ ਪਏ ਹਨ। ਖਾਸ ਕਰਕੇ ਹਵਾ, ਪਾਣੀ ਆਦਿ ਦੇ ਪ੍ਰਦੂਸ਼ਣ ਕਾਰਨ, ਨੱਕ, ਕੰਨ, ਅੱਖਾਂ, ਗਲੇ, ਫੇਫੜਿਆਂ ਆਦਿ ਸੰਬੰਧੀ ਰੋਗ ਵਧਣ ਲੱਗ ਪਏ ਹਨ। ਮਨੁੱਖ ਨੂੰ ਗਲਤੀ ਸੁਧਾਰਨ ਦੀ ਬਿਜਾਇ ਉਲਟਾ ਹੋਰ ਗਲਤੀਆਂ ਕਰਨ ਦੀ ਮਨੁੱਖ ਨੂੰ ਆਦਤ ਪਾਈ ਜਾ ਰਹੀ ਹੈ ਰੋਗਾਂ ਤੇ ਇਨਫੈਕਸ਼ਨਜ਼ ਦਾ ਗਲਤ ਤਰੀਕਿਆਂ ਨਾਲ ਇਲਾਜ ਕਰਨ ਦੇ ਢੰਗ ਸੁਝਾਅ ਕੇ। ਸਾਨੂੰ ਬਹੁਤ ਮਰੀਜ਼ਾਂ ਨੇ ਅਨੇਕ ਵਾਰ ਦੱਸਿਆ ਹੈ ਕਿ ਉਨ੍ਹਾਂ ਨੂੰ ਬਹੁਤ ਡਾਕਟਰਾਂ ਨੇ ਹੀ ਚਾਹ, ਕੌਫੀ, ਗਰੀਨ ਟੀ, ਕੋਲਡ ਡਰਿੰਕ, ਗਰਮ ਪਾਣੀ ਆਦਿ ਪੀਣ ਲਈ ਕਿਹਾ ਸੀ। ਅਨੇਕਾਂ ਨਿਉਟਰੀਸ਼ਨਿਸਟ ਜਾਂ ਡਾਇਟੀਸ਼ਨ ਵੀ ਲੋਕਾਂ ਨੂੰ ਚਾਹ ਨਾਲ ਰਸ ਜਾਂ ਬਰੈੱਡ ਆਦਿ ਖਾਣ ਦੀ ਸੁਲਾਹ ਦਿੰਦੇ ਹਨ। ਕੁੱਝ ਤਾਂ ਗਰੀਨ ਟੀ, ਕੋਲਡ ਡਰਿੰਕਸ, ਚਾਕਲੇਟ ਆਦਿ ਵੀ ਖਾਣ ਲਈ ਕਹਿ ਦਿੰਦੇ ਹਨ। ਅਸਲ ਵਿੱਚ ਬਹੁਤ ਡਾਕਟਰ ਆਪ ਹੀ ਅਜਿਹੇ ਊਟਪਟਾਂਗ ਖਾਣਿਆਂ ਦੇ ਆਦੀ ਹਨ। ਜੇ ਤੁਹਾਨੂੰ ਵੀ ਡਾਕਟਰ ਦੁਆਰਾ ਗਰਮ ਪਾਣੀ ਪੀਣ ਲਈ ਦੱਸਿਆ ਗਿਆ ਹੈ ਤਾਂ ਵੀ ਕੋਸਾ ਪਾਣੀ ਹੀ ਪੀਉ ਜ਼ਿਆਦਾ ਗਰਮ ਨਾਂ ਪੀਉ।  ਸਭ ਤੋਂ ਪਹਿਲਾਂ ਤੁਹਾਨੂੰ ਇਹ ਦੱਸ ਦੇਈਏ ਕਿ ਇਸ ਵਕਤ ਸੰਸਾਰ ਵਿੱਚ ਲੱਖਾਂ ਕਿਸਮਾਂ ਦੇ ਜੀਵਾਂ ਵਿੱਚੋੰ ਸਿਰਫ ਮਨੁੱਖ ਹੀ ਹੈ ਜੋ ਬਹੁਤੀਆਂ ਚੀਜ਼ਾਂ ਨੂੰ ਗਰਮ ਕਰਕੇ ਜਾਂ ਤੜਕੇ ਲਾਉਂਦਿਆਂ ਸਾੜ ਭੁੰਨ ਕੇ ਖਾਂਦਾ ਪੀਂਦਾ ਹੈ। ਜਦੋਂ ਕਿ ਬਾਕੀ ਸਭ ਜੀਵ ਹਮੇਸ਼ਾ ਠੰਢਾ ਹੀ ਖਾਂਦੇ ਪੀਂਦੇ ਹਨ। ਉਹ ਸਭ ਤੰਦਰੁਸਤ ਹਨ ਲੇਕਿਨ ਮਨੁੱਖ ਜ਼ਿਆਦਾ ਹੀ ਸਿਆਣਾ ਹੋ ਗਿਆ ਹੈ ਜਾਂ ਇਉਂ ਕਹਿ ਲਵੋ ਕਿ ਅਪਣੇ ਆਪ ਨੂੰ ਜ਼ਿਆਦਾ ਹੀ ਸਿਆਣਾ ਸਮਝਣ ਲੱਗ ਪਿਆ ਹੈ, ਇਸੇ ਲਈ ਇਹੋ ਹੀ ਕਿਸੇ ਨਾ ਕਿਸੇ ਨਵੀਂ ਤੋਂ ਨਵੀਂ ਖਤਰਨਾਕ ਲਾਇਲਾਜ ਬਿਮਾਰੀ ਨਾਲ ਘਿਰਿਆ ਰਹਿੰਦਾ ਹੈ। ਅਸੀਂ ਪੂਰਾ ਪਰਿਵਾਰ ਕਦੇ ਵੀ ਕੁੱਝ ਵੀ ਗਰਮ ਗਰਮ ਨਾ ਕੁੱਝ ਖਾਂਦੇ ਨਾਂ ਕੁੱਝ ਪੀਂਦੇ ਹਾਂ। ਹੁਣ ਸਾਨੂੰ ਕੁੱਝ ਵੀ ਗਰਮ ਗਰਮ ਖਾਣਾ ਪੀਣਾ ਚੰਗਾ ਹੀ ਨਹੀਂ ਲਗਦਾ। ਅਨੇਕਾਂ ਹੋਰਨਾਂ ਨੂੰ ਵੀ ਅਸੀਂ ਏਦਾਂ ਹੀ ਸਾਦਾ ਖਾਣ ਪੀਣ ਲਾ ਲਿਆ ਹੈ। ਅਸਲ ਵਿੱਚ ਸਾਦਾ, ਕੁਦਰਤੀ, ਤਾਜ਼ਾ ਤੇ ਵਰਾਇਟੀ ਚ ਖਾਣ ਪੀਣ, ਹੱਥੀਂ ਮਿਹਨਤ ਕਰਨ, ਪਰਿਵਾਰ ਨਾਲ ਰਲ ਮਿਲ ਰਹਿਣ, ਸੁੱਚਮ ਸਫਾਈ ਵੱਧ ਤੋਂ ਵੱਧ ਰੱਖਣ, ਟਾਈਮ ਸਿਰ ਲੋੜ ਤੋਂ ਘੱਟ ਖਾਣ ਪੀਣ ਆਦਿ ਨਾਲ ਹੀ ਕੁਦਰਤੀ ਤੰਦਰੁਸਤੀ ਰਹਿ ਸਕਦੀ ਹੈ ਤੇ ਲੰਮੀ ਉਮਰ ਭੋਗੀ ਜਾ ਸਕਦੀ ਹੈ। ਹਰ ਇੱਕ ਨੂੰ ਰੋਜ਼ਾਨਾ ਧੁੱਪ ਚ ਵੀ ਜ਼ਰੂਰ ਨਿਕਲਣਾ ਚਾਹੀਦਾ ਹੈ ਤੇ ਹਰ ਇੱਕ ਨੂੰ ਸਾਹ ਚੜਨ ਵਾਲੀ ਐਕਸਰਸਾਈਜ਼ ਵੀ ਕਰਨੀ ਚਾਹੀਦੀ ਹੈ ਤਾਂ ਕਿ ਸਰੀਰ ਅੰਦਰ ਆਕਸੀਜਨ ਵੱਧ ਤੋਂ ਵੱਧ ਪਹੁੰਚੇ। ਮਨੁੱਖ ਨੇ ਜੇ ਇਸ ਧਰਤੀ ਤੇ ਲੰਬੇ ਸਮੇਂ ਤੱਕ ਅਪਣੀ ਹੋਂਦ ਬਚਾਈ ਰੱਖਣੀ ਹੈ ਤਾਂ ਧਰਤੀ ਨੂੰ ਹਰਾ ਭਰਾ ਰੱਖਣ ਚ ਮਦਦ ਕਰੇ, ਬਾਕੀ ਜੀਵਾਂ ਨੂੰ ਵੀ ਜਿਉਣ ਦਾ ਅਧਿਕਾਰ ਦੇਵੇ। ਇੱਥੇ ਕਿਸੇ ਕਿਸਮ ਦਾ ਪ੍ਰਦੂਸ਼ਨ ਨਾਂ ਫੈਲਾਵੇ। ਸਭ ਦਾ ਭਲਾ ਸੋਚੇ। ਸਭ ਕੁੱਝ ਵੰਡਕੇ ਖਾਵੇ ਪੀਵੇ। ਰਲ ਮਿਲ ਇੱਕ ਦੂਜੇ ਦਾ ਧਿਆਨ ਰੱਖੇ। ਕੁੱਝ ਵੀ ਉਲਟ ਪੁਲਟ ਨਾਂ ਖਾਵੇ ਪੀਵੇ। ਗੌਡ-ਮੇਡ ਚੀਜ਼ਾਂ ਵੱਧ ਤੋਂ ਵੱਧ ਖਾਵੇ ਪੀਵੇ ਅਤੇ ਮੈਨ-ਮੇਡ ਚੀਜ਼ਾਂ ਘੱਟ ਤੋਂ ਘੱਟ ਖਾਵੇ ਪੀਵੇ। 

   ਡਾ ਬਲਰਾਜ ਬੈਂਸ ਡਾ ਕਰਮਜੀਤ ਕੌਰ ਬੈਂਸ

  ਬੈਂਸ ਹੈਲਥ ਸੈਂਟਰ ਮੋਗਾ 9463038229

Share This :

Leave a Reply