
ਪਟਿਆਲਾ ( ਅਰਵਿੰਦਰ ਸਿੰਘ ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਦੀ ਯੋਗ ਅਗਵਾਈ ‘ਚ ਚਲਾਈ ਜਾ ਰਹੀ ਲੰਗਰ ਸੇਵਾ ਦੇ ਚੱਲਦਿਆਂ ਅੱਜ ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਸਮੂਹ ਸਟਾਫ ਮੁਲਾਜ਼ਮਾਂ ਵੱਲੋਂ ਗੁਰੂ ਘਰ ਦੇ ਲੰਗਰ ਲਈ ਆਪਣੀ ਤਨਖ਼ਾਹ ‘ਚੋਂ ਸਵੈ ਇੱਛਾ ਅਨੁਸਾਰ ਯੋਗਦਾਨ ਪਾਉਣ ਦਾ ਫੈਸਲਾ ਕੀਤਾ ਗਿਆ।

ਗੁਰਦੁਆਰਾ ਸ੍ਰੀ ਦੂਖਨਿਵਾਰਨ ਸਾਹਿਬ ਦੇ ਮੈਨੇਜਰ ਕਰਨੈਲ ਸਿੰਘ ਨਾਭਾ ਦੀ ਪ੍ਰੇਰਨਾ ਸਦਕਾ ਅੱਜ ਸਮੂਹ ਸਟਾਫ ਮੁਲਾਜ਼ਮਾਂ ਨੇ ਆਪਣੀ ਤਨਖ਼ਾਹ ‘ਚੋਂ ਸਵੈ ਇੱਛਾ ਨਾਲ ਗੁਰੂ ਘਰ ਦੇ ਲੰਗਰ ਲਈ 1 ਲੱਖ 25 ਹਜ਼ਾਰ ਰੁਪਏ ਦੀ ਰਾਸ਼ੀ ਲੰਗਰ ਸੇਵਾ ਲਈ ਭੇਂਟ ਕਰ ਦਿੱਤੀ ਹੈ। ਇਸ ਮੌਕੇ ਮੈਨੇਜਰ ਕਰਨੈਲ ਸਿੰਘ ਨਾਭਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਮੱਦੇਨਜ਼ਰ ਸ਼੍ਰੋਮਣੀ ਕਮੇਟੀ ਵੱਲੋਂ ਲੋੜਵੰਦਾਂ ਲਈ ਲੰਗਰ ਦੀ ਨਿਰਵਿਘਨ ਸੇਵਾ ਕੀਤੀ ਜਾ ਰਹੀ ਹੈ ਅਤੇ ਅੱਜ ਸਮੂਹ ਮੁਲਾਜ਼ਮਾਂ ਨੇ ਇਸ ਸੰਕਟ ਦੀ ਘੜੀ ‘ਚ ਜ਼ਰੂਰਤਮੰਦਾਂ ਲਈ ਆਪਣੀ ਤਨਖ਼ਾਹ ‘ਚੋਂ ਲੰਗਰ ਸੇਵਾ ਵਿਚ ਆਪਣਾ ਯੋਗਦਾਨ ਦੇਣ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗੁਰਮਤਿ ਅਨੁਸਾਰ ਗੁਰੂ ਘਰ ‘ਚ ਲੰਗਰ ਸੇਵਾ ਦੀ ਸਭ ਤੋਂ ਵੱਡੀ ਹੈ, ਜਿਸ ਲਈ ਸਾਰਿਆਂ ਨੂੰ ਸੇਵਾ ‘ਚ ਆਪਣਾ ਸਹਿਯੋਗ ਦੇਣਾ ਚਾਹੀਦਾ ਹੈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਮੈਨੇਜਰ ਕਰਨੈਲ ਸਿੰਘ ਨਾਭਾ, ਐਡੀਸ਼ਨਲ ਮੈਨੇਜਰ ਕਰਮ ਸਿੰਘ, ਕਰਨੈਲ ਸਿੰਘ, ਭਾਈ ਪ੍ਰਿਤਪਾਲ ਸਿੰਘ, ਅਮਰਪਾਲ ਸਿੰਘ, ਕਰਤਾਰ ਸਿੰਘ ਅਤੇ ਸਮੂਹ ਸਟਾਫ ਮੁਲਾਜ਼ਮ ਹਾਜ਼ਰ ਸਨ।