ਖੰਨਾ ਪੁਲਸ ਨੇ ਧੜਾ ਧੜ ਕੀਤੇ ਚਲਾਣ ਤੇ ਨਿਯਮਾਂ ਦੀ ਉਲੰਘਣਾ ਕਰਨ ਦੇ ਮਾਮਲੇ ਦਰਜ

ਥਾਣਾ ਸਿਟੀ 02 ਦੇ ਐਸ. ਐਚ. ਓ. ਇੰਸ. ਹਰਵਿੰਦਰ ਸਿੰਘ ਖਹਿਰਾ ਵਾਹਨਾਂ ਦੇ ਚਲਾਣ ਕੱਟਦੇ ਹੋਏ। ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) : ਦੇਸ਼ ਭਰ ਵਿਚ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਲਾਗੂ ਕੀਤੇ ਲਾਕ ਡਾਊਨ (ਕਰਫਿਊ) ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ਼ ਵਿੱਢੀ ਮੁਹਿੰਮ ਤਹਿਤ ਅੱਜ ਜ਼ਿਲਾ ਪੁਲਸ ਮੁਖੀ ਹਰਪ੍ਰੀਤ ਸਿੰਘ ਦੀਆਂ ਹਿਦਾਇਤਾਂ ‘ਤੇ ਡੀ. ਐਸ. ਪੀਜ਼ ਅਤੇ ਥਾਣਾ ਮੁਖੀਆਂ ਵੱਲੋਂ ਵਿਸ਼ੇਸ਼ ਨਾਕਾਬੰਦੀਆਂ ਕਰਕੇ ਬਿਨਾਂ ਕਿਸੇ ਕਾਰਨ ਵਾਹਨਾਂ ‘ਤੇ ਘੁੰਮਦੇ ਲੋਕਾਂ ਨੂੰ ਰੋਕ ਕੇ ਉਨਾਂ ਦੇ ਚਲਾਣ ਕੀਤੇ ਗਏ।

ਦੇਰ ਸ਼ਾਮੀ ਇੱਥੇ ਪੁਲਸ ਜ਼ਿਲਾ ਖੰਨਾ ਦੇ ਐਸ. ਐਸ. ਪੀ. ਹਰਪ੍ਰੀਤ ਸਿੰਘ ਨੇ ਪ੍ਰੈਸ ਕਾਨਫਰੰਸ ਦੌਰਾਨ ਗੱਲਬਾਤ ਕਰਦਿਆਂ ਦੱਸਿਆ ਕਿ ਸਬ ਡਵੀਜ਼ਨ ਖੰਨਾ ਦੇ ਡੀ. ਐਸ. ਪੀ. ਰਾਜਨ ਪਰਮਿੰਦਰ ਸਿੰਘ ਤੇ ਡੀ. ਐਸ. ਪੀ. (ਐਚ/ਟ੍ਰੈਫਿਕ) ਸਮਸ਼ੇਰ ਸਿੰਘ ਸ਼ੇਰਗਿੱਲ ਦੀ ਨਿਗਰਾਨੀ ਹੇਠਾਂ ਥਾਣਾ ਸਦਰ ਖੰਨਾ ਦੇ ਐਸ. ਐਚ. ਓ. ਇੰਸ. ਜਸਵੀਰ ਸਿੰਘ, ਥਾਣਾ ਸਿਟੀ ਖੰਨਾ-01 ਦੇ ਐਸ. ਐਚ. ਓ. ਇੰਸ. ਕੁਲਜਿੰਦਰ ਸਿੰਘ ਗਰੇਵਾਲ, ਥਾਣਾ ਸਿਟੀ 02 ਦੇ ਐਸ. ਐਚ. ਓ. ਇੰਸ. ਹਰਵਿੰਦਰ ਸਿੰੰਘ ਖਹਿਰਾ ਤੇ ਟਰੈਫਿਕ ਪੁਲਸ ਖੰਨਾ ਦੇ ਇੰਚਾਰਜ ਥਾਣੇਦਾਰ ਪਵਨਜੀਤ ਸਿੰਘ ਸੰਧੂ ਦੀ ਅਗਵਾਈ ਹੇਠਾਂ ਪੁਲਸ ਪਾਰਟੀ ਵੱਲੋਂ ਵੱਖ-ਵੱਖ ਚੌਕਾਂ ਤੇ ਸੜਕਾਂ ‘ਤੇ ਨਾਕਾਬੰਦੀ ਕਰਕੇ ਵਾਹਨਾਂ ਦੀ ਜਾਂਚ ਕੀਤੀ ਗਈ। ਜਿਸ ਦੌਰਾਨ ਕਰਫਿਊ ਦੀ ਉਲੰਘਣਾ ਕਰਨ ਵਾਲੇ ਵਿਅਕਤੀਆਂ ਵਿਰੁੱਧ ਕਾਰਵਾਈ ਕਰਦੇ ਹੋਏ ਥਾਣਾ ਸਦਰ ਖੰਨਾ ਵੱਲੋਂ 32 ਵਹੀਕਲਾਂ ਦੇ ਚਲਾਣ, ਥਾਣਾ ਸਿਟੀ ਖੰਨਾ 01 ਵੱਲੋਂ-06 ਵਹੀਕਲਾਂ ਦੇ ਚਲਾਣ ਅਤੇ ਥਾਣਾ ਸਿਟੀ-2 ਖੰਨਾ ਵੱਲੋਂ 10 ਵਹੀਕਲਾਂ ਦੇ ਮੋਟਰ ਵਹੀਕਲ ਐਕਟ ਤਹਿਤ ਚਲਾਣ ਕੀਤੇ ਗਏ। ਇਸੇ ਤਰਾਂ ਥਾਣਾ ਸਦਰ ਖੰਨਾ, ਥਾਣਾ ਸਿਟੀ 01 ਅਤੇ ਥਾਣਾ ਸਿਟੀ 02 ਵਿਖੇ ਕਰਫਿਊ ਨਿਯਮਾਂ ਦੀ ਉਲੰਘਣਾ ਕਰਨ ਵਾਲੇ 44 ਵਾਹਨ ਚਾਲਕਾਂ ਖਿਲਾਫ਼ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ 188, 269 ਅਤੇ 51, 52 ਡਿਜਾਸਟਰ ਮੈਨੇਜਮੈਂਟ ਐਕਟ 2005 ਤਹਿਤ 11 ਮਾਮਲੇ ਦਰਜ ਕੀਤੇ ਗਏ। ਐਸ. ਐਸ. ਪੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਰਕਾਰ ਵੱਲੋਂ ਲਾਕ ਡਾਊਨ ਦੌਰਾਨ ਨਿਯਮਾਂ ਦੀ ਉਲੰਘਣਾ ਤੇ ਵਾਇਲੇਸ਼ਨ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ‘ਤੇ ਬਖਸ਼ਿਆ ਨਹੀਂ ਜਾਵੇਗਾ। ਉਨਾਂ ਖੰਨਾ ਸ਼ਹਿਰ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਨਿਯਮਾਂ ਦੀ ਪਾਲਣਾ ਕਰਨ, ਜ਼ਰੂਰੀ ਵਸਤਾਂ ਦੀ ਖ੍ਰੀਦਦਾਰੀ ਲਈ ਘਰ ਦੇ ਨਜ਼ਦੀਕ ਢਿੱਲ ਦੌਰਾਨ ਸਿਰਫ ਪੈਦਲ ਹੀ ਘਰਾਂ ਤੋਂ ਬਾਹਰ ਨਿਕਲਣ।

Share This :

Leave a Reply