ਖੰਨਾ ਦੇ ਵੱਖ ਵੱਖ ਕੋਰੰਟੀਨ ਸੈਂਟਰਾਂ ‘ਚ ਕੀਤਾ ਇਕਾਂਤਵਾਸ, ਲੋਕਾਂ ਰਾਹਤ ਕੀਤੀ ਮਹਿਸੂਸ

ਖੰਨਾ (ਪਰਮਜੀਤ ਸਿੰਘ ਧੀਮਾਨ) : ਸ਼੍ਰੀ ਨੰਦੇੜ ਸਾਹਿਬ ਤੋਂ ਵਾਪਸ ਪਰਤੇ ਖੰਨਾ ਇਲਾਕੇ ਦੇ 9 ਸ਼ਰਧਾਲੂਆਂ ਦੀ ਰਿਪੋਰਟ ਦੇਰ ਰਾਤ ਆਈ। ਜਿਨਾਂ ਵਿਚੋਂ 1 ਸ਼ਰਧਾਲੂ ਦੀ ਰਿਪੋਰਟ ਪੋਜ਼ਟਿਵ ਆਈ ਤੇ 8 ਸ਼ਰਧਾਲੂਆਂ ਦੀ ਰਿਪੋਰਟ ਨੈਗਟਿਵ ਆਉਣ ਨਾਲ ਖੰਨਾ ਦੇ ਹੁਣ ਕੁਲ ਪੋਜ਼ਟਿਵ ਮਾਮਲੇ 4 ਹੋ ਗਏ ਹਨ। ਇਹ 8 ਸ਼ਰਧਾਲੂ ਖੰਨਾ ਇਲਾਕੇ ਵਿਚ ਪੈਂਦੇ 2 ਪਿੰਡ ਭੱਟੀਆਂ, 1 ਪਿੰਡ ਗੋਹ, 1 ਪਿੰਡ ਅਸ਼ਗਰੀਪੁਰ, 1 ਪਿੰਡ ਫਤਹਿਪੁਰ ਤੇ 1 ਪਿੰਡ ਰਾਏਪੁਰ ਤੇ 2 ਖੰਨਾ ਸ਼ਹਿਰ ਨਾਲ ਸਬੰਧਿਤ ਹੋਣ ਕਰਕੇ ਇਨਾਂ ਨੂੰ ਸਬੰਧਿਤ ਪਿੰਡਾਂ ਤੇ ਵਾਰਡਾਂ ਵਿਚ ਹੀ ਬਣਾਏ ਗਏ ਕਰੰਟਾਇਨ ਸੈਂਟਰਾਂ ਵਿਚ 21 ਦਿਨਾਂ ਲਈ ਕੋਰੰਟਾਇਨ ਕਰ ਦਿੱਤਾ ਗਿਆ ਹੈ। ਜਿਥੇ ਹੁਣ ਇਹ ਪ੍ਰਸ਼ਾਸ਼ਨ ਵੱਲੋਂ ਤੈਨਾਤ ਕੀਤੇ ਵਲੰਟੀਅਰ ਇਨਾਂ ਦੀ ਦੇਖ ਰੇਖ ਕਰਨਗੇ। ਇਥੇ ਜਿਕਰਯੋਗ ਹੈ ਕਿ ਪਹਿਲਾਂ ਵੀ ਖੰਨਾ ਵਿਖੇ ਸ਼੍ਰੀ ਨੰਦੇੜ ਸਾਹਿਬ ਤੋਂ ਵਾਪਸ ਪਰਤੇ ਇਕ ਵਿਅਕਤੀ ਨੂੰ ਕੋਰੰਟਾਇਨ ਕੀਤਾ ਗਿਆ ਹੈ। ਜਿਸ ਨਾਲ ਹੁਣ ਖੰਨਾ ਵਿਚ ਕੁੱਲ 9 ਵਿਅਕਤੀ ਕੋਰੰਟਾਇਨ ਕੀਤੇ ਜਾ ਚੁੱਕੇ ਹਨ।
ਸ਼੍ਰੀ ਨੰਦੇੜ ਸਾਹਿਬ ਤੋਂ ਆਏ ਬੱਸ ਡਰਾਈਵਰ ਤੇ ਕੰਡਕਟਰ ਦੀ ਰਿਪੋਰਟ ਵੀ ਆਈ ਨੈਗੇਟਿਵ
ਇਸ ਪ੍ਰਕਾਰ ਸਿਵਲ ਹਸਪਤਾਲ ‘ਚ ਦਾਖਲ ਸ਼੍ਰੀ ਨੰਦੇੜ ਸਾਹਿਬ ਤੋਂ ਆਏ ਬੱਸ ਦੇ ਡਰਾਇਵਰ ‘ਤੇ ਕੰਡੇਕਟਰ ਦੀ ਰਿਪੋਰਟ ਵੀ ਨੈਗਟਿਵ ਆਈ ਹੈ। ਇਸ ਤੋਂ ਇਲਾਵਾ ਸਿਵਲ ਹਸਪਤਾਲ ਖੰਨਾ ਤੋਂ ਪਿਛਲੇ 3 ਦਿਨਾਂ ਤੋਂ ਕਰੋਨਾ ਟੈਸਟ ਦੇ ਭੇਜੇ ਜਾ ਰਹੇ ਸੈਂਪਲਾਂ ਵਿਚੋਂ ਕਿਸੇ ਦੀ ਵੀ ਰਿਪੋਰਟ ਹਲੇ ਨਹੀਂ ਆਈ।
ਖੰਨਾ ਪੁਲਸ ਨੇ ਬਿਨਾਂ ਵਜਾ ਸ਼ਹਿਰ ‘ਚ ਘੁੰਮਦੇ ਲੋਕਾਂ ‘ਤੇ ਕੀਤੀ ਸਖ਼ਤੀ
ਜ਼ਿਲਾ ਪੁਲਸ ਮੁਖੀ ਹਰਪ੍ਰੀਤ ਸਿੰਘ ਦੀਆਂ ਹਿਦਾਇਤਾਂ ‘ਤੇ ਰੇਲਵੇ ਰੋਡ ਵਿਖੇ ਲੋਕਾਂ ਦੀ ਲਗਦੀ ਭੀੜ ਨੂੰ ਥਾਣਾ ਸਿਟੀ ਖੰਨਾ 01 ਦੇ ਐਸ. ਐਚ. ਓ. ਇੰਸ. ਕੁਲਜਿੰਦਰ ਸਿੰਘ ਗਰੇਵਾਲ ਦੀ ਅਗਵਾਈ ਹੇਠਾਂ ਪੁਲਸ ਪਾਰਟੀ ਵੱਲੋਂ ਬਿਨਾਂ ਵਜਾ ਸ਼ਹਿਰ ‘ਚ ਘੁੰਮਦੇ ਲੋਕਾਂ ਨੂੰ ਆਪਣੇ ਘਰਾਂ ਵਿਚ ਜਾਣ ਲਈ ਕਿਹਾ ਗਿਆ। ਇਸ ਤੋਂ ਬਾਅਦ ਦੁਪਹਿਰ ਇਕ ਵਜੇ ਤੋਂ ਬਾਅਦ ਸਖ਼ਤੀ ਕਰਦਿਆਂ ਖੰਨਾ ਪੁਲਸ ਵੱਲੋਂ ਲੋਕਾਂ ਦੇ ਵਾਹਨਾਂ ਨੂੰ ਵਾਪਸ ਭੇਜ ਦਿੱਤਾ ਗਿਆ, ਕਈ ਵਾਹਨਾਂ ਦੇ ਚਲਾਣ ਵੀ ਕੀਤੇ ਗਏ। ਇੰਸ. ਕੁਲਜਿੰਦਰ ਸਿੰਘ ਨੇ ਦੱਸਿਆ ਕਿ ਲਾਕ ਡਾਊਨ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸ ਤਰਾਂ ਹੀ ਸ਼ਹਿਰ ਨੂੰ ਆਉਂਦੀਆਂ ਵੱਖ-ਵੱਖ ਲਿੰਕ ਸੜਕਾਂ ‘ਤੇ ਵੀ ਪੁਲਸ ਵੱਲੋਂ ਲੋਕਾਂ ਨੂੰ ਸ਼ਹਿਰ ‘ਚ ਐਂਟਰ ਨਹੀਂ ਹੋਣ ਦਿੱਤਾ ਗਿਆ। ਇਸ ਮੌਕੇ ਸਹਾਇਕ ਥਾਣੇਦਾਰ ਸੁਖਵਿੰਦਰ ਸਿੰਘ ਤੇ ਸ਼ਿੰਗਾਰਾ ਸਿੰਘ ਆਦਿ ਪੁਲਸ ਪਾਰਟੀ ਹਾਜ਼ਰ ਸਨ।




















