ਖੁਸ਼ਹਾਲੀ ਦੇ ਰਾਖੇ ਕੋਵਿਡ 19 ਖਿਲਾਫ ਲੜਾਈ ਵਿਚ ਨਿਭਾ ਰਹੇ ਹਨ ਅਹਿਮ ਭੁਮਿਕਾ – ਟੀ ਐਸ ਸ਼ੇਰਗਿੱਲ

ਬਠਿੰਡਾ ( ( ਮੀਡੀਆ ਬਿਊਰੋ ) ) ਲੈ: ਜਨਰਲ ਟੀ ਐਸ ਸ਼ੇਰਗਿੱਲ ਪੀਵੀਐਸਐਮ, ਸੀਨੀਅਰ ਵਾਇਸ ਚੇਅਰਮੈਨ ਜੀਓਜੀ ਅਤੇ ਮੁੱਖ ਸਲਾਹਕਾਰ ਮੁੱਖ ਮੰਤਰੀ ਪੰਜਾਬ ਨੇ ਦੱਸਿਆ ਹੈ ਕਿ ਖੁਸ਼ਹਾਲੀ ਦੇ ਰਾਖੇ ਕੋਵਿਡ 19 ਖਿਲਾਫ ਜੰਗ ਵਿਚ ਅਹਿਮ ਭੁਮਿਕਾ ਨਿਭਾਅ ਰਹੇ ਹਨ। ਉਨਾਂ ਨੇ ਕਿਹਾ ਕਿ ਅਗਾਮੀ ਕਣਕ ਦੇ ਮੰਡੀਕਰਨ ਅਤੇ ਹੋਰ ਰਾਹਤ ਕਾਰਜ ਵਿਚ ਵੀ ਖੁਸਹਾਲੀ ਦੇ ਰਾਖਿਆਂ ਵੱਲੋਂ ਜ਼ਿਲਾ ਪ੍ਰਸ਼ਾਸਨ ਨਾਲ ਮੋਢੇ ਨਾਲ ਮੋਢਾ ਜੋੜ ਕੇ ਕੰਮ ਕੀਤਾ ਜਾਵੇਗਾ। ਉਨਾਂ ਅੱਜ ਇੱਥੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ, ਐਸ.ਐਸ.ਪੀ. ਡਾ: ਨਾਨਕ ਸਿੰਘ ਅਤੇ ਬਠਿੰਡੇ ਸਮੇਤ ਚਾਰ ਜ਼ਿਲਿਆਂ ਦੇ ਜੀਓਜੀ ਮੁੱਖੀਆਂ ਨਾਲ ਬੈਠਕ ਕਰਨ ਤੋਂ ਬਾਅਦ ਇਹ ਜਾਣਕਾਰੀ ਦਿੱਤੀ।


ਇਸ ਮੌਕੇ ਲੈ. ਜਨਰਲ ਟੀ ਐਸ ਸ਼ੇਰਗਿੱਲ ਨੇ ਦੱਸਿਆ ਕਿ ਕਣਕ ਦੀ ਵਾਢੀ ਅਤੇ ਇਸਦੇ ਮੰਡੀਕਰਨ ਦੌਰਾਨ ਸਾਡੇ ਕਿਸਾਨ ਵੀਰਾਂ ਨੂੰ ਕੋਈ ਮੁਸਕਿਲ ਨਾ ਆਵੇ ਇਸ ਲਈ ਖੁਸ਼ਹਾਲੀ ਦੇ ਰਾਖੇ ਪਿੰਡਾਂ ਵਿਚ ਪੂਰੀ ਚੌਕਸੀ ਰੱਖਣਗੇ ਅਤੇ ਜੇਕਰ ਲੋਕਾਂ ਦੀ ਕੋਈ ਮੁਸਕਿਲ ਹੋਵੇਗੀ ਤਾਂ ਤੁਰੰਤ ਸਰਕਾਰ ਅਤੇ ਜ਼ਿਲਾ ਪ੍ਰਸ਼ਾਸਨ ਦੇ ਧਿਆਨ ਵਿਚ ਲਿਆਊਣਗੇ ਤਾਂ ਜੋ ਬਿਨਾਂ ਦੇਰੀ ਕਿਸਾਨਾਂ ਦੀਆਂ ਮੁਸਕਿਲਾਂ ਦਾ ਹੱਲ ਹੋ ਸਕੇ। ਉਨਾਂ ਨੇ ਕਿਹਾ ਕਿ ਕੋਵਿਡ 19 ਸਾਡੇ ਸਭ ਲਈ ਇਕ ਚੁਣੌਤੀ ਹੈ ਅਤੇ ਅਸੀਂ ਚੜਦੀਕਲਾ ਅਤੇ ਜਿੱਤ ਦਾ ਜਜ਼ਬਾ ਮਨ ਵਿਚ ਲੈਕੇ ਇਸ ਤੇ ਫਤਿਹ ਪਾਉਣੀ ਹੈ।
ਉਨਾਂ ਨੇ ਜੀਓਜੀ ਦੇ ਜ਼ਿਲਾ ਮੁੱਖੀਆਂ ਨੂੰ ਕਿਹਾ ਕਿ ਸਮੂਹ ਖੁਸ਼ਹਾਲੀ ਦੇ ਰਾਖੇ ਇਸ ਦੌਰਾਨ ਪਿੰਡਾਂ ਵਿਚ ਲੋਕਾਂ ਨੂੰ ਇਸ ਬਿਮਾਰੀ ਤੋਂ ਬਚਾਓ ਲਈ ਜਰੂਰੀ ਸਾਵਧਾਨੀਆਂ ਪ੍ਰਤੀ ਜਾਗਰੂਕ ਕਰਨ ਅਤੇ ਨਾਲ ਹੀ ਚੱਲ ਰਹੇ ਰਾਹਤ ਕਾਰਜਾਂ ਵਿਚ ਵੀ ਸਹਿਯੋਗ ਕੀਤਾ ਜਾਵੇ। ਉਨਾਂ ਨੇ ਦੱਸਿਆ ਕਿ ਸਰਕਾਰ ਵੱਲੋਂ ਜਨਤਕ ਵੰਡ ਪ੍ਰਣਾਲੀ ਰਾਹੀਂ ਕਣਕ ਦੀ ਵੰਡ, ਪੈਨਸ਼ਨਾਂ ਅਤੇ ਹੋਰ ਲੋਕ ਕਲਿਆਣਕਾਰੀ ਸਕੀਮਾਂ ਤਹਿਤ ਰਕਮਾਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਪਾਈਆਂ ਗਈਆਂ ਹਨ। ਅਜਿਹੇ ਵਿਚ ਜੀਓਜੀ ਲਾਭਪਾਤਰੀਆਂ ਨੂੰ ਜਾਗਰੂਕ ਵੀ ਕਰਨ ਕਿ ਇਹ ਸੁਵਿਧਾਵਾਂ ਪ੍ਰਾਪਤ ਕਰਦੇ ਸਮੇਂ ਲੋਕ ਸਮਾਜਿਕ ਦੂਰੀ ਦੇ ਸਿਧਾਂਤ ਦਾ ਸਖ਼ਤੀ ਨਾਲ ਪਾਲਣ ਕਰਨ ਅਤੇ ਨਾਲ ਹੀ ਹਰੇਕ ਯੋਗ ਵਿਅਕਤੀ ਤੱਕ ਸਰਕਾਰੀ ਮਦਦ ਦੀ ਪਹੁੰਚ ਵੀ ਯਕੀਨੀ ਹੋਵੇ।
ਇਸ ਮੌਕੇ ਲੈ: ਜਨਰਲ ਟੀਐਸ ਸ਼ੇਰਗਿੱਲ ਨੇ ਹੋਰ ਦੱਸਿਆ ਕਿ ਜੀਓਜੀ ਦੇ ਕੰਮ ਨੂੰ ਹੋਰ ਪ੍ਰਭਾਵੀ ਕਰਨ ਲਈ ਆਨਲਾਈਨ ਪੋਰਟਲ ਨੂੰ ਹੋਰ ਸਮਰੱਥ ਕੀਤਾ ਗਿਆ ਹੈ ਜਿਸ ਨਾਲ ਪੰਜਾਬ ਦੇ ਦੂਰਦਰਾਜ ਦੇ ਪਿੰਡਾਂ ਤੋਂ ਸਾਡੇ ਖੁਸਹਾਲੀ ਦੇ ਰਾਖੇ ਤੁਰੰਤ ਆਪਣੀ ਰਿਪੋਟ ਸਿੱਧੇ ਆਪਣੇ ਇਲਾਕੇ ਦੇ ਐਸ.ਡੀ.ਐਮ., ਡਿਪਟੀ ਕਮਿਸ਼ਨਰ ਤੋਂ ਇਲਾਵਾ ਉਨਾਂ ਨੂੰ ਅਤੇ ਮੁੱਖ ਮੰਤਰੀ ਪੰਜਾਬ ਦੇ ਦਫ਼ਤਰ ਨੂੰ ਭੇਜ ਸਕਦੇ ਹਨ। ਇਸ ਨਾਲ ਲੋਕ ਮਸਲਿਆਂ ਦੇ ਤੇਜੀ ਨਾਲ ਨਿਪਟਾਰਾ ਸੰਭਵ ਹੋ ਸਕੇਗਾ।
ਇਸ ਮੌਕੇ ਜ਼ਿਲੇ ਦੇ ਡਿਪਟੀ ਕਮਿਸ਼ਨਰ ਸ੍ਰੀ ਬੀ ਸ੍ਰੀ ਨਿਵਾਸਨ ਨੇ ਦੱਸਿਆ ਕਿ ਜ਼ਿਲੇ ਵਿਚ ਹਾਲੇ ਕੋਈ ਵੀ ਕੋਵਿਡ ਪ੍ਰਭਾਵਿਤ ਮਰੀਜ ਨਹੀਂ ਹੈ। ਐਸਐਸਪੀ ਡਾ: ਨਾਨਕ ਸਿੰਘ ਨੇ ਬਾਹਰਲੇ ਜ਼ਿਲੇ ਤੋਂ ਲੋਕਾਂ ਦੇ ਆਵਾਗਮਨ ਨੂੰ ਰੋਕਣ ਲਈ ਕੀਤੇ ਇੰਤਜਾਮਾਂ ਦੀ ਜਾਣਕਾਰੀ ਦਿੱਤੀ। ਬਠਿੰਡਾ ਦੇ ਜੀਓਜੀ ਹੈਡ ਕਰਨਲ ਗੁਰਜੀਤ ਸਿੰਘ ਸਿੱਧੂ ਨੇ ਜ਼ਿਲੇ ਵਿਚ ਖੁਸਹਾਲੀ ਦੇ ਰਾਖਿਆਂ ਵੱਲੋਂ ਕੀਤੇ ਜਾ ਰਹੇ ਕਾਰਜਾਂ ਦੀ ਜਾਣਕਾਰੀ ਦਿੱਤੀ।
ਇਸ ਮੌਕੇ ਸ੍ਰੀ ਕਰਨਵੀਰ ਸਿੰਘ ਓਐਸਡੀ, ਸ੍ਰੀ ਮੁਕਤਸਰ ਸਾਹਿਬ ਜ਼ਿਲੇ ਦੇ ਜੀਓਜੀ ਹੈਡ ਮੇਜਰ ਜੀਐਸ ਔਲਖ, ਫਾਜ਼ਿਲਕਾ ਦੇ ਮੁੱਖੀ ਕਰਨਲ ਅਜੀਤ ਸਿੰਘ, ਸਕਾਰਡਨ ਲੀਡਰ ਮਲੂਕ ਸਿੰਘ, ਗਿਆਨ ਸਿੰਘ ਤਹਿਸੀਲ ਮੁੱਖੀ ਤਲਵੰਡੀ ਸਾਬੋ, ਸ੍ਰੀ ਓਪੀ ਮਹਿਤਾ ਤਹਿਸੀਲ ਮੁਖੀ ਫੂਲ, ਸ: ਜੁਗਰਾਜ਼ ਸਿੰਘ ਤਹਿਸੀਲ ਮੁੱਖੀ ਮੌੜ ਵੀ ਹਾਜਰ ਸਨ।

Share This :

Leave a Reply