ਨਵਾਂਸ਼ਹਿਰ (ਏ-ਆਰ. ਆਰ. ਐੱਸ. ਸੰਧੂ) ਵਧੀਕ ਮੁੱਖ ਸਕੱਤਰ ਕਮ ਵਿੱਤ ਕਮਿਸ਼ਨਰ ਵਣ ਤੇ ਜੰਗਲੀ ਜੀਵ ਸ੍ਰੀਮਤੀ ਰਵਨੀਤ ਕੌਰ ਨੇ ਅੱਜ ਇੱਥੇ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਦੌਰਾਨ ਜ਼ਿਲ੍ਹੇ ’ਚ ਕੋਵਿਡ ਰੋਕਥਾਮ ਪ੍ਰਬੰਧਾਂ ’ਤੇ ਸੰਤੁਸ਼ਟੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਨਾਲ ਹੀ ਅਗਲੇ ਪੜਾਅ ’ਚ ਲੋਕਾਂ ’ਚ ਵੱਧ ਤੋਂ ਵੱਧ ਮਾਸਕ, ਹੱਥ ਧੋਣ/ਹੈਂਡ ਸੈਨੇਟਾਈਜ਼ ਅਤੇ ਸੋਸ਼ਲ ਡਿਸਟੈਂਸਿੰਗ ਪ੍ਰਤੀ ਜਾਗਰੂਕਤਾ ਪੈਦਾ ਕਰਨ ’ਤੇ ਜ਼ੋਰ ਦਿੱਤਾ। ਉਨ੍ਹਾਂ ਇਹ ਵੀ ਆਖਿਆ ਕਿ ਜੇਕਰ ਕੋਈ ਵਿਅਕਤੀ ਸਿਹਤ ਵਿਭਾਗ ਵੱਲੋਂ ਕੋਵਿਡ ਦੀ ਰੋਕਥਾਮ ਲਈ ਸੁਝਾਈਆਂ ਸਾਵਧਾਨੀਆਂ ਦੀ ਪਾਲਣਾ ਕਰਨ ਦੀ ਬਜਾਏ ਉਲੰਘਣਾ ਕਰਦਾ ਹੈ, ਉਸ ਖ਼ਿਲਾਫ਼ ਬਣਦੀ ਕਾਰਵਾਈ ਅਮਲ ’ਚ ਲਿਆਂਦੀ ਜਾਵੇ। ਇਨ੍ਹਾਂ ’ਚ ਮਾਸਕ ਨਾ ਪਹਿਨਣ ਅਤੇ ਜਨਤਕ ਥਾਂ ’ਤੇ ਥੁੱਕ ਸੁੱਟਣ ’ਤੇ ਕੀਤੀ ਜਾਣ ਵਾਲੀ ਕਾਰਵਾਈ ਵੀ ਸ਼ਾਮਿਲ ਹੈ।
ਅੱਜ ਇੱਥੇ ਮੀਟਿੰਗ ਦੌਰਾਨ ਉਨ੍ਹਾਂ ਕਿਹਾ ਕਿ ਕੋਵਿਡ ਦਾ ਇੱਕੋ-ਇੱਕ ਇਲਾਜ ਸਾਵਧਾਨੀਆਂ ਹਨ । ਉਨ੍ਹਾਂ ਆਖਿਆ ਕਿ ਕੋਵਿਡ ਤੋਂ ਰੋਕਥਾਮ ’ਚ ਸਰਕਾਰ ਦੇ ਯਤਨ ਉਸ ਹੱਦ ਤੱਕ ਹੀ ਸਫ਼ਲ ਹੋ ਸਕਦੇ ਹਨ ਜਦੋਂ ਲੋਕ ਖੁਦ ਬਿਮਾਰੀ ਤੋਂ ਬਚਾਅ ਲਈ ਸਾਵਧਾਨੀਆਂ ਦਾ ਪਾਲਣ ਕਰਨ। ਉਨ੍ਹਾਂ ਕਿਹਾ ਕਿ ਹੁਣ ਸਥਿਤੀ ਅਜਿਹੀ ਆ ਚੁੱਕੀ ਹੈ ਕਿ ਸਾਨੂੰ ਕੋਵਿਡ ਤੋਂ ਬਚਾਅ ਲਈ ਸਾਵਧਾਨੀਆਂ ਨੂੰ ਅਪਣਾ ਕੇ ਚੱਲਣ ਦੀ ਲੋੜ ਹੈ। ਸਰਕਾਰ ਵੱਲੋਂ ਜੇਕਰ ਲਾਕਡਾਊਨ ਦੌਰਾਨ ਸ਼ਾਮ 7 ਤੋਂ ਸਵੇਰ 7 ਵਜੇ ਤੱਕ ਗੈਰ-ਜ਼ਰੂਰੀ ਆਵਾਜਾਈ ਰੋਕੀ ਗਈ ਹੈ ਤਾਂ ਇਸ ਦੀ ਪਾਲਣਾ ਕੀਤੀ ਜਾਵੇ। ਉਨ੍ਹਾਂ ਨੇ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਕੋਵਿਡ ਮਰੀਜ਼ਾਂ ਪ੍ਰਤੀ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀ ਹਮਦਰਦਾਨਾ ਪਹੁੰਚ ਦੀ ਸ਼ਲਾਘਾ ਕੀਤੀ ਤੇ ਜ਼ਿਲ੍ਹੇ ’ਚ ਲੋੜੀਂਦੀ ਮੈਡੀਕਲ ਮੈਨਪਾਵਰ ਅਤੇ ਨਵੀਨਤਮ ਐਂਬੂਲੈਂਸਾਂ ਬਾਰੇ ਸਰਕਾਰ ਪੱਧਰ ’ਤੇ ਗਲੱਬਾਤ ਕਰਨ ਦਾ ਭਰੋਸਾ ਦਿੱਤਾ।
ਡਿਪਟੀ ਕਮਿਸ਼ਨਰ ਵਿਨੈ ਬਬਲਾਨੀ ਨੇ ਇਸ ਮੌਕੇ ਉਨ੍ਹਾਂ ਨੂੰ ਦੱਸਿਆ ਕਿ ਜ਼ਿਲ੍ਹੇ ’ਚ ਇਸ ਮੌਕੇ 6 ਐਕਟਿਵ ਕੇਸ ਹਨ ਜਦਕਿ 101 ਸਿਹਤਯਾਬ ਹੋ ਕੇ ਘਰਾਂ ਨੂੰ ਜਾ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 404 ਬਿਸਤਰਿਆਂ ਦੇ ਸਟੇਟ ਇਕਾਂਤਵਾਸ ਦੀ ਸਮਰੱਥਾ ਦਾ ਪ੍ਰਬੰਧ ਹੈ ਅਤੇ ਇਸ ਵਿੱਚ 300 ਹੋਰ ਬੈਡ ਦਾ ਵਾਧਾ ਕੀਤਾ ਜਾ ਰਿਹਾ ਹੈ। ਇਸ ਤੋਂ ਇਲਾਵਾ ਕੋਵਿਡ ਕੇਅਰ ਹੈਲਥ ਸੈਂਟਰਾਂ ਵਜੋਂ ਜ਼ਿਲ੍ਹਾ ਹਸਪਤਾਲ ਨਵਾਂਸ਼ਹਿਰ ’ਚ 100 ਬੈਡ ਅਤੇ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ ਵਿਖੇ 50 ਬੈਡ ਦਾ ਇੰਤਜ਼ਾਮ ਹੈ। ਇਸੇ ਤਰ੍ਹਾਂ ਜ਼ਿਲ੍ਹੇ ’ਚ ਕੇ ਸੀ ਕਾਲਜ ਨਵਾਂਸ਼ਹਿਰ ਵਿਖੇ 380 ਬੈਡ ਅਤੇ ਰਿਆਤ ਕੈਂਪਸ ਰੈਲ ਮਾਜਰਾ ਵਿਖੇ 400 ਬੈਡ ਦੇ ਕੋਵਿਡ ਕੇਅਰ ਸੈਂਟਰ ਦਾ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 20 ਮੈਡੀਕਲ ਸਪੈਸ਼ਲਿਸਟ, 68 ਮੈਡੀਕਲ ਅਫ਼ਸਰ, 112 ਨਰਸਾਂ, 177 ਏ ਐਨ ਐਮ, 57 ਫ਼ਾਰਮਾਸਿਸਟਾਂ ਤੋਂ ਇਲਾਵਾ 79 ਵਾਰਡ ਅਟੈਂਡੇਂਟ ਅਤੇ ਫ਼ੀਲਡ ਸਰਵੇ ਲਈ 548 ਆਸ਼ਾ ਵਰਕਰਾਂ ਹਨ। ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਨੂੰ ਇਸ ਦੇ ਨਾਲ ਹੀ ਵਾਧੂ ਸਟਾਫ਼ ਦੀ ਜ਼ਰੂਰਤ ਵੀ ਹੈ। ਉਨ੍ਹਾਂ ਦੱਸਿਆ ਕਿ ਐਨ ਐਚ ਐਮ ਤਹਿਤ ਕੋਵਿਡ ਕੇਅਰ ਸੈਂਟਰ ਲਈ 65 ਮੈਡੀਕਲ ਤੇ ਪੈਰਾ ਮੈਡੀਕਲ ਸਟਾਫ਼ ਦੀ ਨਿਯੁੱਕਤੀ ਕੀਤੀ ਗਈ ਹੈ ਜਦਕਿ ਸੁਰੱਖਿਆ ਕਰਮੀਆਂ ਅਤੇ ਸਫ਼ਾਈ ਸੇਵਕਾਂ ਦੀ ਲੋੜ ਦੀ ਪੂਰਤੀ ਲਈ 30 ਵਰਕਰ ਆਊਟ ਸੋਰਸ ਕੀਤੇ ਗਏ ਹਨ।
ਸਿਵਲ ਸਰਜਨ ਡਾ. ਰਾਜਿੰਦਰ ਭਾਟੀਆ ਨੇ ਦੱਸਿਆ ਕਿ ਜ਼ਿਲ੍ਹੇ ’ਚ ਲੋੜੀਂਦੀ ਮਾਤਰਾ ’ਚ ਪੀ ਪੀ ਈ ਕਿੱਟਾਂ, ਐਨ 95 ਮਾਸਕ, ਸਰਜੀਕਲ ਮਾਸਕ, ਗਲਵਜ਼ ਅਤੇ ਦੂਸਰਾ ਸਮਾਨ ਮੌਜੂਦ ਹੈ ਪਰੰਤੂ ਇਨ੍ਹਾਂ ਦੀ ਵਰਤੋਂ ਨਿਰੰਤਰ ਹੁੰਦੀ ਰਹਿਣ ਕਾਰਨ ਸਪਲਾਈ ’ਚ ਵੀ ਨਿਰੰਤਰਤਾ ਰੱਖੀ ਜਾਵੇ। ਜ਼ਿਲ੍ਹੇ ’ਚ ਦਿੱਤੀਆਂ ਜਾ ਰਹੀਆਂ ਹੰਗਾਮੀ ਤੇ ਦੂਸਰੀਆਂ ਸਿਹਤ ਸੇਵਾਵਾਂ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਜੱਚਾ-ਬੱਚਾ ਸੇਵਾਵਾਂ ਲਈ ਸਬ ਡਵੀਜ਼ਨਲ ਹਸਪਤਾਲ ਬਲਾਚੌਰ, ਜਣੇਪਿਆਂ ਲਈ ਹੋਰਨਾਂ ਹਸਪਤਾਲਾਂ ’ਚ 120 ਬੈਡ ਸਮਰੱਥਾ, ਮਾਤਰੂ ਚੈਕ ਅਪ ਲਈ ਸਬ ਡਵੀਜ਼ਨਲ ਹਸਪਤਾਲ ਤੋਂ ਇਲਾਵਾ ਪੰਜ ਕਮਿਊਨਿਟੀ ਹੈਲਥ ਸੈਂਟਰ, 16 ਮੁਢਲੇ ਸਿਹਤ ਕੇਂਦਰ ਮੌਜੂਦ ਸਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 6 ਟੀਮਾਂ ਅਤੇ 3 ਕਿਓਸਕ ਕੋਵਿਡ ਸੈਂਪਲ ਲੈਣ ਲਈ ਕੰਮ ਕਰ ਰਹੇ ਹਨ ਅਤੇ ਇੱਕ ਦਿਨ ਦੀ 200 ਸੈਂਪਲ ਲੈਣ ਦੀ ਸਮਰੱਥਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ’ਚ 85 ਪ੍ਰਾਈਵੇਟ ਡਾਕਟਰ, 64 ਪ੍ਰਾਈਵੇਟ ਨਰਸਿੰਗ ਹੋਮ ਤੇ ਮੈਟਰਨਿਟੀ ਹੋਮ, 126 ਪ੍ਰਾਈਵੇਟ ਹਸਪਤਾਲ, 38 ਪ੍ਰਾਈਵੇਟ ਲੈਬਾਰਟਰੀਆਂ, 415 ਕੈਮਿਸਟ ਤੇ ਫ਼ਾਰਮਾਸਿਸਟ ਅਤੇ 40 ਪ੍ਰਾਈਵੇਟ ਐਂਬੂਲੈਂਸਾਂ ਦੀ ਸੂਚੀ ਬਣਾਈ ਗਈ ਹੈ, ਜਿਨ੍ਹਾਂ ਤੋਂ ਹੰਗਾਮੀ ਹਾਲਤ ’ਚ ਸੇਵਾਵਾਂ ਲਈਆਂ ਜਾ ਸਕਦੀਆਂ ਹਨ। ਮੀਟਿੰਗ ਵਿੱਚ ਏ ਡੀ ਸੀ (ਜ) ਅਦਿਤਿਆ ਉੱਪਲ, ਐਸ ਡੀ ਐਮ ਨਵਾਂਸ਼ਹਿਰ ਜਗਦੀਸ਼ ਸਿੰਘ ਜੌਹਲ, ਐਸ ਡੀ ਐਮ ਬਲਾਚੌਰ ਜਸਬੀਰ ਸਿੰਘ, ਐਸ ਡੀ ਐਮ ਬੰਗਾ ਗੌਤਮ ਜੈਨ, ਸਹਾਇਕ ਕਮਿਸ਼ਨਰ ਦੀਪਜੋਤ ਕੌਰ ਤੇ ਜ਼ਿਲ੍ਹਾ ਟੀਕਾਕਰਣ ਅਫ਼ਸਰ ਡਾ. ਦਵਿੰਦਰ ਢਾਂਡਾ ਮੌਜੂਦ ਸਨ।