ਪਟਿਆਲਾ (ਅਰਵਿੰਦਰ ਸਿੰਘ) ਜ਼ਿਲ੍ਹਾ ਪਟਿਆਲਾ ਪ੍ਰਸ਼ਾਸਨ ਵੱਲੋਂ ਨੋਵਲ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਇਹਤਿਆਤ ਵਜੋਂ ਚੁੱਕੇ ਜਾ ਰਹੇ ਕਦਮਾਂ ਦੇ ਮੱਦੇਨਜ਼ਰ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਵੱਖ-ਵੱਖ ਧਰਮਾਂ ਦੇ ਆਗੂਆਂ ਅਤੇ ਧਾਰਮਿਕ ਅਸਥਾਨਾਂ ਦੇ ਨੁਮਾਇੰਦਿਆਂ ਨਾਲ ਇੱਕ ਅਹਿਮ ਬੈਠਕ ਕੀਤੀ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਅਪੀਲ ਕੀਤੀ ਕਿ ਮਨੁੱਖਤਾ ਦੀ ਭਲਾਈ ਲਈ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜ਼ਿਲ੍ਹੇ ਅੰਦਰਲੇ ਵੱਖ-ਵੱਖ ਧਰਮਾਂ ਦੇ ਅਸਥਾਨਾਂ ਵਿਖੇ ਲੋਕਾਂ ਦੇ ਇਕੱਠ ਨਾ ਕਰਨ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਈ ਜਾਵੇ।
ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਧਾਰਮਿਕ ਆਸਥਾ ਦੇ ਚੱਲਦਿਆਂ ਬੇਸ਼ੱਕ ਹਰ ਕਿਸੇ ਦੀ ਇੱਛਾ ਹੈ ਕਿ ਉਹ ਆਪਣੀ ਧਾਰਮਿਕ ਸ਼ਰਧਾ ਮੁਤਾਬਕ ਆਪਣੇ ਧਾਰਮਿਕ ਅਸਥਾਨ ਦੇ ਦਰਸ਼ਨ ਜਰੂਰ ਕਰੇ ਪਰੰਤੂ ਸਮੁੱਚੀ ਮਨੁੱਖਤਾ ਨੂੰ ਕਿਸੇ ਭਿਆਨਕ ਬਿਮਾਰੀ ਤੋਂ ਬਚਾਉਣ ਲਈ ਭੀੜ ਵਾਲੀਆਂ ਥਾਵਾਂ ‘ਤੇ ਜਾਣ ਤੋਂ ਗੁਰੇਜ਼ ਕਰਕੇ ਅਸੀਂ ਸਮੁੱਚੀ ਮਨੁੱਖਤਾ ਦਾ ਭਲਾ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਤੋਂ ਪ੍ਰਭਾਵਤ ਵਿਅਕਤੀ ਵੱਲੋਂ ਖੰਗਣ ਅਤੇ ਛਿੱਕਾਂ ਜਾਂ ਉਸਦੇ ਸੰਪਰਕ ‘ਚ ਆਉਣ ਤੋਂ ਅੱਗੇ ਇਹ ਬਿਮਾਰੀ ਫੈਲਦੀ ਹੈ ਅਤੇ ਭੀੜ ਵਿੱਚ ਪ੍ਰਭਾਵਤ ਵਿਅਕਤੀ ਦਾ ਪਤਾ ਨਹੀਂ ਚੱਲਦਾ ਕਿ ਕੌਣ-ਕੌਣ ਪ੍ਰਭਾਵਤ ਹੈ, ਜਿਸ ਲਈ ਸਾਨੂੰ ਕੁਝ ਸਮੇਂ ਲਈ ਪ੍ਰਸ਼ਾਸਨ ਵੱਲੋਂ ਦਿੱਤੀਆਂ ਹਦਾਇਤਾਂ ਦਾ ਪਾਲਣ ਕਰਕੇ ਇਸ ਵਾਇਰਸ ਨੂੰ ਅੱਗੇ ਫੈਲਣ ਤੋਂ ਰੋਕਣ ‘ਚ ਸਹਿਯੋਗ ਕਰਨਾ ਚਾਹੀਦਾ ਹੈ। ਇਸੇ ਉਪਰੰਤ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਅਤੇ ਐਸ.ਐਸ.ਪੀ. ਸ. ਮਨਦੀਪ ਸਿੰਘ ਸਿੱਧੂ ਨੇ ਕੋਆਰਨਟੀਨ ਲਈ ਕੀਤੇ ਗਏ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵਿਖੇ ਜਾ ਕੇ ਪ੍ਰਬੰਧਾਂ ਦਾ ਜਾਇਜਾ ਵੀ ਲਿਆ। ਉਨ੍ਹਾਂ ਨੇ ਇਸ ਮੌਕੇ ਇੱਥੇ ਸੰਗਤ ਦੇ ਵੱਡੇ ਇਕੱਠ ਹੋਣ ਤੋਂ ਰੋਕਣ ਸਬੰਧੀਂ ਵਿਚਾਰ ਵਟਾਂਦਰਾ ਕਰਨ ਲਈ ਪ੍ਰਬੰਧਕਾਂ ਨਾਲ ਵੀ ਵੱਖਰੇ ਤੌਰ ‘ਤੇ ਇੱਕ ਅਹਿਮ ਮੀਟਿੰਗ ਕੀਤੀ। ਡਿਪਟੀ ਕਮਿਸ਼ਨਰ ਨੇ ਇਸੇ ਦੌਰਾਨ ਸ੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨਾਲ ਵੀ ਫੋਨ ‘ਤੇ ਗੱਲਬਾਤ ਕਰਕੇ ਸਹਿਯੋਗ ਦੀ ਮੰਗ ਵੀ ਕੀਤੀ। ਇਸ ਤੋਂ ਪਹਿਲਾਂ ਧਾਰਮਿਕ ਆਗੂਆਂ ਨਾਲ ਕੀਤੀ ਮੀਟਿੰਗ ‘ਚ ਸ੍ਰੀ ਕੁਮਾਰ ਅਮਿਤ ਨੇ ਕਿਹਾ ਕਿ ਧਾਰਮਿਕ ਅਸਥਾਨਾਂ ਵਿਖੇ ਲੋਕਾਂ ਦੀ ਸਿਹਤ ਦਾ ਧਿਆਨ ਰੱਖਦਿਆਂ ਅਤੇ ਕੋਰੋਨਾਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿੱਥੇ ਵੱਡੇ ਇਕੱਠ ਨਾ ਕੀਤੇ ਜਾਣ ਉਥੇ ਹੀ ਇਸ ਤੋਂ ਬਿਨ੍ਹਾਂ ਸਾਫ਼ ਸਫ਼ਾਈ ਅਤੇ ਹੱਥਾਂ ਨੂੰ ਸਾਫ਼ ਕਰਨ ਸਮੇਤ ਸੈਨੇਟਾਈਜ਼ਰ ਦਾ ਵੀ ਉਚੇਚਾ ਪ੍ਰਬੰਧ ਰੱਖਿਆ ਜਾਵੇ। ਇਸ ਮੀਟਿੰਗ ‘ਚ ਸ਼ਿਵ ਸੈਨਾ ਹਿੰਦੁਸਤਾਨ ਦੇ ਪ੍ਰਧਾਨ ਸ੍ਰੀ ਪਵਨ ਕੁਮਾਰ ਗੁਪਤਾ, ਰਾਧਾ ਸੁਆਮੀ ਡੇਰੇ ਵੱਲੋਂ ਡਾ. ਕੇ.ਡੀ. ਸਿੰਘ, ਸ੍ਰੀ ਤੁੰਗ ਨਾਥ ਮੰਦਿਰ ਕਮੇਟੀ ਤੋਂ ਸੁਖਬੀਰ ਸਿੰਘ, ਲਾਲ ਮਸਜਿਦ ਤੋਂ ਇਮਾਮ, ਮਸਜਿਦ ਬੈਂਕ ਕਲੋਨੀ ਤੋਂ ਮੁਫ਼ਤੀ ਅਫ਼ਾਕ, ਸੰਤ ਨਿਰੰਕਾਰੀ ਮੰਡਲ ਤੋਂ ਦਰਬਾਰਾ ਸਿੰਘ, ਮੰਦਿਰ ਸ੍ਰੀ ਕੇਦਾਰ ਨਾਥ ਤੋਂ ਸ੍ਰੀ ਮੁਕੇਸ਼ ਠਾਕੁਰ, ਨਿਰੰਕਾਰੀ ਮਿਸ਼ਨ ਪਟਿਆਲਾ ਤੋਂ ਦਰਸ਼ਨ ਸਿੰਘ, ਬੱਦਰੀ ਨਾਥ ਮੰਦਿਰ ਤੋਂ ਸ੍ਰੀ ਨਵੀਨ ਸ਼ਰਮਾ, ਸ੍ਰੋਮਣੀ ਅਕਾਲੀ ਦਲ ਤੋਂ ਸ੍ਰੀ ਵਿਨੀਤ ਸਹਿਗਲ, ਸ੍ਰੀ ਤੁੰਗ ਨਾਥ ਮੰਦਿਰ ਕਮੇਟੀ ਪ੍ਰਧਾਨ ਸ੍ਰੀ ਰਮੇਸ਼ ਚੰਦ, ਸੂਬਾ ਪ੍ਰਧਾਨ ਮੰਦਿਰ ਕਮੇਟੀ ਸ੍ਰੀ ਅਸ਼ਵਨੀ ਗੋਗੀ ਸਮੇਤ ਹੋਰ ਵੀ ਵੱਖ-ਵੱਖ ਧਰਮਾਂ ਦੇ ਨੁਮਾਇੰਦੇ ਮੌਜੂਦ ਸਨ।