ਕੋਰੋਨਾ ਪਾਜ਼ੇਟਿਵ ਦੇ ਸੰਪਰਕ ‘ਚ ਆਏ ਵਿਅਕਤੀਆਂ ਦੀ ਭਾਲ ‘ਚ ਜੁੱਟਿਆ ਫਰੀਦਕੋਟ ਦਾ ਸਿਹਤ ਵਿਭਾਗ

ਫਰੀਦਕੋਟ ( ਮੀਡੀਆ ਬਿਊਰੋ ) ਸਿਹਤ ਤੇ ਪਰਵਾਰ ਭਲਾਈ ਮੰਤਰੀ ਬਲਵੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ਾਂ ਅਤੇ ਡਿਪਟੀ ਕਮਿਸ਼ਨਰ ਕੁਮਾਰ ਸੌਰਭ ਰਾਜ ਆਈ.ਏ.ਐਸ ਦੀ ਯੋਗ ਅਗਵਾਈ ਹੇਠ ਜ਼ਿਲ੍ਹਾ ਅੰਦਰ ਕੋਵਿਡ-19 ਦੀ ਮਹਾਂਮਾਰੀ ਵਿਰੁੱਧ ਵਿੱਢੀ ਇਸ ਮੁਹਿੰਮ ਤਹਿਤ ਵਿਭਾਗ ਦੀਆਂ ਵੱਖ-ਵੱਖ ਟੀਮਾਂ ਗਠਿਤ ਕੀਤੀਆਂ ਗਈਆਂ ਹਨ ਜੋ ਬਹੁਤ ਹੀ ਮੁਸ਼ੱਕਤ ਨਾਲ ਫਰੀਦਕੋਟ ਦੇ ਪਾਜ਼ੇਟਿਵ ਕੋਰੋਨਾ ਕੇਸ ਦੇ ਸੰਪਰਕ ਵਿੱਚ ਆਏ ਵਿਆਕਤੀਆਂ ਦੀ ਭਾਲ ਵਿੱਚ ਲੱਗੀਆਂ ਹੋਈਆਂ ਹਨ ਤਾਂ ਜੋ ਪਾਜ਼ੇਟਿਵ ਕੇਸ ਦੇ ਸੰਪਰਕ ਵਾਲਿਆਂ ਦੇ ਸੈਂਪਲ ਇਕੱਤਰ ਕਰ ਲੈਬ ਵਿੱਚ ਜਾਂਚ ਲਈ ਭੇਜੇ ਜਾ ਸਕਣ।ਜ਼ਿਲ੍ਹਾ ਅੰਦਰ ਪੋਜ਼ੇਟਿਵ ਆਏ 3 ਕੇਸਾਂ ਦੇ ਰਿਹਾਇਸ਼ੀ ਖੇਤਰ ਦਾ ਸਰਵੇ, ਸ਼ੱਕੀ ਮਰੀਜਾਂ ਦੀ ਮੈਡੀਕਲ ਸਕਰੀਨਿੰਗ ਅਤੇ ਸੈਂਪਲ ਲੈਣ ਸਬੰਧੀ ਸਰਗਰਮੀਆਂ ਅਮਲ ਵਿੱਚ ਲਿਆਂਦੀਆਂ ਜਾ ਰਹੀਆਂ ਹਨ।

ਇਹ ਜਾਣਕਾਰੀ ਸਿਵਲ ਸਰਜਨ ਫਰੀਦਕੋਟ ਡਾ. ਰਜਿੰਦਰ ਕੁਮਾਰ ਨੇ ਸਾਂਝੀ ਕਰਦਿਆਂ ਦੱਸਿਆ ਕਿ ਇਸ ਭਿਆਨਕ ਬਿਮਾਰੀ ਤੋਂ ਜਾਗਰੂਕ ਕਰਨ ਅਤੇ ਲੋਕਾਂ ਨੂੰ ਸਾਵਧਾਨੀਆਂ ਵਰਤਣ ਸਬੰਧੀ ਹਰ ਸੰਭਵ ਉਪਰਾਲਾ ਕੀਤਾ ਜਾ ਰਿਹਾ ਹੈ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਹੁਣ ਪੰਜਾਬ ਵਿਚ ਪਾਜ਼ੇਟਿਵ ਅਤੇ ਸ਼ੱਕੀ ਮਰੀਜ਼ਾਂ ਦੀ ਗਿਣਤੀ ਵੱਧਣ ਕਾਰਨ ਆਮ ਲੋਕਾਂ ਨੂੰ ਘਰਾਂ ਤੋਂ ਬਾਹਰ ਜਾਣ ਸਮੇਂ ਹਰ ਵਿਅਕਤੀ ਨੂੰ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ ਜਾਂ ਮਾਸਕ ਦੀ ਜਗਾ ਰੁਮਾਲ,ਚੁੰਨੀ ਜਾਂ ਪਰਨਾ ਵੀ ਮੁੰਹ ਤੇ ਲਪੇਟਿਆ ਜਾ ਸਕਦਾ ਹੈ। ਉਨਾਂ ਸਮਾਜਿਕ ਦੂਰੀ ਬਣਾ ਕਿ ਰੱਖਣ ਅਤੇ ਘਰ ਰਹੋ ਸੁਰੱਖਿਅਤ ਰਹੋ ਦੀ ਅਪੀਲ ਵੀ ਕੀਤੀ।ਇਸ ਮੌਕੇ ਕੋਵਿਡ-19 ਦੇ ਨੋਡਲ ਅਫਸਰ ਡਾ.ਅਨੀਤਾ ਅਤੇ ਡਾ.ਵਿਕਰਮਜੀਤ ਸਿੰਘ ਨੇ ਦੱਸਿਆ ਉਮੀਦ ਹੈ ਕਿ ਇਹ ਪ੍ਰਕਿਰਿਆ ਦੇਰ ਰਾਤ ਤੱਕ ਚੱਲੇਗੀ ਅਤੇ 30 ਦੇ ਕਰੀਬ ਸੈਂਪਲ ਇਕੱਤਰ ਹੋ ਸਕਦੇ ਹਨ। ਉਨ੍ਹਾ ਦੱਸਿਆ ਕਿ ਪਾਜ਼ੇਟਿਵ ਆਏ ਤੀਸਰੇ ਕੇਸ ਵੱਲੋਂ ਸ਼ਹਿਰ ਵਿੱਚ ਲੰਗਰ ਵੰਡਣ ਦੀ ਸੇਵਾ ਕੀਤੀ ਗਈ ਸੀ ਜਿਸ ਕਰਕੇ ਫਰਦਿਕੋਟ ਦੇ 22 ਵਿਅਕਤੀਆਂ ਨੂੰ ਸਥਾਨਕ ਪੁਨਰਵਾਸ ਕੇਂਦਰ ਵਿਖੇ ਇਕਾਂਤਵਾਸ ਵਿੱਚ ਰੱਖਿਆ ਗਿਆ ਹੈ ਅਤੇ ਪਾਜ਼ੇਟਿਵ ਕੇਸ ਦੇ ਸੰਪਰਕ ਵਿਚ ਆਏ 20 ਦੇ ਕਰੀਬ ਵਿਅਕਤੀਆਂ ਨੂੰ ਵੀ ਘਰ ਵਿਖੇ ਹੀ ਇਕਾਂਤਵਾਸ ਵਿਚ ਰਹਿਣ ਦੀ ਗੱਲ ਸਾਹਮਣੇ ਆਈ ਹੈ। ਉਨ੍ਹਾ ਕਿਹਾ ਕਿ ਜੇ ਕਿਸੇ ਵੀ ਵਿਅਕਤੀ ਨੂੰ ਲੱਗਦਾ ਹੈ ਕਿ ਉਹ ਪਾਜ਼ੇਟਿਵ ਕੋਰੋਨਾ ਕੇਸ ਦੇ ਸੰਪਰਕ ਵਿਚ ਆਇਆ ਹੈ ਤਾਂ ਉਹ ਸਿਹਤ ਵਿਭਾਗ ਨੂੰ ਤੁਰੰਤ ਜਾਣਕਾਰੀ ਦੇਣ ।ਉਨ੍ਹਾ ਕਿਹਾ ਕਿ ਇਹ ਇਕ ਛੂਤ ਦੀ ਬਿਮਾਰੀ ਹੈ ਅਤੇ ਲੋਕਾਂ ਨੂੰ ਜਾਗਰੂਕ ਹੋਣ ਦੀ ਲੋੜ ਹੈ ਸਰਕਾਰ ਵੱਲੋਂ ਕੀਤੇ ਲੋਕਡਾਊਨ ਨੂੰ ਸਮਝੋ ਅਤੇ ਘਰ ਰਹੋ।

Share This :

Leave a Reply