ਕੋਰੋਨਾ ਖਿਲਾਫ ਜੰਗ ਲੜ ਰਹੇ ਪੀ.ਐਚ.ਸੀ ਪੋਸੀ ‘ਚ ਗੂੰਜੀਆਂ ਕਿਲਕਾਰੀਆਂ

ਹਸ਼ਿਆਰਪੁਰ ( ਮੀਡੀਆ ਬਿਊਰੋ )ਪੰਜਾਬ ਸਰਕਾਰ ਵਲੋਂ ਜਿੱਥੇ ਕੋਰੋਨਾ ਖਿਲਾਫ ਜੰਗ ਲੜੀ ਜਾ ਰਹੀ ਹੈ, ਉਥੇ ਸੁਚਾਰੂ ਢੰਗ ਨਾਲ ਜ਼ਰੂਰੀ ਸਿਹਤ ਸੇਵਾਵਾਂ ਵੀ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ, ਜਿਸਦੀ ਮਿਸਾਲ ਉਦੋਂ ਦੇਖਣ ਨੂੰ ਮਿਲੀ ਜਦੋਂ ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਕੋਰੋਨਾ ਦਾ ਹਾਟਸਪਾਟ ਬਣੇ ਪ੍ਰਾਇਮਰੀ ਹੈਲਥ ਸੈਂਟਰ ਪੋਸੀ ਵਿੱਚ ਲਾਕਡਾਊਨ ਦੌਰਾਨ 11 ਨੰਨ੍ਹਿਆਂ ਦੀਆਂ ਕਿਲਕਾਰੀਆਂ ਗੂੰਜੀਆਂ। ਸੂਬੇ ਵਿੱਚ ਸਭ ਤੋਂ ਵੱਧ ਇਸ ਸੈਂਟਰ ਵਿੱਚ 1161 ਵਿਅਕਤੀਆਂ ਨੂੰ ਹੋਮ ਕੁਆਰਨਟਾਈਨ ਕਰਨ ਦੇ ਬਾਵਜੂਦ ਜ਼ਰੂਰੀ ਸਿਹਤ ਸੇਵਾਵਾਂ ਸਮੇਤ ਕਰੀਬ 1200 ਓ.ਪੀ.ਡੀ ਦਰਜ ਕੀਤੀ ਗਈ ਹੈ। ਸੀਨੀਅਰ ਮੈਡੀਕਲ ਆਫਸਰ ਪੀ.ਐਚ.ਸੀ ਪੋਸੀ ਡਾ. ਰਘਬੀਰ ਸਿੰਘ ਨੇ ਦੱਸਿਆ ਕਿ ਪ੍ਰਾਇਮਰੀ ਹੈਲਥ ਸੈਂਟਰ ਵਲੋਂ ਗਰਭਵਤੀ ਔਰਤਾਂ ਲਈ ਸਿਹਤ ਸੇਵਾਵਾਂ ਜਾਰੀ ਰੱਖੀਆਂ ਗਈਆਂ ਹਨ।

ਉਨ੍ਹਾਂ ਕਿਹਾ ਕਿ ਡਾਕਟਰਾਂ ਅਤੇ ਸਟਾਫ ਨਰਸਾਂ ਵਲੋਂ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਗਰਭਵਤੀ ਔਰਤਾਂ ਨੂੰ ਕਿਸੇ ਵੀ ਤਰ੍ਹਾਂ ਦੀ ਦਿੱਕਤ ਨਾ ਆਉਣ ਦਿੱਤੀ ਜਾਵੇ। ਉਨ੍ਹਾਂ ਦੱਸਿਆ ਕਿ ਵਾਰਡ ਵਿੱਚ ਗਰਭਵਤੀ ਔਰਤਾਂ ਸਮੇਤ ਮਾਂਵਾਂ ਅਤੇ ਨਵਜੰਮਿਆਂ ਦੀ ਸਿਹਤ ਸੁਰੱਖਿਅਤ ਰੱਖਣ ਲਈ ਹਸਪਤਾਲ ਨੂੰ ਦੋ-ਦੋ ਵਾਰ ਸੈਨੀਟਾਈਜ਼ ਕੀਤਾ ਜਾ ਰਿਹਾ ਹੈ, ਤਾਂ ਜੋ ਨੰਨ੍ਹਿਆਂ ਨੂੰ ਇਨਫੈਕਸ਼ਨ ਦਾ ਸਾਹਮਣਾ ਨਾ ਕਰਨਾ ਪਵੇ। ਉਨ੍ਹਾਂ ਦੱਸਿਆ ਕਿ ਬੱਚਿਆਂ, ਬਜ਼ੁਰਗਾਂ ਅਤੇ ਹੋਰ ਮਰੀਜ਼ਾਂ ਨੂੰ ਸੁਚਾਰੂ ਢੰਗ ਨਾਲ ਸਿਹਤ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ ਅਤੇ ਸਿਹਤ ਅਮਲੇ ਵਲੋਂ ਕੋਰੋਨਾ ਦਾ ਬਹਾਨਾ ਬਣਾ ਕੇ ਆਪਣੀ ਡਿਊਟੀ ਤੋਂ ਟਾਲਾ ਨਹੀਂ ਵੱਟਿਆ ਜਾ ਰਿਹਾ। ਉਨ੍ਹਾਂ ਦੱਸਿਆ ਕਿ ਨਿਰਵਿਘਨ ਓ.ਪੀ.ਡੀ. ਤੋਂ ਇਲਾਵਾ ਸਮਾਜਿਕ ਦੂਰੀ ਬਰਕਰਾਰ ਰੱਖਦਿਆਂ ਬੱਚਿਆਂ ਦਾ ਟੀਕਾਕਰਨ ਵੀ ਕੀਤਾ ਜਾ ਚੁੱਕਾ ਹੈ। ਡਾ. ਰਘਬੀਰ ਸਿੰਘ ਨੇ ਦੱਸਿਆ ਕਿ ਸੈਂਟਰ ਅਧੀਨ ਪੈਂਦੇ ਪਿੰਡ ਮੋਰਾਂਵਾਲੀ ਦੇ ਹਰਭਜਨ ਸਿੰਘ ਦੀ ਮੌਤ ਹੋ ਚੁੱਕੀ ਹੈ ਅਤੇ ਅਹਤਿਆਤ ਵਜੋਂ ਹਰਭਜਨ ਸਿੰਘ ਦੇ ਪਰਿਵਾਰ ਦੇ ਸੰਪਰਕ ਵਿੱਚ ਆਏ ਵਿਅਕਤੀਆਂ ਨੂੰ ਹੋਮ ਕੁਆਰਨਟਾਈਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੋਰਾਂਵਾਲੀ ਵਿੱਚ 5 ਅਤੇ ਪੈਨਸਰਾ ਵਿੱਚ 1 ਮਰੀਜ਼ ਸਮੇਤ 6 ਕੇਸ ਪੋਜ਼ੀਟਿਵ ਸੀ ਜੋ ਸਾਰੇ ਬਲਾਕ ਪੋਸੀ ਦੇ ਸਨ। ਉਨ੍ਹਾਂ ਦੱਸਿਆ ਕਿ ਪੀ.ਐਚ.ਸੀ ਪੋਸੀ ਵਲੋਂ 177432 ਆਬਾਦੀ ਨੂੰ ਮੁੱਖ ਰੱਖਦਿਆਂ 8 ਆਰ.ਆਰ.ਟੀ ਟੀਮਾਂ ਦਾ ਗਠਨ ਕੀਤਾ ਗਿਆ ਹੈ। ਪੋਸੀ ਹੀ ਅਜਿਹਾ ਸੈਂਟਰ ਹੈ, ਜਿੱਥੇ ਪੰਜਾਬ ਦੇ ਸਭ ਤੋਂ ਵੱਧ ਵਿਅਕਤੀਆਂ ਨੂੰ ਹੋਮ ਕੁਆਰਨਟਾਈਨ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਪੋਸੀ ਵਿੱਚ 176 ਸੈਂਪਲ ਲਏ ਗਏ ਹਨ, ਜਿਨ੍ਹਾਂ ਵਿਚੋਂ 168 ਨੈਗੇਟਿਵ ਅਤੇ 2 ਪੈਂਡਿੰਗ ਹਨ। ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਸਿਹਤ ਵਿਭਾਗ ਦੇ ਅਮਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਸ ਨਾਜ਼ੁਕ ਦੌਰ ਵਿੱਚ ਆਪਣੀ ਅਤੇ ਆਪਣੇ ਪਰਿਵਾਰ ਦੀ ਪ੍ਰਵਾਹ ਨਾ ਕੀਤੇ ਬਗੈਰ ਸਿਹਤ ਅਮਲੇ ਵਲੋਂ ਪੂਰੀ ਮਿਹਨਤ ਨਾਲ ਡਿਊਟੀ ਨਿਭਾਈ ਜਾ ਰਹੀ ਹੈ, ਜਿਸਦੇ ਸਾਰਥਕ ਨਤੀਜੇ ਸਾਹਮਣੇ ਆ ਰਹੇ ਹਨ।

Share This :

Leave a Reply