ਹਸਪਤਾਲਾਂ ਵਿਚ ਹੁਣ ਡਾਕਟਰੀ ਅਮਲੇ ਲਈ ਨਿੱਜੀ ਰੱਖਿਅਕ ਸਮੱਗਰੀ ਦੀ ਘਾਟ ਨਹੀਂ
ਵਾਸ਼ਿੰਗਟਨ (ਹੁਸਨ ਲੜੋਆ ਬੰਗਾ)— ਰਾਸ਼ਟਰਪਤੀ ਡੋਨਾਲਡ ਟਰੰਪ ਨੇ ਕਿਹਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਦਾ ਹਮਲਾ ਪਰਲ ਬੰਦਰਗਾਹ ‘ਤੇ ਜਪਾਨੀ ਹਮਲੇ ਤੇ 9/11 ਅੱਤਵਾਦੀ ਹਮਲੇ ਤੋਂ ਵੀ ਭਿਆਨਕ ਹੈ। ਇਸ ਦੇ ਨਾਲ ਹੀ ਚੀਨ ਦੀ ਅਲੋਚਨਾ ਨੂੰ ਦੁਹਰਾਉਂਦਿਆਂ ਉਨਾਂ ਕਿਹਾ ਹੈ ਕਿ ਕੋਰੋਨਾਵਾਇਰਸ ਮਹਾਮਾਰੀ ਉਥੇ ਹੀ ਰੋਕੀ ਜਾਣੀ ਚਾਹੀਦੀ ਸੀ। ਉਨਾਂ ਕਿਹਾ ਕਿ ਕੋਰੋਨਾਵਾਇਰਸ ਮਹਾਮਾਰੀ 7 ਦਸੰਬਰ 1941 ਨੂੰ ਜਪਾਨ ਵੱਲੋਂ ਪਰਲ ਬੰਦਰਗਾਹ ਉਪਰ ਕੀਤੀ ਬੰਬਾਰੀ ਤੇ ਸਤੰਬਰ 11,2001 ਨੂੰ ਨਿਊਯਾਰਕ ਤੇ ਵਾਸ਼ਿੰਗਟਨ ਵਿਚ ਅਲਕਾਇਦਾ ਵੱਲੋਂ ਕੀਤੇ ਹਮਲੇ ਤੋਂ ਵੀ ਭਿਆਨਕ ਹੈ।
ਇਸ ਦੇ ਬਹੁਤ ਮਾਰੂ ਸਿੱਟੇ ਨਿਕਲ ਰਹੇ ਹਨ। ਵਾਇਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨਾਂ ਕਿਹਾ ਕਿ ਕੋਰੋਨਾਵਾਇਰਸ ਦਾ ਹਮਲਾ ਸਭ ਤੋਂ ਵਧ ਭਿਆਨਕ ਹੈ। ਅਜਿਹੇ ਹਮਲੇ ਦਾ ਅਮਰੀਕਾ ਨੂੰ ਪਹਿਲਾਂ ਕਦੇ ਵੀ ਸਾਹਮਣਾ ਨਹੀਂ ਕਰਨਾ ਪਿਆ। ਚੀਨ ਦੀ ਅਲੋਚਨਾ ਕਰਦਿਆਂ ਟਰੰਪ ਨੇ ਕਿਹਾ ਕਿ ਜੇਕਰ ਕੋਰੋਨਾਵਾਇਰਸ ਨੂੰ ਉਸ ਦੇ ਜਨਮ ਵਾਲੇ ਸਥਾਨ ਉਪਰ ਹੀ ਖਤਮ ਕਰ ਦਿੱਤਾ ਜਾਂਦਾ ਤਾਂ ਅੱਜ ਜੋ ਹਾਲਾਤ ਬਣੇ ਹੋਏ ਹਨ ਉਨਾਂ ਦ ਸਾਹਮਣਾ ਨਾ ਕਰਨਾ ਪੈਂਦਾ। ਇਸ ਦੌਰਾਨ ਅਮਰੀਕਾ ਵਿਚ ਕੋਰੋਨਾਵਾਇਰਸ ਨਾਲ ਮੌਤਾਂ ਦੀ ਗਿਣਤੀ ਵਧਕੇ 74807 ਹੋ ਗਈ ਹੈ। ਪੀੜਤਾਂ ਦੀ ਗਿਣਤੀ 12,63,183 ਹੈ। 2,13,084 ਅਮਰੀਕੀ ਠੀਕ ਹੋ ਚੁੱਕੇ ਹਨ।
ਨਿੱਜੀ ਰਖਿਅਕ ਸਮੱਗਰੀ ਦੀ ਘਾਟ —
ਰਾਸ਼ਟਰਪਤੀ ਟਰੰਪ ਨੇ ਇਕ ਨਰਸ ਵੱਲੋਂ ਨਿੱਜੀ ਰੱਖਿਅਕ ਸਮੱਗਰੀ (ਪੀ ਪੀ ਈ) ਦੀ ਘਾਟ ਹੋਣ ਦੇ ਉਠਾਏ ਮੁੱਦੇ ਬਾਰੇ ਬੋਲਦਿਆਂ ਮੈਡੀਕਲ ਰੱਖਿਅਕ ਸਮੱਗਰੀ ਦੀ ਘਾਟ ਨੂੰ ਰੱਦ ਕੀਤਾ ਹੈ। ਇਕ ਨਰਸ ਨੇ ਕੌਮੀ ਨਰਸ ਦਿਵਸ ਮੌਕੇ ਹੋਏ ਇਕ ਸਮਾਗਮ ਦੌਰਾਨ ਕਿਹਾ ਸੀ ਕਿ ਨਿੱਜੀ ਰੱਖਿਅਕ ਸਮਗਰੀ ਇਕਾ ਦੁੱਕਾ ਹੀ ਮਿਲਦੀ ਹੈ। ਇਸ ‘ਤੇ ਟਰੰੰਪ ਨੇ ਕਿਹਾ ਕਿ ਤੁਹਾਡੇ ਲਈ ਇਕਾ ਦੁੱਕਾ ਹੋਵੇਗੀ, ਹੋਰਨਾਂ ਲੋਕਾਂ ਲਈ ਅਜਿਹਾ ਨਹੀਂ ਹੈ। ਇਸ ਦੌਰਾਨ ਨੈਸ਼ਨਲ ਐਸੋਸੀਏਸ਼ਨ ਆਫ ਨਰਸ ਪ੍ਰੈਕਟੀਸ਼ਨਰਜ਼ ਦੀ ਪ੍ਰਧਾਨ ਸੋਫੀਆ ਥੋਮਸ ਨੇ ਕਿਹਾ ਹੈ ਕਿ ਦੇਸ਼ ਭਰ ਵਿਚ ਅਜਿਹੇ ਖੇਤਰ ਹਨ ਜਿਥੇ ਕੋਰੋਨਾਵਾਇਰਸ ਨਾਲ ਲੜ ਰਹੇ ਸਿਹਤ ਕਾਮਿਆਂ ਕੋਲ ਰੱਖਿਅਕ ਮੈਡੀਕਲ ਸਾਜ ਸਮਾਨ ਲੋੜੀਂਦੀ ਮਾਤਰਾ ਵਿਚ ਨਹੀਂ ਹੈ। ਵਾਈਟ ਹਾਊਸ ਵਿਚ ਨਿਊ ਓਰਲੀਨਜ਼ ਦੀ ਇਕ ਨਰਸ ਨੇ ਇਹ ਮੁੱਦਾ ਉਠਾਉਂਦਿਆਂ ਕਿਹਾ ਕਿ ਪੀ ਪੀ ਈ ਦੀ ਘਾਟ ਹੈ ਪਰ ਇਨਾਂ ਦਾ ਪ੍ਰਬੰਧ ਹੋ ਜਾਂਦਾ ਹੈ। ਟਰੰਪ ਨੇ ਕਿਹਾ ਕਿ ਮੈਨੂੰ ਜਾਣਕਾਰੀ ਮਿਲੀ ਹੈ ਕਿ ਤਕਰੀਬਨ ਹਰ ਜਗਾ ਕਾਫੀ ਮੈਡੀਕਲ ਸਮੱਗਰੀ ਉਪਲਬੱਧ ਹੈ। ਉਨਾਂ ਕਿਹਾ ਕਿ ਸ਼ੁਰੂ ਵਿਚ ਸਾਡੇ ਕੋਲ ਕੁਝ ਨਹੀਂ ਸੀ,ਅਸੀਂ ਖਾਲੀ ਹੱਥ ਸੀ ਕਿਉਂਕਿ ਪਿਛਲੇ ਪ੍ਰਸ਼ਾਸਨ ਨੇ ਸਾਨੂੰ ਖਾਲੀ ਰਖਿਆ ਸੀ ਪਰ ਹੁਣ ਅਜਿਹਾ ਨਹੀਂ ਹੈ।
ਮੀਟ ਪੈਕਿੰਗ ਸਨਅਤਾਂ ‘ਚ ਹਜਾਰਾਂ ਪੀੜਤ-
ਯੂ ਐਸ ਏ ਟੂਡੇ ਨੇ ਇਕ ਰਿਪੋਰਟ ਵਿਚ ਖੁਲਾਸਾ ਕੀਤਾ ਹੈ ਕਿ ਮੀਟ ਪੈਕਿੰਗ ਸਨਅਤਾਂ ਵਿਚ 10000 ਤੋਂ ਵਧ ਕਾਮੇ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਹਨ। ਰਿਪੋਰਟ ਅਨੁਸਾਰ 29 ਰਾਜਾਂ ਦੇ ਘਟੋ ਘੱਟ 170 ਪਲਾਂਟਾਂ ਵਿਚ ਕਾਮੇ ਕੋਰੋਨਾਵਾਇਰਸ ਨਾਲ ਪੀੜਤ ਮਿਲੇ ਹਨ। ਘਟੋ ਘਟ 45 ਕਾਮਿਆਂ ਦੀ ਮੌਤ ਹੋ ਚੁੱਕੀ ਹੈ। ਰਾਸ਼ਟਰਪਤੀ ਟਰੰਪ ਨੇ ਡੇਢ ਹਫਤਾ ਪਹਿਲਾਂ ਮੀਟ ਦੀ ਥੁੜ ਕਾਰਨ ਬੰਦ ਪਏ ਪਲਾਂਟ ਸ਼ੁਰੂ ਕਰਨ ਦਾ ਆਦੇਸ਼ ਦਿਤਾ ਸੀ ਪਰ ਅਜੇ ਤੱਕ ਪਲਾਂਟ ਬੰਦ ਪਏ ਹਨ ਹਾਲਾਂ ਕਿ ਅਮਰੀਕੀ ਖੇਤੀਬਾੜੀ ਵਿਭਾਗ ਪਲਾਂਟ ਨਾ ਖੋਲਣ ਵਾਲਿਆਂ ਵਿਰੁੱਧ ਕਾਰਵਾਈ ਕਰਨ ਦੀ ਚਿਤਾਵਨੀ ਵੀ ਦੇ ਚੁੱਕਾ ਹੈ।