ਹੁਸ਼ਿਆਰਪੁਰ ( ਮੀਡੀਆ ਬਿਊਰੋ ) ਉਦਯੋਗ ਤੇ ਵਣਜ ਮੰਤਰੀ ਪੰਜਾਬ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਅੱਜ ਸੂਬਾ ਵਾਸੀਆਂ ਨੂੰ ਵਿਸਾਖੀ ਦੇ ਪਵਿੱਤਰ ਤਿਉਹਾਰ ਦੀ ਵਧਾਈ ਦਿੰਦੇ ਹੋਏ ਸਰਬੱਤ ਦੇ ਭਲੇ ਦੀ ਕਾਮਨਾ ਕੀਤੀ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੱਦੇ ‘ਤੇ ਇਸ ਸ਼ੁਭ ਮੌਕੇ ‘ਤੇ ਕੈਬਨਿਟ ਮੰਤਰੀ ਨੇ ਆਪਣੇ ਪੁੱਤਰ ਸ੍ਰੀ ਪ੍ਰਤੀਕ ਨਾਲ ਗੁਰੂ ਮਹਾਰਾਜ ਅਤੇ ਮਾਤਾ ਰਾਣੀ ਦੇ ਚਰਨਾਂ ਵਿੱਚ ਵਿਸ਼ਵ ਸ਼ਾਂਤੀ ਲਈ ਅਰਦਾਸ ਕੀਤੀ। ਉਨ੍ਹਾ ਮਾਤਾ ਰਾਣੀ ਦੇ ਚਰਨਾਂ ਵਿੱਚ ਸਾਰਿਆਂ ਨੂੰ ਕੋਰੋਨਾ ਵਾਇਰਸ ਵਰਗੇ ਪ੍ਰਕੋਪ ਨਾਲ ਜਲਦ ਮੁਕਤੀ ਪ੍ਰਦਾਨ ਕਰਨ ਦੀ ਪ੍ਰਾਰਥਨਾ ਕੀਤੀ। ਉਨ੍ਹਾ ਅਰਦਾਸ ਕੀਤੀ ਕਿ ਪਰਮਾਤਮਾ ਸਾਨੂੰ ਐਨੀ ਸ਼ਕਤੀ ਪ੍ਰਦਾਨ ਕਰੇ ਕਿ ਅਸੀਂ ਮੁੱਖ ਮੰਤਰੀ ਪੰਜਾਬ ਦੇ ਮਾਰਗ ਦਰਸ਼ਨ ਵਿੱਚ ਸੂਬਾ ਵਾਸੀਆਂ ਦੀ ਸੇਵਾ ਕਰਦੇ ਰਹੀਏ ਅਤੇ ਕੋਰੋਨਾ ਵਾਇਰਸ ਖਿਲਾਫ਼ ਜੰਗ ਵਿੱਚ ਜਿੱਤ ਪ੍ਰਾਪਤ ਕਰੀਏ।
ਕੈਬਨਿਟ ਮੰਤਰੀ ਸ੍ਰੀ ਸੁੰਦਰ ਸ਼ਾਮ ਅਰੋੜਾ ਨੇ ਆਸ ਪ੍ਰਗਟ ਕਰਦਿਆਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਕਹਿਣ ‘ਤੇ ਸੂਬੇ ਦੇ ਲੱਖਾਂ-ਕਰੋੜਾਂ ਲੋਕਾਂ ਵਲੋਂ ਕੀਤੀ ਗਈ ਅਰਦਾਸ ਸਦਕਾ ਪੰਜਾਬ ਨੂੰ ਇਸ ਖਤਰਨਾਕ ਵਾਇਰਸ ਤੋਂ ਛੁਟਕਾਰਾ ਮਿਲੇਗਾ। ਉਨ੍ਹਾ ਕਿਹਾ ਕਿ ਇਸ ਮੁਸ਼ਕਲ ਸਮੇਂ ਵਿੱਚ ਸੂਬਾ ਵਾਸੀਆਂ ਨੇ ਸਰਕਾਰ ਨੂੰ ਹਰ ਤਰ੍ਹਾ ਦਾ ਸਹਿਯੋਗ ਦੇ ਕੇ ਜਿਸ ਸਾਹਸ ਦਾ ਸਬੂਤ ਦਿੱਤਾ ਹੈ, ਉਹ ਸ਼ਲਾਘਾਯੋਗ ਹੈ। ਉਨ੍ਹਾ ਲੋਕਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਇਸੇ ਤਰ੍ਹਾ ਸਮਾਜਿਕ ਦੂਰੀ ਬਣਾਏ ਰੱਖਣ ਅਤੇ ਸਮੇਂ-ਸਮੇਂ ‘ਤੇ ਸਰਕਾਰ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕਰਦੇ ਰਹਿਣ। ਉਨ੍ਹਾ ਕਿਹਾ ਕਿ ਸਿਰਫ਼ ਪੰਜਾਬ ਹੀ ਨਹੀਂ ਬਲਕਿ ਪੂਰਾ ਸੰਸਾਰ ਜਲਦ ਹੀ ਇਸ ਮੁਸ਼ਕਲ ਸਮੇਂ ਤੋਂ ਬਾਹਰ ਆ ਜਾਵੇਗਾ।