ਕਿਸਾਨ ਝੋਨੇ ਦੀਆਂ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪ੍ਰਮਾਣਿਤ ਕਿਸਮਾਂ ਹੀ ਬੀਜਣ

ਜਿਲਾ ਮੁੱਖ ਖੇਤੀਬਾੜੀ ਅਫਸਰ ਡਾ: ਗੁਰਦਿਆਲ ਸਿੰਘ ਬੱਲ

ਅੰਮ੍ਰਿਤਸਰ (ਮੀਡੀਆ ਬਿਊਰੋ ) ਜਿਲਾ ਮੁੱਖ ਖੇਤੀਬਾੜੀ ਅਫਸਰ ਡਾ: ਗੁਰਦਿਆਲ ਸਿੰਘ ਬੱਲ ਵੱਲੋਂ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਸਾਉਣੀ ਦੇ ਸੀਜਨ ਦੌਰਾਨ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵੱਲੋਂ ਸੂਬੇ ਵਿੱਚ ਝੋਨੇ ਦੀ ਕਾਸ਼ਤ ਲਈ ਸਿਫਾਰਿਸ਼ ਕੀਤੀਆਂ ਕਿਸਮਾਂ ਦੀ ਬਿਜਾਈ ਹੀ ਕਰਨ। ਉਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਦੇ ਡਿੱਗਦੇ ਹੋਏ ਪੱਧਰ ਨੂੰ ਸੰਭਾਲਣਾਂ ਸਮੇਂ ਦੀ ਮੁੱਖ ਲੋੜ ਹੈ। ਇਸ ਲਈ ਪਾਣੀ ਦੀ ਬੱਚਤ ਕਰਨ ਹਿੱਤ ਘੱਟ ਸਮੇਂ ਵਿੱਚ ਪੱਕਣ ਵਾਲੀਆਂ ਪੀ.ਆਰ ਕਿਸਮਾਂ ਦੀ ਕਾਸ਼ਤ ਨੂੰ ਤਰਜੀਹ ਦਿੱਤੀ ਜਾਵੇ ਅਤੇ ਖੇਤਾਂ ਨੂੰ ਲੇਜ਼ਰ ਲੈਵਲਰ ਕਰਾਹੇ ਨਾਲ ਪੱਧਰਾ ਕਰ ਲਿਆ ਜਾਵੇ।

ਉਹਨਾਂ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਪੀ.ਆਰ 129 (ਨਵੀਂ ਕਿਸਮ), ਪੀ.ਆਰ 127, ਪੀ.ਆਰ 126, ਪੀ.ਆਰ 124, ਪੀ.ਆਰ 123, ਪੀ.ਆਰ 122, ਪੀ.ਆਰ 121, ਪੀ.ਆਰ 114, ਪੀ.ਆਰ 113 ਕਿਸਮਾਂ ਦੀ ਸਿਫਾਰਿਸ਼ ਕੀਤੀ ਗਈ ਹੈ ਅਤੇ ਇਹਨਾ ਵਿੱਚੋਂ ਪੀ.ਆਰ 126 ਕਿਸਮ ਪੱਕਣ ਲਈ ਸਭ ਤੋ ਘੱਟ ਸਮਾਂ ਲੈਂਦੀ ਹੈ। ਕਿਸਾਨਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਲੰਮਾਂ ਸਮਾਂ ਲੈਣ ਵਾਲੀਆਂ ਕਿਸਮਾਂ ਪੂਸਾ 44/ਪੀਲੀ ਪੂਸਾ ਦੀ ਕਾਸ਼ਤ ਤੋਂ ਗੁਰੇਜ ਕੀਤਾ ਜਾਵੇ ਕਿਉਂਕਿ ਇਹ ਕਿਸਮ ਪੀ.ਆਰ ਕਿਸਮਾਂ ਨਾਲੋ 15-20 ਪ੍ਰਤੀਸ਼ਤ ਜ਼ਿਆਦਾ ਪਾਣੀ ਲੈਂਦੀਆਂ ਹਨ ਅਤੇ ਇਹਨਾਂ ਦੀ ਪਰਾਲੀ ਵੀ ਵੱਧ ਹੁੰਦੀ ਹੈ ਜੋ ਕਿ ਇੰਨਸੀਟੂ ਸਟਰਾਅ ਪ੍ਰਬੰਧਨ ਵਿੱਚ ਮੁਸ਼ਕਿਲ ਪੇਸ਼ ਕਰਦੀ ਹੈ। ਗੈਰ-ਪ੍ਰਮਾਣਿਤ ਕਿਸਮਾਂ ਦੀ ਬਿਜਾਈ ਨਾ ਕੀਤੀ ਜਾਵੇ ਅਤੇ ਇਸ ਤੋ ਇਲਾਵਾ ਪ੍ਰਮਾਣਿਤ ਕਿਸਮਾਂ ਦੇ ਬੀਜ ਦੀ ਖਰੀਦ ਕਰਦੇ ਸਮੇਂ ਬੀਜ ਵੇਚਣ ਵਾਲੇ ਅਦਾਰੇ/ਦੁਕਾਨਦਾਰ ਪਾਸੋਂ ਪੱਕਾ ਬਿੱਲ ਜਰੂਰ ਲਿਆ ਜਾਵੇ। ਬੀਜ ਸੋਧ ਲਈ ਜਾਣਕਾਰੀ ਦਿੰਦਿਆਂ ਦੱਸਿਆ ਕਿ ਬੀਜ ਨੂੰ ਟੱਬ/ਬਾਲਟੀ ਆਦਿ ਵਿੱਚ ਪਾਉਣ ਉਪਰੰਤ ਅਤੇ ਚੰਗੀ ਤਰਾਂ ਹਿਲਾ ਲਉ, ਜੋ ਹਲਕਾ ਬੀਜ ਤਰ ਕੇ ਉੱਪਰ ਆ ਜਾਵੇ ਉਸਨੂੰ ਬਾਹਰ ਸੁੱਟ ਦਿਉ। ਅੱਠ ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਚੁਣੇ ਹੋਏ ਬੀਜ ਨੂੰ 20 ਗ੍ਰਾਮ ਬਾਵਿਸਟਿਨ (ਕਾਰਬੈਂਡਾਜਿਮ) ਅਤੇ ਇੱਕ ਗ੍ਰਾਮ ਸਟਰੈਪਟੋਸਾਈਕਲੀਨ ਦੇ 10 ਲੀਟਰ ਪਾਣੀ ਦੇ ਘੋਲ ਵਿਚ ਪਨੀਰੀ ਬੀਜਣ ਤੋਂ 8-10 ਘੰਟੇ ਪਹਿਲਾਂ ਡੁਬੋ ਕੇ ਰੱਖੋ। ਬੀਜ ਸੋਧ ਕਰਨ ਨਾਲ ਝੋਨੇ ਦੀ ਫਸਲ ਉੱਪਰ ਝੁਲਸ ਰੋਗ, ਪੱਤਿਆਂ ਵਿੱਚ ਧਾਰੀਆਂ ਪੈਣ ਦੇ ਰੋਗ ਆਦਿ ਦਾ ਹਮਲਾ ਨਹੀ ਹੁੰਦਾ। ਇਸ ਮੌਕੇ ਡਾ: ਤਜਿੰਦਰ ਸਿੰਘ ਵਿਸ਼ਾ ਵਸਤੂ ਮਾਹਰ, ਡਾ: ਪਰਜੀਤ ਸਿੰਘ, ਖੇਤੀਬਾੜੀ ਵਿਕਾਸ ਅਫਸਰ (ਟੀ.ਏ) ਅਤੇ ਡਾ: ਸੁਖਚੈਨ ਸਿੰਘ ਗੰਡੀਵਿੰਡ, ਖੇਤੀਬਾੜੀ ਵਿਕਾਸ ਅਫਸਰ (ਬੀਜ) ਵੀ ਮੌਜੂਦ ਸਨ।

Share This :

Leave a Reply