
ਪਟਿਆਲਾ ( ਅਰਵਿੰਦਰ ਸਿੰਘ ) ਪਟਿਆਲਾ ਜ਼ਿਲ੍ਹੇ ‘ਚ 15 ਅਪ੍ਰੈਲ ਤੋਂ ਸ਼ੁਰੂ ਹੋ ਰਹੀ ਕਣਕ ਦੀ ਖ਼ਰੀਦ ਲਈ ਇਸ ਵਾਰ ਕੋਰੋਨਾ ਵਾਇਰਸ ਤੋਂ ਬਚਾਅ ਲਈ ਭੀੜ ਨੂੰ ਘੱਟ ਕਰਨ ਦੇ ਮਸਕਦ ਨਾਲ ਖ਼ਰੀਦ ਕੇਂਦਰਾਂ ਦੀ ਗਿਣਤੀ ਵਿੱਚ ਕਾਫ਼ੀ ਵਾਧਾ ਕੀਤਾ ਗਿਆ ਹੈ ਅਤੇ ਹੁਣ ਜ਼ਿਲ੍ਹੇ ਵਿੱਚ 290 ਖ਼ਰੀਦ ਕੇਂਦਰ ਸਥਾਪਤ ਕੀਤੇ ਗਏ ਹਨ, ਜਿਨ੍ਹਾਂ ਵਿੱਚ 110 ਮੰਡੀਆਂ ਅਤੇ 180 ਸਬ ਯਾਰਡ ਬਣਾਏ ਗਏ ਹਨ। ਇਹ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਜ਼ਿਲ੍ਹੇ ਵਿੱਚ ਕੀਤੇ ਗਏ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅਧਿਕਾਰੀਆਂ ਨਾਲ ਕੀਤੀ ਮੀਟਿੰਗ ਦੌਰਾਨ ਦਿੱਤੀ। ਉਨ੍ਹਾਂ ਕਿਹਾ ਕਿ ਸੁਚੱਜੀ ਖ਼ਰੀਦ ਲਈ ਖ਼ਰੀਦ ਕੇਂਦਰਾਂ ਵਿੱਚ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ ਅਤੇ ਇਸ ਵਾਰ ਜ਼ਿਲ੍ਹੇ ਦੀਆਂ ਮੰਡੀਆਂ ਵਿਚ 9 ਲੱਖ 41 ਹਜ਼ਾਰ 415 ਮੀਟਰਿਕ ਕਣਕ ਆਉਣ ਦੀ ਉਮੀਦ ਹੈ।
ਡਿਪਟੀ ਕਮਿਸ਼ਨਰ ਨੇ ਮੀਟਿੰਗ ਦੌਰਾਨ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਮੰਡੀਆਂ ਵਿੱਚ ਭੀੜ ਨੂੰ ਘੱਟ ਕਰਨ ਦੇ ਮਕਸਦ ਨਾਲ ਇਸ ਵਾਰ ਸਰਕਾਰ ਵੱਲੋਂ ਖ਼ਰੀਦ ਕੇਂਦਰਾਂ ਦੀ ਗਿਣਤੀ ਵਿੱਚ ਵਾਧਾ ਕੀਤਾ ਗਿਆ ਹੈ ਜਿਸ ਤਹਿਤ 110 ਮੰਡੀਆਂ ਤੋਂ ਇਲਾਵਾ 180 ਹੋਰ ਸਥਾਨਾਂ (ਰਾਈਸ ਮਿੱਲ) ਦੀ ਚੋਣ ਕੀਤੀ ਗਈ ਹੈ ਜਿਥੇ ਕਣਕ ਦੀ ਖ਼ਰੀਦ ਕੀਤੀ ਜਾਵੇਗੀ ਅਤੇ ਹੋਰ ਗਿਣਤੀ ਵਧਾਉਣ ‘ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਮੀਟਿੰਗ ਦੌਰਾਨ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਉਹ ਕਣਕ ਦੀ ਖਰੀਦ ਸਮੇਂ ਆਪਣਾ ਦਫ਼ਤਰ ਮਾਰਕਿਟ ਕਮੇਟੀ ਵਿਖੇ ਲਗਾਉਣ ਤਾਂ ਕਿ ਖਰੀਦ ਪ੍ਰਬੰਧ ਨੂੰ ਹੋਰ ਸੁਚਾਰੂ ਢੰਗ ਨਾਲ ਚਲਾਇਆ ਜਾ ਸਕੇ ਅਤੇ ਇਹ ਵੀ ਯਕੀਨੀ ਬਣਾਇਆ ਜਾਵੇ ਕਿ ਮੰਡੀ ‘ਚ ਆਈ ਕਣਕ ਦੀ ਜਲਦੀ ਖਰੀਦ ਅਤੇ ਲਿਫਟਿੰਗ ਕੀਤੀ ਜਾਵੇ।

ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਖ਼ਰੀਦ ਕੇਂਦਰਾਂ ਵਿੱਚ ਸਮਾਜਿਕ ਦੂਰੀ ਦੇ ਨਿਯਮਾਂ ਦੀ ਪਾਲਣਾ ਕਰਨ ਲਈ ਆੜਤੀਆਂ ਰਾਹੀ ਕਿਸਾਨਾਂ ਨੂੰ ਕੂਪਨ ਦਿੱਤੇ ਜਾਣਗੇ ਅਤੇ ਕਿਸਾਨ ਇਕ ਕੂਪਨ ‘ਤੇ ਇਕ ਟਰਾਲੀ ਹੀ ਲੈਕੇ ਆ ਸਕਦਾ ਹੈ ਇਥੇ ਕਿਸਾਨ ਇਹ ਧਿਆਨ ਰੱਖਣ ਕੇ ਮੰਡੀ ਵਿੱਚ ਦਾਖਲ ਹੋਣ ਸਮੇਂ ਅਸਲ ਹੋਲੋਗਰਾਮ ਵਾਲੀ ਪਰਚੀ ਨਾਲ ਹੀ ਮੰਡੀ ਵਿੱਚ ਦਾਖਲ ਹੋਇਆ ਜਾ ਸਕਦਾ ਹੈ ਅਤੇ ਨਿਸਚਿਤ ਕੀਤੇ ਗਏ ਸਮੇਂ ਅਤੇ ਸਥਾਨ ‘ਤੇ ਹੀ ਕਣਕ ਸੁੱਟੀ ਜਾਵੇਗੀ ਇਸ ਲਈ ਮੰਡੀਆਂ ਵਿੱਚ 3 ਮੀਟਰ ਦੇ ਖਾਨੇ ਬਣਾਏ ਗਏ ਹਨ ਜਿਥੇ ਕਿਸਾਨ ਆਪਣੇ ਆੜਤੀਏ ਵੱਲੋਂ ਦਿੱਤੇ ਗਏ ਨੰਬਰ ‘ਤੇ ਕਣਕ ਸੁੱਟਣਗੇ।
ਡਿਪਟੀ ਕਮਿਸ਼ਨਰ ਨੇ ਕਿਸਾਨਾਂ ਨੂੰ ਅਪੀਲ ਕਰਦਿਆ ਕਿਹਾ ਕਿ ਕੋਰੋਨਾ ਵਾਇਰਸ (ਕੋਵਿਡ-19) ਤੋਂ ਬਚਾਅ ਲਈ ਸਰਕਾਰ ਵੱਲੋਂ ਕਣਕ ਦੀ ਸੁਰੱਖਿਅਤ ਅਤੇ ਨਿਰਵਿਘਨ ਖ਼ਰੀਦ ਲਈ ਪ੍ਰਬੰਧ ਕੀਤੇ ਗਏ ਹਨ ਜਿਨ੍ਹਾਂ ਦੀ ਪਾਲਣਾ ਕਰਕੇ ਕਿਸਾਨ ਆਪਣੀ ਕਣਕ ਨੂੰ ਆਸਾਨੀ ਨਾਲ ਮੰਡੀ ਵਿੱਚ ਵੇਚ ਸਕਦੇ ਹਨ। ਉਨ੍ਹਾਂ ਦੱਸਿਆ ਕਿ ਸਭ ਤੋਂ ਪਹਿਲਾਂ ਕਣਕ ਦੀ ਕਟਾਈ ਸਮੇਂ ਨਮੀ ਦਾ ਖਿਆਲ ਰੱਖਿਆ ਜਾਵੇ ਅਤੇ ਕਟਾਈ ਸਵੇਰੇ 6 ਤੋਂ ਸ਼ਾਮ 7 ਵਜੇ ਤੱਕ ਹੀ ਹੋਵੇਗੀ ਅਤੇ ਇਸ ਤੋਂ ਬਾਅਦ ਕਟਾਈ ਕਰਨ ਵਾਲਿਆ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਮੰਡੀ ਵਿੱਚ ਸੁੱਕੀ ਕਣਕ ਹੀ ਲਿਆਂਦੀ ਜਾਵੇ ਤਾਂ ਜੋ ਉਸਦੀ ਜਲਦੀ ਖਰੀਦ ਕਰਕੇ ਸਮੇਂ ਸਿਰ ਲਿਫਟਿੰਗ ਯਕੀਨੀ ਬਣਾਈ ਜਾਵੇ ਅਤੇ ਨਵੀਂ ਕਣਕ ਆਉਣ ਲਈ ਸਥਾਨ ਖਾਲੀ ਹੋ ਸਕੇ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਿਸਾਨ ਫ਼ਸਲ ਵੰਢਣ ਸਮੇਂ ਸਟਰਾਅ ਰੀਪਰ ਦੀ ਵਰਤੋਂ ਵੀ ਕਰ ਸਕਦੇ ਹਨ ਅਤੇ ਫ਼ਸਲ ਵੱਢਣ ਸਮੇਂ ਵੀ ਇਕ ਦੂਜੇ ਤੋਂ ਘੱਟੋ ਘੱਟ ਦੋ ਮੀਟਰ ਦੀ ਦੂਰੀ ਬਣਾਈ ਜਾਵੇ ਅਤੇ ਥੋੜੇ ਸਮੇਂ ਬਾਅਦ ਹੀ ਆਪਣੇ ਹੱਥ ਸਾਬਣ ਨਾਲ ਚੰਗੀ ਤਰ੍ਹਾਂ ਧੋਤੇ ਜਾਣ ਨਾਲ ਹੀ ਆਪਦੇ ਹੱਥਾਂ ਨੂੰ ਮੂੰਹ, ਅੱਖਾਂ ਅਤੇ ਨੱਕ ਨੂੰ ਲਾਉਣ ਤੋਂ ਗੁਰੇਜ਼ ਕੀਤਾ ਜਾਵੇ ਅਤੇ ਇਨ੍ਹਾਂ ਨੂੰ ਢੱਕ ਕੇ ਰੱਖਿਆ ਜਾਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਲੋੜ ਪੈਣ ‘ਤੇ ਹੀ ਮੂਵਮੈਂਟ ਕਰਨ ਅਤੇ ਬੇਲੋੜੀ ਆਵਾਜ਼ਾਈ ਤੋਂ ਪ੍ਰਹੇਜ਼ ਕਰਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਖ਼ਰੀਦ ਪ੍ਰਕਿਰਿਆ ਦੌਰਾਨ ਕੋਈ ਮੁਸ਼ਕਲ ਪੇਸ਼ ਨਹੀਂ ਆਉਣ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਮੰਡੀਆਂ ਵਿਚ ਪੀਣ ਯੋਗ ਸਾਫ਼ ਪਾਣੀ, ਸਾਬਣ ਅਤੇ ਸੈਨੀਟਾਈਜ਼ਰ ਸਬੰਧੀ ਵੀ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਅਤੇ ਕਿਸਾਨ ਵੀ ਮੰਡੀ ਵਿੱਚ ਦਾਖਲ ਹੋਣ ਸਮੇਂ ਆਪਣੇ ਹੱਥ ਸਾਬਣ ਜਾਂ ਸੈਨੀਟਾਈਜ਼ਰ ਨੂੰ ਜਰੂਰ ਸਾਫ਼ ਕਰਨ ਅਤੇ ਟਰੈਕਟਰ ‘ਤੇ ਇਕ ਤੋਂ ਵੱਧ ਵਿਅਕਤੀ ਨੂੰ ਲਿਆਉਣ ਤੋਂ ਗੁਰੇਜ਼ ਕੀਤਾ ਜਾਵੇ। ਉਨ੍ਹਾਂ ਵੱਖ-ਵੱਖ ਅਧਿਕਾਰੀਆਂ ਦੀ ਜਿੰਮੇਵਾਰੀ ਤਹਿ ਕਰਦਿਆ ਕਿਹਾ ਕਿ ਮੰਡੀ ਦੀ ਸਾਰੀ ਜਿੰਮੇਵਾਰੀ ਸੈਕਟਰੀ ਮਾਰਕਿਟ ਕਮੇਟੀ ਦੀ ਹੋਵੇਗੀ ਅਤੇ ਕੂਪਨ ਡੀ.ਐਮ.ਓ. ਵੱਲੋਂ ਮੁਹੱਈਆ ਕਰਵਾਏ ਜਾਣਗੇ ਤੇ ਰੋਜ਼ਾਨਾ ਸ਼ਾਮ 6 ਵਜੇ ਮੀਟਿੰਗ ਕਰਕੇ ਕੰਮ ਦੀ ਸਮੀਖਿਆ ਕੀਤੀ ਜਾਵੇਗੀ।
ਮੀਟਿੰਗ ਦੌਰਾਨ ਉਨ੍ਹਾਂ 7 ਵਜੇ ਤੋਂ ਬਾਅਦ ਕਟਾਈ ਕਰਨ ਅਤੇ ਨਾੜ ਨੂੰ ਅੱਗ ਲਗਾਉਣ ਵਾਲਿਆ ਵਿਰੁੱਧ ਕਰਵਾਈ ਕਰਨ ਲਈ ਤਿੰਨ ਮੈਂਬਰੀ ਕਮੇਟੀ ਦਾ ਗਠਨ ਕੀਤਾ ਜਿਸ ਵਿੱਚ ਡੀ.ਆਰ.ਓ., ਡੀ.ਡੀ.ਪੀ.ਓ. ਅਤੇ ਮੁੱਖ ਖੇਤੀਬਾੜੀ ਅਫ਼ਸਰ ਸ਼ਾਮਲ ਹੋਣਗੇ
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀਮਤੀ ਪੂਨਮਦੀਪ ਕੌਰ, ਐਸ.ਡੀ.ਐਮ. ਰਾਜਪੁਰਾ ਸ੍ਰੀ ਟੀ. ਬੈਨਿਥ, ਐਸ.ਡੀ.ਐਮ. ਪਟਿਆਲਾ ਸ. ਚਰਨਜੀਤ ਸਿੰਘ, ਐਸ.ਡੀ.ਐਮ. ਨਾਭਾ ਸ. ਸੂਬਾ ਸਿੰਘ, ਐਸ.ਡੀ.ਐਮ. ਸਾਮਾਣਾ ਸ੍ਰੀ ਨਮਨ ਮੜਕਨ, ਐਸ.ਡੀ.ਐਮ. ਪਾਤੜਾਂ ਸ੍ਰੀਮਤੀ ਪਾਲਿਕਾ ਅਰੌੜਾ, ਡੀ.ਐਫ.ਐਸ.ਸੀ. ਸ. ਹਰਸ਼ਰਨਜੀਤ ਸਿੰਘ ਸਮੇਤ ਸਾਰੀਆਂ ਖਰੀਦ ਏਜੰਸੀਆਂ ਦੇ ਡੀ.ਐਮ., ਤਹਿਸਲੀਦਾਰ ਅਤੇ ਮਾਰਕਿਟ ਕਮੇਟੀਆਂ ਦੇ ਸਕੱਤਰ ਅਤੇ ਹੋਰ ਅਧਿਕਾਰੀ ਮੌਜੂਦ ਸਨ।




















