
ਖੰਨਾ (ਪਰਮਜੀਤ ਸਿੰਘ ਧੀਮਾਨ) : ਕੋਰੋਨਾ ਵਾਇਰਸ ਦੇ ਚੱਲਦਿਆਂ ਪੰਜਾਬ ਦੀਆਂ ਮੰਡੀਆਂ ‘ਚ ਕਣਕ ਦੀ ਖ੍ਰੀਦ ਦੀ ਸਰਕਾਰ ਦਾਅਵੇ ਸਾਰੇ ਖੋਖਲੇ ਸਾਬਤ ਹੋ ਰਹੇ ਹਨ। ਜਿਨਾਂ ਸਰਕਾਰ ਵੱਲੋਂ ਪ੍ਰਚਾਰ ਕੀਤਾ ਜਾ ਰਿਹਾ ਹੈ ਪ੍ਰੰਤੂ ਪੰਜਾਬ ਦੀਆਂ ਜਿਆਦਾਤਰ ਮੰਡੀਆਂ ‘ਚ ਅਜੇ ਤੱਕ ਪ੍ਰਬੰਧ ਅਧੂਰੇ ਹਨ। ਇਸ ਪ੍ਰਗਟਾਵਾ ਅੱਜ ਇੱਥੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ) ਦੇ ਸੂਬਾ ਸਕੱਤਰ ਕਾ. ਸੁਖਵਿੰਦਰ ਸਿੰਘ ਸੇਖੋਂ ਨੇ ਖੰਨਾ ਤੇ ਮਾਛੀਵਾੜਾ ਦੀਆਂ ਅਨਾਜ ਮੰਡੀਆਂ ਦੀ ਦੌਰਾ ਕਰਨ ਤੋਂ ਬਾਅਦ ਗੱਲਬਾਤ ਕਰਦਿਆਂ ਕੀਤਾ।

ਉਨਾਂ ਕਿਹਾ ਕਿ 14 ਅਪ੍ਰੈਲ ਨੂੰ ਹੋਈ ਸਰਬ ਪਾਰਟੀ ਮੀਟਿੰਗ ਵਿਚ ਵੀ ਉਨਾਂ ਨੇ ਸਰਕਾਰ ਦਾ ਧਿਆਨ ਇਸ ਪਾਸੇ ਲਿਆਂਦਾ ਸੀ ਕਿ ਕਣਕ ਦੀ ਖ੍ਰੀਦ ਤੇਜ਼ੀ ਨਾਲ ਕਰਵਾਈ ਜਾਵੇ, ਕਿਉਂਕਿ ਜੇਕਰ ਕਿਸਾਨ ਨੂੰ ਕਣਕ ਦੀ ਫਸਲ ਤੋਂ ਜਲਦ ਵਿਹਲਾ ਨਾ ਕੀਤਾ ਗਿਆ ਤਾਂ ਕਿਸਾਨ ਅਗਲੀ ਫਸਲ ਝੋਨਾ ਜਾਂ ਹੋਰ ਸਬਜ਼ੀਆਂ ਬੀਜਣ ਤੋਂ ਵੀ ਪਛੜ ਜਾਣਗੇ ਅਤੇ ਕਿਸਾਨ ਨੂੰ ਇਕ ਟੋਕਨ ‘ਤੇ 50 ਕੁਇੰਟਲ ਤੋਂ ਵੱਖ-ਵੱਧ ਕਣਕ ਜਿੰਨੀ ਪੈ ਸਕਦੀ ਹੋਵੇ ਲਿਆਉਣ ਦਾ ਮਾਮਲਾ ਵੀ ਉਨਾਂ ਨੇ ਹੀ ਉਠਾਇਆ ਸੀ। ਉਨਾਂ ਕਿਹਾ ਕਿ ਸੀਪੀਐਮ ਨੇ ਹਮੇਸ਼ਾ ਕਿਸਾਨਾਂ ਅਤੇ ਮਜ਼ਦੂਰਾਂ ਦੇ ਹੱਕਾਂ ਦੀ ਅਵਾਜ਼ ਉਠਾਈ ਹੈ। ਉਹ ਪੰਜਾਬ ਦੀਆਂ ਸਾਰੀਆਂ ਮੰਡੀਆਂ ਵਿਚ ਜਾ ਕੇ ਕਿਸਾਨਾਂ, ਆੜਤੀਆਂ ਤੇ ਮਜ਼ਦੂਰਾਂ ਨੂੰ ਆ ਰਹੀਆਂ ਮੁਸ਼ਕਲਾਂ ਦਾ ਮੁੰਲਾਕਣ ਕਰਕੇ ਪੰਜਾਬ ਸਰਕਾਰ ਨੂੰ ਪੱਤਰ ਵੀ ਲਿਖਣਗੇ ਕਿ ਕਿਸਾਨਾਂ ਦੀ ਆਰਥਿਕ ਸਥਿਤੀ ਨੂੰ ਦੇਖਦੇ ਹੋਏ ਉਚਿਤ ਪ੍ਰਬੰਧ ਕੀਤੇ ਜਾਣ।
ਕਿਸਾਨ ਤਾਂ ਪਹਿਲਾਂ ਹੀ ਸੰਕਟ ਵਿਚ ਹੈ, ਭਾਵੇਂ ਸਰਕਾਰ ਨੇ ਕਿਹਾ ਕਿ ਸੂਬੇ ‘ਚ ਖ੍ਰੀਦ ਸੈਂਟਰ ਵੱਧ ਬਣਾਏ ਜਾਣਗੇ, ਪਰ ਉਹ ਪ੍ਰੈਕਟੀਕਲ ਤੌਰ ਚੱਲਦੇ ਦਿਖਾਈ ਨਹੀਂ ਦੇ ਰਹੇ। ਉਨਾਂ ਕਿਹਾ ਕਿ ਹਕੀਕੀ ਤੌਰ ‘ਤੇ ਪ੍ਰਬੰਧ ਹੋਰ ਹਨ ਕਿਉਂਕਿ ਮੁੱਲਾਂਪੁਰ ‘ਚ ਕਣਕ ਦੀ ਖ੍ਰੀਦ ਕਰਨ ਤੋਂ ਪਹਿਲਾਂ ਹੀ ਸਕੱਤਰ ਨੂੰ ਬਦਲ ਦਿੱਤਾ ਗਿਆ, ਜੇਕਰ ਮਾਰਕੀਟ ਕਮੇਟੀ ਦੇ ਸਕੱਤਰ ਹੀ ਨਹੀਂ ਹੈ ਤਾਂ ਪ੍ਰਬੰਧ ਕੋਣ ਚਲਾਵੇਗਾ, ਇਸੇ ਤਰਾਂ ਪੰਜਾਬ ਦੀਆਂ ਹੋਰਨਾਂ ਮੰਡੀ ਦੇ ਹਾਲਤ ਵੀ ਇਹ ਹੀ ਹਨ। ਉਨਾਂ ਕਿਹਾ ਕਿ ਸੂਬੇ ਦੀਆਂ ਮੰਡੀਆਂ ‘ਚ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਸਬੰਧੀ ਮੁੱਖ ਮੰਤਰੀ ਦੇ ਧਿਆਨ ‘ਚ ਲਿਆਦਾ ਜਾਵੇਗਾ। ਉਨਾਂ ਕਿਹਾ ਕਿ ਮੁੱਖ ਮੰਤਰੀ ਪੰਜਾਬ ਨੂੰ ਉਚੇਚਾ ਧਿਆਨ ਦੇ ਕੇ ਪੰਜਾਬ ਦੀਆਂ ਮੰਡੀਆਂ ਵਿਚ ਸਮੁੱਚੀ ਕਣਕ 15 ਮਈ ਤੱਕ ਚੁੱਕਵਾ ਲਈ ਜਾਵੇ। ਉਨਾਂ ਕਿਹਾ ਕਿ ਮੰਡੀਆਂ ਵਿਚ ਸਮੂਹ ਆੜ•ਤੀਆਂ ਨੂੰ ਪਾਰਦਰਸ਼ੀ ਢੰਗ ਨਾਲ ਕਿਸਾਨ ਟੋਕਣ ਦੇਣੇ ਚਾਹੀਦੇ ਹਨ, ਕਈ ਮੰਡੀਆਂ ਵਿਚ ਕਾਂਗਰਸ ਸਰਕਾਰ ਵੱਲੋਂ ਵਿਤਕਰਾ ਕੀਤੇ ਜਾਣ ਦੇ ਮਾਮਲੇ ਸਾਹਮਣੇ ਆ ਰਹੇ ਹਨ। ਉਨਾਂ ਕਿਹਾ ਕਿ ਮੰਡੀਆਂ ਵਿਚ ਆਉਂਦੇ ਕਿਸਾਨਾਂ, ਮਜ਼ਦੂਰਾਂ ਦੀ ਸੁਰੱਖਿਆ ਲਈ ਸੈਨੇਟਾਈਜ਼ਰ ਅਤੇ ਮਾਸਕ ਵਗੈਰਾ ਦਾ ਪ੍ਰਬੰਧ ਕੀਤਾ ਜਾਣਾ ਜ਼ਰੂਰੀ ਹੈ। ਇਸ ਮੌਕੇ ਕਾ. ਬਲਵੀਰ ਸਿੰਘ ਲੁਧਿਆਣਾ, ਤਹਿਸੀਲ ਸਮਰਾਲਾ ਸਕੱਤਰ ਕਾ. ਹਰਪਾਲ ਸਿੰਘ ਪੂਰਬਾ, ਕੁੱਲ ਹਿੰਦ ਖੇਤ ਮਜ਼ਦੂਰ ਯੂਨੀਅਨ ਦੇ ਜ਼ਿਲਾ ਜਰਨਲ ਸਕੱਤਰ ਬਲਬੀਰ ਸਿੰਘ ਸੁਹਾਵੀ ਅਤੇ ਇੰਦਰਜੀਤ ਸਿੰਘ ਆਦਿ ਹਾਜ਼ਰ ਸਨ।




















