ਡਾਇਗਨੌਸਟਿਕ ਸੈਂਟਰ ਵਿੱਚ ਮੌਜੂਦ ਸਨ 20 ਤੋਂ ਵੱਧ ਮਰੀਜ਼ ; ਸੋਸ਼ਲ ਡਿਸਟੈਂਸਿੰਗ
ਦਾ ਨਹੀਂ ਰੱਖਿਆ ਸੀ ਖਿਆਲ
ਫ਼ਤਹਿਗੜ੍ਹ ਸਾਹਿਬ ( ਗਿਆਨ ਸੂਦ )-ਫਤਹਿਗੜ੍ਹ ਸਾਹਿਬ ਪੁਲਿਸ ਨੇ ਸਰਹਿੰਦ ਬਸੀ ਰੋਡ ਸਥਿਤ ਦੀਪਕ ਸਕੈਨਰਜ਼ ਡਾਇਗਨੌਸਟਿਕ ਸੈਂਟਰ ਦੇ ਮਾਲਕ ਡਾ ਦੀਪਕਜੋਤ ਸਿੰਘ ਅਤੇ ਉਸਦੇ ਦੋ ਸਹਾਇਕਾਂ ਜਗਦੀਪ ਸਿੰਘ ਤੇ ਜਗਦੇਵ ਸਿੰਘ ਖਿਲਾਫ ਕਰਫਿਊ ਅਤੇ ਕੋਰੋਨਾ ਵਾਇਰਸ ਸਬੰਧੀ ਹਦਾਇਤਾਂ ਦੀ ਉਲੰਘਣਾ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਪੁਲਿਸ ਮੁਖੀ ਸ੍ਰੀਮਤੀ ਅਮਨੀਤ ਕੌਂਡਲ ਨੇ ਦੱਸਿਆ ਥਾਣਾ ਫਤਹਿਗੜ੍ਹ ਸਾਹਿਬ ਦੇ ਇੰਚਾਰਜ ਜੀ. ਐਸ. ਸਿਕੰਦ ਦੀ ਅਗਵਾਈ ਵਿੱਚ ਸਰਹਿੰਦ ਮੰਡੀ ਚੌਕੀ ਦੀ ਪੁਲਿਸ ਵੱਲੋਂ ਕੀਤੀ ਜਾ ਰਹੀ ਗਸ਼ਤ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਦੀਪਕ ਸਕੈਨਰਜ਼ ਦੇ ਬਾਹਰ ਵੱਡੀ ਗਿਣਤੀ ਵਿੱਚ ਗੱਡੀਆਂ ਖੜ੍ਹੀਆਂ ਸਨ।
ਜਦੋਂ ਪੁਲਿਸ ਨੇ ਅੰਦਰ ਜਾ ਕੇ ਚੈਕਿੰਗ ਕੀਤੀ ਤਾਂ ਡਾ. ਦੀਪਕ ਜੋਤ ਸਿੰਘ ਆਪਣੇ ਸਹਾਇਕਾਂ ਜਗਦੇਵ ਸਿੰਘ ਅਤੇ ਜਗਦੀਪ ਸਿੰਘ ਸਮੇਤ ਮਰੀਜ਼ਾਂ ਦੀ ਸਕੈਨਿੰਗ ਕਰ ਰਿਹਾ ਸੀ ਤੇ 20 ਦੇ ਕਰੀਬ ਮਰੀਜ਼ ਰਿਸ਼ੈਪਸ਼ਨ ਲਾਗੇ ਬੈਠੇ ਸਨ, ਜਿੰਨ੍ਹਾਂ ਦਾ ਆਪਸੀ ਫਾਸਲਾ ਬਹੁਤ ਹੀ ਘੱਟ ਸੀ ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਕੋਰੋਨਾਂ ਵਾਇਰਸ ਕਾਰਨ ਪੈਦਾ ਹੋਈ ਸਥਿਤੀ ਦੇ ਮੱਦੇਨਜ਼ਰ ਜਾਰੀ ਹਦਾਇਤਾਂ ਤੋਂ ਵੱਧ ਇਕੱਠ ਕਰਨ ਅਤੇ ਹੋਰ ਹਦਾਇਤਾਂ ਦੀ ਉਲੰਘਣਾਂ ਦੇ ਦੋਸ਼ ਹੇਠ ਡਾ. ਦੀਪਕਜੋਤ ਅਤੇ ਉਸਦੇ ਸਹਾਇਕਾਂ ਖਿਲਾਫ ਕੇਸ ਦਰਜ ਕੀਤਾ ਗਿਆ ਹੈ। ਇਸ ਤੋਂ ਪਹਿਲਾਂ ਵੀ ਇਸ ਡਾਕਟਰ ਨੂੰ ਡੀ.ਐਸ. ਪੀ. ਫਤਹਿਗੜ੍ਹ ਸਾਹਿਬ ਰਮਿੰਦਰ ਸਿੰਘ ਕਾਹਲੋ ਅਤੇ ਥਾਣਾ ਫਤਹਿਗੜ੍ਹ ਸਾਹਿਬ ਦੇ ਇੰਚਾਰਜ ਜੀ. ਐਸ. ਸਿਕੰਦ ਵੱਲੋਂ ਨਿਯਮਾਂ ਦੀ ਪਾਲਣਾ ਸਬੰਧੀ ਚੇਤਾਵਨੀ ਦਿੱਤੀ ਗਈ ਸੀ ਜ਼ਿਲ੍ਹਾ ਪੁਲਿਸ ਮੁਖੀ ਨੇ ਕਿਹਾ ਕਿ ਕੋਰੋਨਾ ਵਾਇਰਸ ਨੂੰ ਰੋਕਣ ਦੇ ਲਈ ਪੰਜਾਬ ਸਰਕਾਰ ਵੱਲੋਂ ਜਾਰੀ ਹਦਾਇਤਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਨੂੰਨ ਮੁਤਾਬਿਕ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਨੇ ਜ਼ਿਲ੍ਹਾ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਯਕੀਨੀ ਬਣਾਉਣ ਅਤੇ ਘਰਾਂ ਵਿੱਚ ਰਹਿ ਕੇ ਹੀ ਇਸ ਸਮੱਸਿਆ ਦੇ ਹੱਲ ਵਿੱਚ ਯੋਗਦਾਨ ਪਾਉਣ।