ਕਰਫਿਉ ਦੌਰਾਨ ਵੀ ਸਫਾਈ ਕਰਮਚਾਰੀ ਆਪਣੀ ਡਿਉਟੀ ਜਿੰਮੇਵਾਰੀ ਨਾਲ ਨਿਭਾਅ ਰਹੇ ਹਨ : ਗੁਰਕੀਰਤ

ਸਨਮਾਨਿਤ ਕਰਦੇ ਹੋਏ ਵਿਧਾਇਕ ਗੁਰਕੀਰਤ ਸਿੰਘ, ਸਾਬਕਾ ਪ੍ਰਧਾਨ ਵਿਕਾਸ ਮਹਿਤਾ, ਈਓ ਰਣਬੀਰ ਸਿੰਘ ਤੇ ਹੋਰ।  ਫੋਟੋ : ਧੀਮਾਨ

ਖੰਨਾ (ਪਰਮਜੀਤ ਸਿੰਘ ਧੀਮਾਨ) ਦੇਸ਼ ਦੇ ਸੰਵਿਧਾਨ ਨਿਰਮਾਤਾ ਡਾ. ਭੀਮ ਰਾਓ ਅੰਬੇਡਕਰ ਦੇ ਜਨਮ ਦਿਹਾੜੇ ਨੂੰ ਸਮਰਪਤ ਨਗਰ ਕੌਂਸਲ ਖੰਨਾ ਵਿਖੇ ਵਿਧਾਇਕ ਗੁਰਕੀਰਤ ਸਿੰਘ ਵੱਲੋਂ ਕੋਰੋਨਾ ਵਾਇਰਸ (ਕੋਵਿਡ-19) ਦੇ ਚੱਲਦਿਆਂ ਲਗਾਏ ਗਏ ਲਾਕਡਾਊਨ (ਕਰਫਿਊ) ਦੌਰਾਨ ਖੰਨਾ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿਚ ਤਨਦੇਹੀ ਨਾਲ ਡਿਊਟੀ ਨਿਭਾਉਣ ਵਾਲੇ ਸਮੂਹ ਸਫਾਈ ਕਰਮਚਾਰੀਆਂ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਵਿਧਾਇਕ ਗੁਰਕੀਰਤ ਸਿੰਘ ਨੇ ਕਿਹਾ ਕਿ ਕੋਰੋਨਾ ਵਾਇਰਸ ਨਾਲ ਨਜਿੱਠਣ ਲਈ ਸਰਕਾਰ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹਨ। ਉਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੈਬਨਿਟ ਮੀਟਿੰਗ ਵਿਚ ਵੀ ਲਾਕਡਾਊਨ ਦੌਰਾਨ ਪੁਲਸ, ਸਿਹਤ ਅਤੇ ਸਫਾਈ ਕਰਮਚਾਰੀਆਂ ਵੱਲੋਂ ਗਰਾਉਂਡ ਲੈਵਲ ਉਪਰ ਹਰ ਫਰੰਟ ‘ਤੇ ਕੀਤੇ ਜਾ ਰਹੇ ਸਾਹਸੀ ਕਾਰਜਾਂ ਦੀ ਸ਼ਲਾਘਾ ਕੀਤੀ ਗਈ ਹੈ। ਉਨਾਂ ਕਿਹਾ ਕਿ ਕਰਫਿਊ ਦੌਰਾਨ ਸ਼ਹਿਰ ਦੀ ਸਾਫ਼ ਸਫਾਈ ਦਾ ਜਿੰਮਾ ਵੀ ਸਫਾਈ ਕਰਮਚਾਰੀ ਪੂਰੀ ਤਨਦੇਹੀ ਨਾਲ ਨਿਭਾਅ ਰਹੇ ਹਨ, ਉਨਾਂ ਦੀ ਇਸ ਦਲੇਰਾਨਾ ਡਿਊਟੀ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਨਾਂ ਦੱਸਿਆ ਕਿ ਸਫਾਈ ਕਰਮਚਾਰੀਆਂ ਨੂੰ ਕੌਂਸਲ ਦੀ ਸੈਨੇਟਰੀ ਬ੍ਰਾਂਚ ਅਤੇ ਠੇਕੇਦਾਰਾਂ ਵੱਲੋਂ ਮਾਸਕ ਅਤੇ ਸੈਨੇਟਾਈਜਰ ਦਿੱਤੇ ਜਾ ਰਹੇ ਹਨ ਤਾਂ ਜੋ ਉਹ ਆਪਣੀ ਡਿਊਟੀ ਨੂੰ ਸੁਰੱਖਿਅਤ ਢੰਗ ਨਾਲ ਨੇਪਰੇ ਚਾੜ ਸਕਣ। ਵਿਧਾਇਕ ਗੁਰਕੀਰਤ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਲਾਕਡਾਊਨ ਨਿਯਮਾਂ ਦੀ ਪਾਲਣਾ ਕਰਦੇ ਹੋਏ ਆਪਣੇ ਘਰਾਂ ਦੇ ਅੰਦਰ ਹੀ ਰਹਿਣ, ਜ਼ਰੂਰੀ ਵਸਤਾਂ ਸਬਜ਼ੀਆਂ ਅਤੇ ਫਲ ਵਗੈਰਾ ਲੋਕਾਂ ਨੂੰ ਘਰ-ਘਰ ਪੁਹੰਚਾਉਣ ਦੇ ਪ੍ਰਬੰਧ ਕੀਤੇ ਗਏ ਹਨ। ਇਸੇ ਤਰਾਂ ਕਰਿਆਨਾ ਅਤੇ ਦਵਾਈਆਂ ਦੀ ਹੋਮ ਡਿਲਵਰੀ ਹੋ ਰਹੀ ਹੈ। ਉਨਾਂ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਕੰਮ ਦੇ ਆਪਣੇ ਘਰਾਂ ਤੋਂ ਬਾਹਰ ਨਾ ਨਿਕਲਣ। ਉਨਾਂ ਕਿਹਾ ਕਿ ਰਾਜ ਸਰਕਾਰ ਵੱਲੋਂ ਲੋੜਵੰਦ ਲੋਕਾਂ ਲਈ ਰਾਸ਼ਨ ਸਮੱਗਰੀ ਭੇਜੀ ਗਈ ਹੈ ਜਿਹੜੀ ਕਿ ਬਿਨਾ ਕਿਸੇ ਭੇਦਭਾਵ ਦੇ ਅਤਿ ਲੋੜੀਂਦੇ ਪਰਿਵਾਰਾਂ ਨੂੰ ਦਿੱਤੀ ਜਾ ਰਹੀ ਹੈ। ਇਸ ਮੌਕੇ ਨਗਰ ਕੌਂਸਲ ਦੇ ਪ੍ਰਸ਼ਾਸ਼ਕ- ਕਮ-ਐਸ. ਡੀ. ਐਮ. ਖੰਨਾ ਸੰਦੀਪ ਸਿੰਘ, ਸਾਬਕਾ ਕੌਂਸਲ ਪ੍ਰਧਾਨ ਵਿਕਾਸ ਮਹਿਤਾ, ਕਾਰਜ ਸਾਧਕ ਅਫਸਰ ਰਣਬੀਰ ਸਿੰਘ, ਜ਼ਿਲਾ ਕਾਂਗਰਸ ਪ੍ਰਧਾਨ ਅਮਿਤ ਤਿਵਾੜੀ ਤੋਂ ਇਲਾਵਾ ਕੌਂਸਲ ਸਟਾਫ਼ ਹਾਜ਼ਰ ਸੀ।

Share This :

Leave a Reply