ਕਰਫ਼ਿਊ ਸਮੇਂ ਦੌਰਾਨ ਜ਼ਿਲ੍ਹੇ ਦੀਆਂ 51 ਗੈਸ ਏਜੰਸੀਆਂ ਨੇ 73 ਹਜ਼ਾਰ 406 ਸਿਲੰਡਰਾਂ ਦੀ ਕੀਤੀ ਸਪਲਾਈ : ਡਿਪਟੀ ਕਮਿਸ਼ਨਰ

ਪਟਿਆਲਾ ( ਅਰਵਿੰਦਰ ਸਿੰਘ) ਡਿਪਟੀ ਕਮਿਸ਼ਨਰ ਪਟਿਆਲਾ ਸ੍ਰੀ ਕੁਮਾਰ ਅਮਿਤ ਨੇ ਦੱਸਿਆ ਕਿ ਕੋਰੋਨਾ ਵਾਇਰਸ ਤੋਂ ਬਚਾਅ ਲਈ ਲਗਾਏ ਗਏ ਕਰਫ਼ਿਊ ਦੌਰਾਨ ਲੋਕਾਂ ਦੀਆਂ ਬੁਨਿਆਦੀ ਜ਼ਰੂਰਤਾਂ ਦਾ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕਰਫ਼ਿਊ ਦੌਰਾਨ ਲੋਕਾਂ ਨੂੰ ਗੈਸ ਸਪਲਾਈ ‘ਚ ਕਿਸੇ ਕਿਸਮ ਦੀ ਦਿੱਕਤ ਪੇਸ਼ ਨਾ ਆਵੇ ਇਸ ਸਬੰਧੀ ਡੀ.ਐਫ.ਐਸ.ਸੀ. ਨੂੰ ਹਦਾਇਤਾਂ ਦਿੱਤੀਆਂ ਗਈਆਂ ਸਨ ਜਿਸ ਤਹਿਤ ਪਿਛਲੇ ਇਕ ਹਫ਼ਤੇ ਦੌਰਾਨ ਪਟਿਆਲਾ ਜ਼ਿਲ੍ਹੇ ਦੀਆਂ 51 ਗੈਸ ਏਜੰਸੀਆਂ ਵੱਲੋਂ ਗੈਸ ਸਿਲੰਡਰ ਦੀ ਸਪਲਾਈ ਸੁਚਾਰੂ ਢੰਗ ਨਾਲ ਚਲਾਈ ਜਾ ਰਹੀ ਹੈ ਅਤੇ ਇਕ ਹਫ਼ਤੇ ਦੌਰਾਨ ਜ਼ਿਲ੍ਹੇ ‘ਚ 73 ਹਜ਼ਾਰ 406 ਸਿਲੰਡਰਾਂ ਦੀ ਸਪਲਾਈ ਕੀਤੀ ਜਾ ਚੁੱਕੀ ਹੈ।


ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗੈਸ ਸਿਲੰਡਰਾਂ ਦਾ ਜ਼ਿਲ੍ਹੇ ਵਿੱਚ ਲੋੜੀਂਦਾ ਸਟਾਕ ਉਪਲਬੱਧ ਹੋਣ ਕਰਕੇ ਐਲ.ਪੀ.ਜੀ. ਦੀ ਕੋਈ ਘਾਟ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਜ਼ਿਲ੍ਹੇ ਦੇ ਲੋਕਾਂ ਨੂੰ ਭਰੋਸਾ ਦਿੰਦਿਆ ਆਖਿਆ ਕਿ ਉਹ ਗੈਸ ਦੀ ਸਪਲਾਈ ਪ੍ਰਤੀ ਨਿਸ਼ਚਿਤ ਰਹਿਣ ਅਤੇ ਸਿਲੰਡਰਾਂ ਦਾ ਸਟਾਕ ਇਕੱਠਾ ਨਾ ਕਰਨ। ਇਸ ਮੌਕੇ ਡੀ.ਐਫ.ਐਸ.ਸੀ ਸ. ਹਰਸ਼ਰਨਜੀਤ ਸਿੰਘ ਬਰਾੜ ਨੇ ਦੱਸਿਆ ਕਿ ਸਿਲੰਡਰ ਦੀ ਜਮਾਂ ਖੋਰੀ ਨੂੰ ਰੋਕਣ ਲਈ ਭਾਰਤ ਸਰਕਾਰ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਤਹਿਤ ਐਲ.ਪੀ.ਜੀ. ਕੁਨੈਕਸ਼ਨ ਧਾਰਕ ਨੂੰ 15 ਦਿਨਾਂ ਤੋਂ ਪਹਿਲਾਂ ਕਿਸੇ ਗੈਸ ਸਿਲੰਡਰ ਨੂੰ ਮੁੜ ਭਰਨ ਲਈ ਦੂਜੀ ਬੁਕਿੰਗ ਨਾ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਦਾ ਮੁੱਖ ਮਕਸਦ ਜਮ੍ਹਾਖੋਰੀ ਨੂੰ ਰੋਕਣਾ ਹੈ।

Share This :

Leave a Reply