ਬਲਾਚੌਰ ਤੇ ਕਰਾਵਰ ਦੀਆਂ ਮੰਡੀਆਂ ’ਚ ਕਣਕ ਦੀ ਆਮਦ ਸ਼ੁਰੂ
ਨਵਾਂਸ਼ਹਿਰ/ਬਲਾਚੌਰ (ਏ-ਆਰ. ਆਰ. ਐੱਸ. ਸੰਧੂ) ਐਮ ਐਲ ਏ ਬਲਾਚੌਰ ਚੌ. ਦਰਸ਼ਨ ਲਾਲ ਮੰਗੂਪੁਰ ਨੇ ਇੱਥੇ ਆੜ੍ਹਤੀਆਂ ਨੂੰ ਕਿਸਾਨਾਂ ਲਈ ਆਮਦ ਦੇ ਪਾਸ ਜਾਰੀ ਕਰਦਿਆਂ ਕਿਹਾ ਕਿ ਬਲਾਚੌਰ ਹਲਕੇ ’ਚ ਕਿਸਾਨਾਂ ਨੂੰ ਕਣਕ ਦੀ ਵਿੱਕਰੀ ਨੂੰ ਲੈ ਕੇ ਕੋਈ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ। ਉਨ੍ਹਾਂ ਕਿਹਾ ਕਿ ਹਲਕੇ ਦੀਆਂ 9 ਰੈਗੂਲਰ ਮੰਡੀਆਂ ਦੇ ਨਾਲ ਕਾਠਗੜ੍ਹ ਅਤੇ ਮਹਿੰਦੀਪੁਰ ਵਿਖੇ ਦੋ ਆਰਜ਼ੀ ਮੰਡੀਆਂ (ਸ਼ੈਲਰਾਂ) ’ਚ ਵੀ ਮਨਜੂਰ ਕੀਤੀਆਂ ਗਈਆਂ ਹਨ ਤਾਂ ਜੋ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ’ਚ ਕੋਈ ਮੁਸ਼ਕਿਲ ਨਾ ਆਵੇ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਆਪਣੀ ਵਾਰੀ ਮੁਤਾਬਕ ਹੀ ਮੰਡੀਆਂ ’ਚ ਜਿਣਸ ਲੈ ਕੇ ਆਉਣ ਅਤੇ ਵਾਰੀ ਤੋਂ ਬਿਨਾਂ ਬਿਲਕੁਲ ਵੀ ਨਾ ਆਉਣ।
ਉਨ੍ਹਾਂ ਆਖਿਆ ਕਿ ਕੋਵਿਡ-19 ਕਰਫ਼ਿੳ ਦੇ ਚਲਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਕਿਸਾਨਾਂ ਲਈ ਬਹੁਤ ਫ਼ਿਰਕਮੰਦ ਹਨ ਅਤੇ ਉਨ੍ਹਾਂ ਵੱਲੋਂ ਸੀਜ਼ਨ ਦੌਰਾਨ ਕੋਵਿਡ-19 ਤੋਂ ਬਚਾਅ ਲਈ ਸਾਵਧਾਨੀ ਵਰਤਣ ਲਈ ਕਿਸਾਨਾਂ ਨੂੰ ਪਾਸ ’ਤੇ ਹੀ ਮੰਡੀ ’ਚ ਆਉਣ ਦੀ ਹਦਾਇਤ ਕੀਤੀ ਗਈ ਹੈ।
ਵਿਧਾਇਕ ਚੌ. ਮੰਗੂਪੁਰ ਅਨੁਸਾਰ ਜ਼ਿਲ੍ਹੇ ’ਚ ਰੋਜ਼ਾਨਾ ਦੇ ਹਿਸਾਬ ਨਾਲ ਇੱਕ ਆੜ੍ਹਤੀ ਨੂੰ 5 ਪਾਸ ਦੇਣ ਦੀ ਯੋਜਨਾ ਬਣਾਈ ਗਈ ਹੈ ਤਾਂ ਜੋ ਇੱਕ ਦਿਨ ’ਚ ਸੀਮਿਤ ਗਿਣਤੀ ’ਚ ਹੀ ਕਿਸਾਨ ਮੰਡੀ ’ਚ ਆ ਸਕਣ ਅਤੇ ਸੀਮਿਤ ਲੇਬਰ ਹੀ ਸਫ਼ਾਈ ਅਤੇ ਭਰਾਈ ਦਾ ਕੰਮ ਕਰ ਸਕੇ। ਉਨ੍ਹਾਂ ਦੱਸਿਆ ਕਿ ਮੰਡੀਆਂ ’ਚ ਸੀਜ਼ਨ ਦੌਰਾਨ ਲੇਬਰ, ਕਿਸਾਨਾਂ, ਆੜ੍ਹਤੀਆਂ ਤੇ ਉਨ੍ਹਾਂ ਨਾਲ ਸਬੰਧਤ ਤੋਲਿਆਂ ਤੇ ਮੁਨੀਮਾਂ ਨੂੰ ਕੋਵਿਡ-19 ਤੋਂ ਬਚਾਅ ਲਈ ਸਮੁੱਚੀਆਂ ਸਾਵਧਾਨੀਆਂ ਅਪਨਾਉਣ ਦੀ ਲੋੜ ਹੈ ਅਤੇ ਇਸ ਵਿੱਚ ਕੋਈ ਢਿੱਲ ਨਾ ਵਰਤੀ ਜਾਵੇ।
ਇਸ ਮੀਟਿੰਗ ’ਚ ਮੌਜੂਦ ਸਕੱਤਰ ਮਾਰਕੀਟ ਕਮੇਟੀ ਬਲਾਚੌਰ ਸੁਰਿੰਦਰਪਾਲ ਨੇ ਦੱਸਿਆ ਕਿ ਬਲਾਚੌਰ ਮਾਰਕੀਟ ਕਮੇਟੀ ਅਧੀਨ 62 ਆੜ੍ਹਤੀ ਰਜਿਸਟ੍ਰਡ ਹਨ, ਜਿਨ੍ਹਾਂ ਨੂੰ ਇਹ ਪੰਜ-ਪੰਜ ਪਾਸ ਰੋਜ਼ਾਨਾ ਦਿੱਤੇ ਜਾਇਆ ਕਰਨਗੇ। ਉਨ੍ਹਾਂ ਦੱਸਿਆ ਕਿ ਪਾਸਾਂ ਦੀ ਵੰਡ ਆੜ੍ਹਤੀ ਇਸ ਢੰਗ ਨਾਲ ਅੱਗੋਂ ਕਿਸਾਨਾਂ ਨੂੰ ਕਰਨ ਕਿ ਮੰਡੀਆਂ ’ਚ ਭੀੜ ਬਿਲਕੁਲ ਵੀ ਨਾ ਬਣੇ ਅਤੇ ਉਹ ਆਪਣੀ ਜਿਣਸ ਮੰਡੀ ’ਤੇ ਫੜ੍ਹ ’ਤੇ ਣਬਾਏ ਬਲਾਕ ’ਚ ਹੀ ਢੇਰੀ ਕਰਨ। ਉਨ੍ਹਾਂ ਦੱਸਿਆ ਕਿ ਸੀਜ਼ਨ ਦੌਰਾਨ ਆੜ੍ਹਤੀਆਂ ਤੇ ਉਨ੍ਹਾਂ ਕੋਲ ਕੰਮ ਕਰਦੇ ਤੋਲਿਆਂ, ਮੁਨੀਮਾਂ ਅਤੇ ਲੇਬਰ ਨੂੰ ਪਾਸ ਜਾਰੀ ਕੀਤੇ ਜਾਣਗੇ ਅਤੇ ਹਰੇਕ ਪਾਸ ਦਾ ਮੁਕੰਮਲ ਵੇਰਵਾ ਰੱਖਿਆ ਜਾਵੇਗਾ। ਉਨ੍ਹਾਂ ਦੱਸਿਆ ਕਿ ਅੱਜ ਪਹਿਲੇ ਦਿਨ ਬਲਾਚੌਰ ਤੇ ਕਰਾਵਰ ਦੀਆਂ ਮੰਡੀਆਂ ’ਚ ਆਮਦ ਸ਼ੁਰੂ ਹੋ ਗਈ ਹੈ ਅਤੇ ਭਾਅ ਵੀ ਲੱਗੇ ਹਨ। ਕਣਕ ਦਾ ਘੱਟੋ ਘੱਟ ਸਮੱਰਥਨ ਮੁੱਲ 1925 ਰੁਪਏ ਪ੍ਰਤੀ ਕੁਇੰਟਲ ਨਿਰਧਾਰਿਤ ਹੈ। ਉਨ੍ਹਾਂ ਦੱਸਿਆ ਕਿ ਬਲਾਚੌਰ ਦੀ ਮੇਨ ਮੰਡੀ ’ਚ ਸੋਪ ਡਿਸਪੈਂਸਰ ਲਾ ਦਿੱਤਾ ਗਿਆ ਹੈ ਜਦਕਿ ਬਾਕੀ ਮੰਡੀਆਂ ’ਚ ਕੰਮ ਪ੍ਰਗਤੀ ਅਧੀਨ ਹੈ ਅਤੇ ਸ਼ਨੀਵਾਰ ਤੱਕ ਲਾ ਦਿੱਤਾ ਜਾਵੇਗਾ। ਇਸ ਮੌਕੇ ਐਸ ਡੀ ਐਮ ਜਸਬੀਰ ਸਿੰਘ, ਮਾਰਕੀਟ ਕਮੇਟੀ ਦੇ ਚੇਅਰਮੈਨ ਹਰਜੀਤ ਸਿੰਘ ਜਾਡਲੀ, ਨਗਰ ਕੌਂਸਲ ਦੇ ਪ੍ਰਧਾਨ ਨਰਿੰਦਰ ਘਈ ਤੇ ਹੋਰ ਆੜ੍ਹਤੀ ਵੀ ਮੌਜੂਦ ਸਨ।