ਪਟਿਆਲਾ (ਅਰਵਿੰਦਰ ਸਿੰਘ) ਜ਼ਿਲ੍ਹਾ ਮੈਜਿਸਟਰੇਟ ਕਮ- ਡਿਪਟੀ ਕਮਿਸ਼ਨਰ ਸ੍ਰੀ ਕੁਮਾਰ ਅਮਿਤ ਨੇ ਕੋਵਿਡ-19 ਦੇ ਮੱਦੇਨਜ਼ਰ ਲਗਾਏ ਗਏ ਕਰਫਿਊ ਦੌਰਾਨ ਕਣਕ ਅਤੇ ਚਾਵਲ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਨਵੇਂ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਆਦੇਸ਼ਾਂ ਅਨੁਸਾਰ ਜ਼ਰੂਰੀ ਵਸਤਾਂ ‘ਚ ਆਉਂਦੇ ਕਣਕ ਅਤੇ ਚਾਵਲ ਸਬੰਧੀ ਫੂਡ ਕਾਰਪੋਰੇਸ਼ਨ ਆਫ਼ ਇੰਡੀਆ ਵੱਲੋਂ ਜਾਰੀ ਪੱਤਰ ਅਤੇ ਪ੍ਰਮੁੱਖ ਸਕੱਤਰ ਖੁਰਾਕ ਅਤੇ ਸਿਵਲ ਸਪਲਾਈ ਵੱਲੋਂ ਜਾਰੀ ਪੱਤਰ ਦੀ ਰੌਸ਼ਨੀ ‘ਚ ਜ਼ਰੂਰੀ ਵਸਤਾਂ ਦੀ ਨਿਰਵਿਘਨ ਸਪਲਾਈ ਨੂੰ ਬਣਾਏ ਰੱਖਣ ਸਬੰਧੀ ਪਨਸਪ ਦੇ ਜ਼ਿਲ੍ਹਾ ਮੈਨੇਜਰ ਨੂੰ ਵਾਧੂ ਅਧਿਕਾਰ ਦੇ ਦਿੱਤੇ ਗਏ ਹਨ।
ਜ਼ਿਲ੍ਹਾ ਮੈਜਿਸਟਰੇਟ ਨੇ ਪੰਜਾਬ ਸਟੇਟ ਸਿਵਲ ਸਪਲਾਈ ਕਾਰਪੋਰੇਸ਼ਨ (ਪਨਸਪ) ਦੇ ਜ਼ਿਲ੍ਹਾ ਮੈਨੇਜਰ ਸ੍ਰੀ ਜਗਨਦੀਪ ਸਿੰਘ ਢਿਲੋਂ ਨੂੰ ਕਣਕ ਅਤੇ ਚਾਵਲ ਦੀ ਸਪਲਾਈ ਨੂੰ ਯਕੀਨੀ ਬਣਾਉਣ ਲਈ ਰੀਲੀਜ਼ ਆਰਡਰ ਜਾਰੀ ਕਰਨ ਦਾ ਅਧਿਕਾਰ ਦਿੰਦਿਆ ਈ-ਆਕਸ਼ਨ ਤੋਂ ਬਿਨਾਂ ਖਰੀਦਦਾਰਾਂ ਤੱਕ ਕਣਕ ਤੇ ਚਾਵਲ ਦੀ ਸਪਲਾਈ ਯਕੀਨੀ ਬਣਾਉਣ ਸਬੰਧੀ ਅਧਿਕਾਰਤ ਕੀਤਾ ਗਿਆ ਹੈ।