ਏਸ਼ੀਆ ਦੀ ਵੱਡੀ ਅਨਾਜ ਮੰਡੀ ਖੰਨਾ ‘ਚ ਕਣਕ ਦੀ ਆਮਦ ਸ਼ੁਰੂ

ਖੰਨਾ ਮੰਡੀ ‘ਚ ਪੁੱਜੀ ਕਣਕ ਦੀ ਟਰਾਲੀ ਨੂੰ ਉਤਾਰਦੇ ਮਜ਼ਦੂਰ (ਇਨਸੈਟ) ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਗੱਲਬਾਤ ਕਰਦੇ ਹੋਏ। ਫੋਟੋ : ਧੀਮਾਨ  

ਖੰਨਾ (ਪਰਮਜੀਤ ਸਿੰਘ ਧੀਮਾਨ) : ਏਸ਼ੀਆ ਦੀ ਸਭ ਤੋਂ ਵੱਡੀ ਅਨਾਜ ਮੰਡੀ ਖੰਨਾ ਵਿਖੇ ਕਣਕ ਦੀ ਆਮਦ ਸ਼ੁਰੂ ਹੋ ਗਈ ਹੈ। ਅੱਜ ਪਹਿਲੇ ਦਿਨ 06 ਤੋਂ 07 ਟਰਾਲੀਆਂ ਖੰਨਾ ਮੰਡੀ ਵਿਚ ਪੁੱਜੀਆਂ। ਖੰਨਾ ਮੰਡੀ ਨੂੰ ਵੱਖ-ਵੱਖ ਖ੍ਰੀਦ ਏਜੰਸੀਆਂ ਵੱਲੋਂ ਚਾਰ ਜੋਨਾਂ ਵਿਚ ਵੰਡ ਕੇ ਕਣਕ ਦੀ ਖ੍ਰੀਦ ਕੀਤੀ ਜਾਵੇਗੀ। ਮੰਡੀ ‘ਚ ਪਹਿਲੀ ਕਣਕ ਦੀ ਟਰਾਲੀ ਲੈ ਕੇ ਪੁੱਜੇ ਗਾਮਾ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਲਲਹੇੜੀ ਦਾ ਮਾਰਕੀਟ ਕਮੇਟੀ ਵੱਲੋਂ ਹਾਰ ਪਾ ਕੇ ਸੁਆਗਤ ਕੀਤਾ। ਇਸ ਮੌਕੇ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ, ਉਪ ਚੇਅਰਮੈਨ ਵਰਿੰਦਰ ਗੁੱਡੂ ਅਤੇ ਮਾਰਕੀਟ ਕਮੇਟੀ ਦੇ ਸਕੱਤਰ ਦਲਵਿੰਦਰ ਸਿੰਘ ਹਾਜ਼ਰ ਸਨ। ਟਰਾਲੀ ਨੂੰ ਸੈਨੀਟਾਈਜ਼ ਕਰਨ ਤੋਂ ਇਲਾਵਾ ਚਾਲਕ ਨੂੰ ਵੀ ਮਾਸਕ ਪਹਿਣਾਏ ਗਏ ਅਤੇ ਹੱਥ ਸੈਨੇਟਾਈਜ਼ ਕਰਕੇ ਰੱਖਣ ਲਈ ਜਾਗਰੂਕ ਕੀਤਾ ਗਿਆ। ਪਹਿਲੀ ਟਰਾਲੀ ਦੀ ਨਮੀ ਜਾਂਚੀ ਗਈ, ਜਿਹੜੀ 10.7 ਦੀ ਮਾਪੀ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਮਾਰਕੀਟ ਕਮੇਟੀ ਦੇ ਚੇਅਰਮੈਨ ਗੁਰਦੀਪ ਸਿੰਘ ਰਸੂਲੜਾ ਨੇ ਕਿਹਾ ਕਿ ਕੋਰੋਨਾ ਵਾਇਰਸ ਦੇ ਚੱਲਦਿਆਂ ਕਮੇਟੀ ਵੱਲੋਂ ਪੁਖਤਾ ਪ੍ਰਬੰਧ ਕੀਤੇ ਗਏ ਹਨ। ਇਸ ਲਈ ਸਮੂਹ ਆੜਤੀ ਸਹਿਬਾਨ ਨੂੰ ਟੋਕਨ ਦੇ ਦਿੱਤੇ ਗਏ ਹਨ, ਜਿਹੜੇ ਮੰਡੀ ਵਿਚ ਹਰ ਰੋਜ਼ ਕਰੀਬ 1000 ਬੋਰੀ ਕਣਕ ਦੀ ਮੰਗਵਾ ਸਕਦੇ ਹਨ। ਆੜਤੀਆਂ ਸਮੇਤ ਮੰਡੀ ਵਿਚ ਕੰਮ ਕਰਦੇ ਸਾਰੇ ਵਰਕਰਾਂ ਨੂੰ ਸਰਕਾਰ ਦੀਆਂ ਹਿਦਾਇਤਾਂ ਅਨੁਸਾਰ ਸੋਸ਼ਲ ਡਿਸਟੈਂਸ ਰੱਖਣ ਲਈ ਕਿਹਾ ਗਿਆ ਹੈ। ਉਨਾਂ ਦੱਸਿਆ ਕਿ ਪੁਲਸ ਵੱਲੋਂ ਮੰਡੀ ਵਿਚ ਸੁਰੱਖਿਆ ਦੇ ਪ੍ਰਬੰਧ ਕੀਤੇ ਗਏ ਹਨ। ਜੀ.ਟੀ ਰੋਡ ਮੇਨ ਗੇਟ ਤੋਂ ਹੀ ਟਰਾਲੀਆਂ ਦੀ ਐਂਟਰੀ ਹੋਵੇਗੀ। ਜਿੱਥੇ 02 ਪੁਲਸ ਕਰਮਚਾਰੀ, ਤੇ 02 ਮਾਰਕੀਟ ਕਮੇਟੀ ਦੇ ਮੁਲਾਜ਼ਮ ਤੈਨਾਤ ਰਹਿਣਗੇ, ਇਸ ਤੋਂ ਇਲਾਵਾ ਇਕ ਡਾਕਟਰ ਤੈਨਾਤ ਰਹੇਗਾ ਤਾਂ ਜੋ ਲੋੜ ਪੈਣ ‘ਤੇ ਕਿਸੇ ਵੀ ਤਰਾਂ ਦੀ ਜਾਂਚ ਕੀਤੀ ਜਾ ਸਕੇ। ਮੰਡੀ ਦੇ ਅੰਦਰ ਆਉਣ ਵਾਲੀ ਹਰ ਟਰਾਲੀ ਤੇ ਕਿਸਾਨ ਨੂੰ ਸੈਨੇਟਾਈਜ਼ ਕੀਤਾ ਜਾਵੇਗਾ।
ਇਸ ਮੌਕੇ ਮਾਰਕੀਟ ਕਮੇਟੀ ਦੇ ਵਾਇਸ ਚੇਅਰਮੈਨ ਵਰਿੰਦਰ ਗੁੱਡੂ ਤੇ ਸਕੱਤਰ ਦਲਵਿੰਦਰ ਸਿੰਘ ਨੇ ਦੱਸਿਆ ਕਿ ਖੰਨਾ ਮੰਡੀ ਵਿਚ ਆਈ ਪਹਿਲੀ ਟਰਾਲੀ ਦੀ ਨਮੀ 10.7 ਪਾਇਆ ਗਿਆ ਹੈ, ਜਦੋਂ ਕਿ ਸਰਕਾਰ ਵੱਲੋਂ ਕਣਕ ਦਾ ਸਰਕਾਰ ਰੇਟ 1925 ਰੁਪਏ ਪ੍ਰਤੀ ਕੁਇੰਟਲ ਤਹਿ ਕੀਤਾ ਗਿਆ ਹੈ। ਉਨਾਂ ਕਿਹਾ ਕਿ ਕਣਕ ਦੀ ਲੁਹਾਈ ਦੇ ਚੁੱਕਾਈ ਲਈ ਲੇਬਰ ਦੇ ਪ੍ਰਬੰਧ ਪੂਰੇ ਹਨ, ਇਸ ਲਈ ਕਿਸਾਨਾਂ ਅਤੇ ਲੇਬਰ ਨੂੰ ਸ਼ੋਸ਼ਲ ਡਿਸਟੈਂਸਿਗ ਰੱਖਣ ਲਈ ਵਿਸ਼ੇਸ਼ ਹਿਦਾਇਤਾਂ ਕੀਤੀਆਂ ਗਈਆਂ ਹਨ, ਇਸੇ ਤਰਾਂ ਹੀ 12 ਫੀਸਦੀ ਤੋਂ ਵੱਧ ਨਮੀ ਵਾਲੀ ਟਰਾਲੀ ਦਅ ਮੰਡੀ ਵਿਚ ਐਂਟਰੀ ਨਹੀ ਹੋਣ ਦਿੱਤੀ ਜਾਵੇਗੀ, ਉਨਾਂ ਕਿਹਾ ਨੂੰ ਅਪੀਲ ਕੀਤੀ ਕਿ ਟੋਕਨ ਤੋਂ ਬਿਨਾਂ ਕਣਕ ਮੰਡੀ ਵੱਲ ਨਾ ਲਿਆਂਦੀ ਜਾਵੇ। ਇਸ ਦੌਰਾਨ ਜੇਕਰ ਕੋਈ ਵੀ ਸਰਕਾਰ ਵੱਲੋਂ ਤਹਿ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਖ਼ਿਲਾਫ਼ ਸਖ਼ਤ ਕਾਰਵਾਈ ਅਮਲ ਵਿਚ ਲਿਆਂਦੀ ਜਾਵੇਗੀ। ਇਸ ਮੌਕੇ ਮੰਡੀ ਸੁਪਰਵਾਈਜ਼ਰ ਫਤਿਹ ਸਿੰਘ, ਮੁਨੀਮ ਯੂਨੀਅਨ ਦੇ ਪ੍ਰਧਾਨ ਹਰਮੇਸ਼ ਬੱਤਾ ਆਦਿ ਹਾਜ਼ਰ ਸਨ।

Share This :

Leave a Reply