ਸੁਨਾਮ ਊਧਮ ਸਿੰਘ ਵਾਲਾ (ਅਜੈਬ ਸਿੰਘ ਮੋਰਾਂਵਾਲੀ ) ਸਥਾਨਕ ਗੁਰੂ ਨਾਨਕ ਦੇਵ ਡੈਂਟਲ ਕਾਲਜ ਵਿੱਚ ਸ੍ਰੀ ਹਜ਼ੂਰ ਸਾਹਿਬ ਤੋਂ ਆਏ ਸ਼ਰਧਾਲੂਆਂ ਨੂੰ ਕੁਝ ਦਿਨ ਪਹਿਲਾਂ ਇਕਾਂਤਵਾਸ ਕੀਤਾ ਗਿਆ ਸੀ। ਸਿਹਤ ਵਿਭਾਗ ਵੱਲੋਂ 51 ਸ਼ਰਧਾਲੂਆਂ ਦੀ ਰਿਪੋਰਟ ਭੇਜੀ ਗਈ ਸੀ। ਜਿਸ ਵਿੱਚੋਂ ਅੱਜ 49 ਵਿਅਕਤੀਆਂ ਦੀ ਰਿਪੋਰਟ ਸਾਹਮਣੇ ਆਈ ਹੈ ਜਿਨ੍ਹਾਂ ਵਿੱਚੋਂ 14 ਸ਼ਰਧਾਲੂਆਂ ਦੀ ਰਿਪੋਰਟ ਕੋਰੋਨਾ ਪਾਜ਼ਿਟਿਵ ਆਈ ਹੈ ਅਤੇ ਦੋ ਵਿਅਕਤੀਆਂ ਦੀ ਰਿਪੋਰਟ ਆਉਣੀ ਅਜੇ ਬਾਕੀ ਹੈ।
ਪਰ ਅੱਜ ਸਵੇਰੇ ਹੀ ਇਕ ਵਿਅਕਤੀ ਦੀ ਉੱਥੋਂ ਭੱਜਣ ਦੀ ਖਬਰ ਮਿਲੀ ਸੀ ਜਿਸ ਨੂੰ ਲੈ ਕੇ ਹੜਕੰਪ ਮਚ ਗਿਆ ਸੀ। ਭਾਵੇਂ ਕਿ ਸਿਹਤ ਵਿਭਾਗ ਅਤੇ ਪੁਲਸ ਵੱਲੋਂ ਮੁਸਤੈਦੀ ਦਿਖਾਉਂਦੇ ਹੋਏ ਉਸ ਨੂੰ ਫੜ ਲਿਆ ਗਿਆ। ਇਕਾਂਤਵਾਸ ਚੋਂ ਭੱਜਣ ਵਾਲੇ ਵਿਅਕਤੀ ਦੀ ਰਿਪੋਰਟ ਵੀ ਕਰੋਨਾ ਪਾਜ਼ਟਿਵ ਆਈ ਹੈ। ਇਕਾਂਤਵਾਸ ਚੋਂ ਭੱਜਣ ਤੋਂ ਬਾਅਦ ਇਹ ਵਿਅਕਤੀ ਕਿਨ੍ਹਾਂ ਲੋਕਾਂ ਦੇ ਸੰਪਰਕ ਵਿੱਚ ਆਇਆ ਹੋਵੇਗਾ ਇਹ ਵੀ ਇੱਕ ਚਿੰਤਾ ਦਾ ਵਿਸ਼ਾ ਹੈ। ਜਦੋਂ ਇਸ ਸਬੰਧੀ ਸਥਾਨਕ ਸਿਵਲ ਹਸਪਤਾਲ ਦੇ ਸਮੂਹ ਡਾਕਟਰ ਸੰਜੇ ਕਾਮਰਾ ਨਾਲ ਫੋਨ ਤੇ ਗੱਲਬਾਤ ਕੀਤੀ ਤਾਂ ਤਾਂ ਉਨ੍ਹਾਂ ਕਿਹਾ ਕਿ ਜਿਹੜੇ 14 ਵਿਅਕਤੀ ਕਰੋਨਾ ਪਾਜ਼ਿਟਿਵ ਹਨ ਉਨ੍ਹਾਂ ਵਿੱਚੋਂ ਦਸ ਵਿਅਕਤੀਆਂ ਨੂੰ ਸਥਾਨਕ ਹਸਪਤਾਲ ਵਿਖੇ ਹੀ ਆਈਸੋਲੇਟ ਕੀਤਾ ਕੀਤਾ ਗਿਆ ਹੈ ਅਤੇ ਬਾਕੀ ਦੇ ਚਾਰ ਵਿਅਕਤੀਆਂ ਨੂੰ ਸੰਗਰੂਰ ਜਾਂ ਮਾਲੇਰਕੋਟਲਾ ਰੈਫਰ ਕੀਤਾ ਜਾਵੇਗਾ ।
ਇਸ ਸਬੰਧੀ ਜਦੋਂ ਡੀ. ਐੱਸ. ਪੀ. ਸੁਖਵਿੰਦਰ ਪਾਲ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਪੁਲਸ ਪਾਰਟੀ ਵੱਲੋਂ ਦਿਲਬਰ ਖਾਨ ਨਾਮ ਦੇ ਇਸ ਮਰੀਜ਼ ਨੂੰ ਪਿੰਡ ਉੱਭਾਵਾਲ ਤੋਂ ਮਹਿਜ਼ ਦੋ ਘੰਟਿਆਂ ਵਿਚ ਹੀ ਫੜ੍ਹ ਲਿਆ ਗਿਆ ਹੈ ਅਤੇ ਇਸ ਦੇ ਸੰਪਰਕ ‘ਚ ਆਉਣ ਵਾਲੇ ਵਿਅਕਤੀਆਂ ਦੀ ਵੀ ਜਾਣਕਾਰੀ ਹਾਸਲ ਕੀਤੀ ਜਾ ਰਹੀ ਹੈ। ਉਸ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ