
ਬ੍ਰਿਸਬੇਨ (ਹਰਜੀਤ ਲਸਾੜਾ) ਆਸਟ੍ਰੇਲੀਆਈ ਗ੍ਰਹਿ ਮਾਮਲਿਆਂ ਬਾਰੇ ਮੰਤਰੀ ਪੀਟਰ ਡੱਟਨ ਨੂੰ ਸ਼ੁੱਕਰਵਾਰ ਦੁਪਿਹਰ ਕੋਰੋਨਾਵਾਇਰਸ (ਕੋਵਿਡ-19) ਲਈ ਸਕਾਰਾਤਮਕ ਟੈਸਟ ਕਰਨ ਤੋਂ ਬਾਅਦ ਸੂਬਾ ਕੁਈਨਜ਼ਲੈਂਡ ਦੇ ਇੱਕ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਨੇ ਆਪਣੀ ਟਵੀਟ ‘ਚ ਕਿਹਾ ਕਿ, “ਮੈਂ ਅੱਜ ਸਵੇਰੇ ਤਾਪ ਅਤੇ ਗਲ਼ੇ ਦੀ ਸੋਜ ਨਾਲ ਉੱਠਿਆ। ਕੁਈਨਜ਼ਲੈਂਡ ਹੈਲਥ ਦੀ ਨੀਤੀ ਹੈ ਕਿ ਜਿਹੜਾ ਵੀ ਵਿਅਕਤੀ ਸਕਾਰਾਤਮਕ ਟੈਸਟ ਕਰਦਾ ਹੈ ਉਸਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਜਾਵੇ ਅਤੇ ਮੈਂ ਉਨ੍ਹਾਂ ਦੀ ਸਲਾਹ ਦੀ ਪਾਲਣਾ ਕੀਤੀ।” ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਦਿੱਤੀ ਸਲਾਹ ਵਿੱਚ ਡਿਪਟੀ ਚੀਫ਼ ਮੈਡੀਕਲ ਅਫ਼ਸਰ ਨੇ ਦੁਹਰਾਇਆ ਕਿ ਉਹ ਲੋਕ ਜਿਨ੍ਹਾਂ ਮੰਤਰੀ ਨਾਲ ਨਜ਼ਦੀਕੀ ਸੰਪਰਕ ਕੀਤਾ ਸੀ, ਉਹਨਾਂ ਦੀ ਸਹਿਤ ਦੀ ਵੀ ਅਲੱਗ ਜਾਂਚ ਜ਼ਰੂਰਤ ਬਣ ਗਈ ਹੈ। ਉੱਧਰ ਕੋਰੋਨਾ ਦੇ ਇਨਫੈਕਸ਼ਨ ਨੂੰ ਧਿਆਨ ਵਿਚ ਰੱਖਦੇ ਹੋਏ ਆਸਟ੍ਰੇਲੀਆ ਪੂਰੀ ਤਰ੍ਹਾਂ ਸਾਵਧਾਨ ਹੋ ਚੁੱਕਾ ਹੈ। ਪ੍ਰਧਾਨ ਮੰਤਰੀ ਸਕੌਟ ਮੌਰੀਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ 500 ਤੋਂ ਵੱਧ ਸਮੂਹਾਂ ਵਿਚ ਇਕੱਠੇ ਨਾ ਹੋਣ। ਇਹ ਅਪੀਲ ਇੱਥੋਂ ਦੇ ਸਿਹਤ ਅਧਿਕਾਰੀਆਂ ਦੀ ਚਿਤਾਵਨੀ ਦੇ ਬਾਅਦ ਕੀਤੀ ਗਈ। ਆਸਟ੍ਰੇਲੀਆ ਵਿਚ ਹੁਣ ਤੱਕ ਇਸ ਵਾਇਰਸ ਸਬੰਧੀ 156 ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ 3 ਲੋਕਾਂ ਦੀ ਮੌਤ ਹੋ ਚੁੱਕੀ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਲੱਗਭੱਗ 90 ਦੇਸ਼ਾਂ ਤੋਂ ਵੱਧ ਦੇਸ਼ਾਂ ‘ਚ ਫੈਲ ਚੁੱਕਾ ਕੋਰੋਨਾ ਵਾਇਰਸ ਹੁਣ ਬਿਮਾਰੀ ਤੋਂ ਇਕ ਮਹਾਂਮਾਰੀ ਦਾ ਰੂਪ ਧਾਰਨ ਕਰ ਤੇਜ਼ੀ ਨਾਲ ਫੈਲ ਰਿਹਾ ਹੈ।
ਕੋਰੋਨਾ ਤੋਂ ਪੀੜਤ ਹੋਣ ਵਾਲੇ ਲੋਕਾਂ ਦੀ ਵੱਧਦੀ ਗਿਣਤੀ ਨੂੰ ਦੇਖਦਿਆਂ ਹੁਣ ਆਸਟ੍ਰੇਲੀਆ ਨੇ ਵੀ ਘੁੰਮਣ ਫਿਰਨ ਲਈ ਆਉਣ ਵਾਲੇ ਅੰਤਰਰਾਸ਼ਟਰੀ ਸੈਲਾਨੀਆਂ ਤੇ ਦਾਖਲਾ ਪਾਬੰਦੀ ਲਗਾ ਦਿੱਤੀ ਹੈ ਅਤੇ ਨਾਲ ਹੀ ਦੇਸ਼ ਈਰਾਨ, ਚੀਨ, ਦੱਖਣੀ ਕੋਰੀਆ ਅਤੇ ਇਟਲੀ ਤੇ ਮੌਜੂਦਾ ਯਾਤਰਾ ਪਾਬੰਦੀਆਂ ਨੂੰ ਇਕ ਹੋਰ ਹਫ਼ਤੇ ਲਈ ਵਧਾ ਦਿੱਤਾ ਗਿਆ। ਕਰੋਨਾ ਵਾਇਰਸ ਦੇ ਪ੍ਰਕੋਪ ਦੇ ਚੱਲਦਿਆਂ ਆਸਟ੍ਰੇਲੀਆ ਦੀ ਆਰਥਿਕਤਾ ਨੂੰ ਭਾਰੀ ਨੁਕਸਾਨ ਪਹੁੰਚਿਆ ਹੈ ਅਤੇ ਇਸ ਆਰਥਿਕ ਮੰਦੀ ਨੂੰ ਰੋਕਣ ਲਈ ਆਸਟਰੇਲੀਆ ਫੈਡਰਲ ਸਰਕਾਰ ਨੇ 17.6 ਬਿਲੀਅਨ ਡਾਲਰ ਰਾਸ਼ੀ ਦਾ ਪੈਕੇਜ ਜਾਰੀ ਕੀਤਾ ਹੈ। ਆਸਟ੍ਰੇਲੀਅਨ ਸੈਂਨਸੈਕਸ (ਏਐਸਐਕਸ) ਪਿਛਲੇ ਤਿੰਨ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ‘ਤੇ ਚਲਾ ਗਿਆ ਹੈ । ਆਸਟਰੇਲੀਆ ਦੇ ਲੋਕਾਂ ਨੂੰ ਨੌਕਰੀਆਂ ਵਿਚ ਰੱਖਣ ਦੀ ਕੋਸ਼ਿਸ਼ ਵਿਚ ਪ੍ਰਧਾਨ ਮੰਤਰੀ ਸਕਾਟ ਮੌਰਿਸਨ ਅਤੇ ਖਜ਼ਾਨਾ ਮੰਤਰੀ ਜੋਸ਼ ਫਰਾਈਡਨਬਰਗ ਨੇ ਭੁਗਤਾਨ ਦਾ ਐਲਾਨ ਕੀਤਾ ਕਿ 60 ਲੱਖ ਤੋਂ ਵੱਧ ਭਲਾਈ ਪ੍ਰਾਪਤ ਕਰਨ ਵਾਲਿਆਂ ਨੂੰ 31 ਮਾਰਚ ਤੋਂ ਯਕਮੁਕਤ 750 ਡਾਲਰ ਦੀ ਨਕਦ ਅਦਾਇਗੀ ਮਿਲੇਗੀ। ਇਨ੍ਹਾਂ ਵਿਚ ਪੈਨਸ਼ਨਰ, ਦੇਖਭਾਲ ਕਰਨ ਵਾਲੇ, ਬਜ਼ੁਰਗ ਪਰਿਵਾਰ, ਨੌਜ਼ਵਾਨ ਅਤੇ ਨੌਕਰੀ ਲੱਭਣ ਵਾਲੇ ਸ਼ਾਮਲ ਹਨ। ਮੌਰਿਸਨ ਨੇ ਮੀਡੀਆ ਨੂੰ ਦੱਸਿਆ ਕਿ ਲਾਭਪਾਤਰੀਆਂ ਨੂੰ ਪੈਸੇ ਇਸ ਢੰਗ ਨਾਲ ਖਰਚਣ ਲਈ ਉਤਸ਼ਾਹਤ ਕਰਨ ਲਈ ਤਿਆਰ ਕੀਤਾ ਗਿਆ ਹੈ , ਜਿਸ ਨਾਲ ਅਰਥ ਵਿਵਸਥਾ ਨੂੰ ਉਤਸ਼ਾਹ ਮਿਲੇ। ਬਹੁਤ ਸਾਰੇ ਛੋਟੇ ਅਤੇ ਦਰਮਿਆਨੇ ਕਾਰੋਬਾਰਾਂ ਨੂੰ ਭੁਗਤਾਨ ਵੀ ਮਿਲੇਗਾ। ਇਹ ਰਕਮ ਘੱਟ ਤੋਂ ਘੱਟ 2000 ਡਾਲਰ ਅਤੇ ਵੱਧ ਤੋਂ ਵੱਧ 25000 ਡਾਲਰ ਹੋਵੇਗੀ, ਜਿਹੜੀ ਤਨਖਾਹ ਦਾ ਭੁਗਤਾਨ ਕਰਨ ਜਾਂ ਸਟਾਫ ਨੂੰ ਕਿਰਾਏ ‘ਤੇ ਲੈਣ ਲਈ 700,000 ਤੋਂ ਵੱਧ ਕਾਰੋਬਾਰਾਂ ਨੂੰ ਦਿੱਤਾ ਜਾਵੇਗਾ। ਇਹ ਉਪਾਅ ਭੁਗਤਾਨ ਯੋਜਨਾ ਦਾ ਸਭ ਤੋਂ ਵੱਡਾ ਹੈ ਅਤੇ ਇਸਦਾ ਅਨੁਮਾਨ ਲਗਭਗ 6.7 ਬਿਲੀਅਨ ਹੈ। ਸਪੋਰਟਿੰਗ ਅਪਰੈਂਟਸਿਪ ਲਈ 1.3 ਬਿਲੀਅਨ ਡਾਲਰ ਰੱਖਿਆ ਗਿਆ ਹੈ ।




















